ਆਰਸੈਟੀ ਦੇ ਸਹਿਯੋਗ ਨਾਲ ਬੰਦੀਆਂ ਨੂੰ ਅਲੱਗ-ਅਲੱਗ ਕੰਮਾਂ ‘ਚ ਮਾਹਰ ਬਣਾਉਣ ਲਈ ਸ਼ੁਰੂ ਕੀਤਾ ਗਿਆ ਪ੍ਰੋਗਰਾਮ : ਜੇਲ ਸੁਪਰਡੈਂਟ
ਬਲਵਿੰਦਰ ਪਾਲ , ਪਟਿਆਲਾ, 15 ਫਰਵਰੀ:2021
ਕੇਂਦਰੀ ਜੇਲ ਪਟਿਆਲਾ ਵੱਲੋਂ ਬੰਦੀਆਂ ਦੇ ਪੁਨਰਵਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਭਾਰਤੀ ਸਟੇਟ ਬੈਂਕ ਦੀ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ (ਆਰਸੈਟੀ) ਦੇ ਸਹਿਯੋਗ ਨਾਲ ਬੰਦੀ ਔਰਤਾਂ ਲਈ ਵਿਸ਼ੇਸ਼ ਹੁਨਰ ਅਤੇ ਵੱਖ-ਵੱਖ ਸਕਿਲ ‘ਚ ਨਿਪੁੰਨ ਕਰਨ ਲਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਜਿਸ ਤਹਿਤ ਬੰਦੀ ਔਰਤਾਂ ਨੂੰ ਜੂਟ ਤੋਂ ਵੱਖ-ਵੱਖ ਵਸਤੂ ਜਿਸ ‘ਚ ਜੂਟ ਫਾਈਲ, ਬੈਗ, ਹੈਂਡ ਬੈਗ ਤੇ ਜੂਟ ਤੋਂ ਤਿਆਰ ਕੀਤੇ ਜਾਂਦੇ ਸਜਾਵਟੀ ਸਮਾਨ ਤਿਆਰ ਕਰਨ ਦੀ ਟਰੇਨਿੰਗ ਸ਼ੁਰੂ ਕੀਤੀ ਗਈ ਹੈ।
ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਯਤਨਾਂ ਸਦਕਾ ਸ਼ੁਰੂ ਕੀਤੇ ਗਏ ਇਸ 13 ਦਿਨਾਂ ਟਰੇਨਿੰਗ ਕੋਰਸ ਨੂੰ ਪੂਰਾ ਕਰਨ ਵਾਲੀਆਂ ਔਰਤਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ ਅਤੇ ਇਨ੍ਹਾਂ ਬੰਦੀਆਂ ਨੂੰ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਆਪਣਾ ਕੰਮ ਸ਼ੁਰੂ ਕਰਨ ‘ਤੇ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਕਰਜ਼ੇ ਦੀ ਵੀ ਸਹੂਲਤ ਦਿੱਤੀ ਜਾਵੇਗੀ ਜਿਸ ‘ਚ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਵਿਸ਼ੇਸ਼ ਛੋਟ ਵੀ ਸ਼ਾਮਲ ਹੋਣਗੀਆਂ।ਅੱਜ ਕੇਂਦਰੀ ਜੇਲ ਪਟਿਆਲਾ ਵਿਖੇ ਇਸ ਟਰੇਨਿੰਗ ਕੈਂਪ ਦੀਆਂ ਸ਼ੁਰੂਆਤ ਮੌਕੇ ਪੁੱਜ ਜੇਲ ਸੁਪਰਡੈਂਟ ਸ. ਸ਼ਿਵਰਾਜ ਸਿੰਘ ਨੰਦਗੜ੍ਹ ਨੇ ਕਿਹਾ ਕਿ ਅਜਿਹੇ ਟਰੇਨਿੰਗ ਕੋਰਸ ਬੰਦੀਆਂ ਦੇ ਪੁਨਰਵਾਸ ‘ਚ ਸਹਾਈ ਹੋਣਗੇ ਅਤੇ ਬੰਦੀ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਆਪਣਾ ਕੰਮ ਸ਼ੁਰੂ ਕਰਨ ਦੇ ਸਮਰੱਥ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰੀ ਜੇਲ ‘ਚ ਆਉਣ ਵਾਲੇ ਸਮੇਂ ‘ਚ ਵੀ ਬੰਦੀਆਂ ਦੇ ਪੁਨਰਵਾਸ ਲਈ ਹੋਰ ਉਪਰਾਲੇ ਕੀਤੇ ਜਾਣਗੇ।
ਇਸ ਮੌਕੇ ਡਿਪਟੀ ਸੁਪਰਡੈਂਟ ਸ੍ਰੀ ਇੰਦਰਜੀਤ ਸਿੰਘ ਕਾਹਲੋਂ, ਡਿਪਟੀ ਸੁਪਰਡੈਂਟ ਸ੍ਰੀ ਵਿਜੈ ਕੁਮਾਰ, ਡਿਪਟੀ ਸੁਪਰਡੈਂਟ ਅੰਡਰ ਟਰੇਨਿੰਗ ਸ੍ਰੀ ਹਰਜੋਤ ਸਿੰਘ ਕਲੇਰ, ਸਹਾਇਕ ਸੁਪਰਡੈਂਟ ਸ੍ਰੀ ਜਗਜੀਤ ਸਿੰਘ, ਸ੍ਰੀ ਹਰਸ਼ਬੀਰ ਸਿੰਘ, ਸਟੇਟ ਡਾਇਰੈਕਟਰ ਪੰਜਾਬ (ਆਰਸੈਟੀ), ਸ੍ਰੀ ਪੀ.ਐਸ ਆਨੰਦ, ਲੀਡ ਜ਼ਿਲਾ ਮੈਨੇਜਰ ਸ੍ਰੀ ਰਾਜੀਵ ਸਰਹਿੰਦੀ, ਸ੍ਰੀਮਤੀ ਸਿੰਪੀ ਸਿੰਗਲਾ, ਸ੍ਰੀਮਤੀ ਸੁਖਵਿੰਦਰ ਕੌਰ ਅਤੇ ਸ. ਚੰਦਨ ਪੁਨੀਤ ਸਿੰਘ ਵੀ ਮੌਕੇ ‘ਤੇ ਮੌਜੂਦ ਸਨ।