ਟੂਲ-ਕਿੱਟ ਦਾ ਬਹਾਨਾ ਬਣਾ ਕੇ ਦੇਸ਼ ਵਿਚ ਦਹਿਸ਼ਤ ਦਾ ਮਾਹੌਲ ਸਿਰਜਣਾ ਚਾਹੁੰਦੀ ਹੈ ਕੇਂਦਰ ਸਰਕਾਰ-ਕਿਸਾਨ ਆਗੂ

Advertisement
Spread information

ਹਰਿੰਦਰ ਨਿੱਕਾ , ਬਰਨਾਲਾ 15 ਫਰਵਰੀ 2021
             ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੁੰ ਲੈ ਕੇ ਬਰਨਾਲਾ ਰੇਲਵੇ ਸਟੇਸ਼ਨ ‘ਤੇ 30 ਕਿਸਾਨ ਜਥੇਬੰਦੀਆਂ ਦੇ ਸਾਂਝੇ ਧਰਨੇ ਵਿੱਚ ਅੱਜ ਬੰਗਲੌਰ ਦੀ ਵਾਤਾਵਰਨਿਕ ਕਾਰਕੁੰਨ ਦਿਸ਼ਾ ਰਵੀ ਦੀ ਗਿ੍ਰਫਤਾਰੀ ਦਾ ਮਾਮਲਾ ਛਾਇਆ ਰਿਹਾ। ਧਰਨੇ ਨੂੰ  ਹਰਚਰਨ ਚੰਨਾ, ਅਮਰਜੀਤ ਕੌਰ, ਕਾਕਾ ਸਿੰਘ ਫਰਵਾਹੀ, ਗੁਰਮੇਲ ਸ਼ਰਮਾ,ਅਜਮੇਰ ਸਿੰਘ ਮਹਿਲ ਕਲਾਂ, ਕਰਨੈਲ ਸਿੰਘ ਗਾਂਧੀ ਅਤੇ ਬਲਵੰਤ ਸਿੰਘ ਉਪਲੀ ਨੇ ਸੰਬੋਧਨ ਕੀਤਾ।

           ਬੁਲਾਰਿਆਂ ਨੇ ਦੱਸਿਆ ਕਿ ਵਾਤਾਵਰਨ ਦੀ ਸੰਭਾਲ ਲਈ ਕੰਮ ਕਰਨ ਵਾਲੀ ਸੰਸਾਰ ਪ੍ਰਸਿੱਧ ਕਾਰਕੁੰਨ ਅਤੇ ਇਸ ਸਾਲ ਦੇ ਨੋਬਲ ਪੀਸ ਪਰਾਈਜ਼ ਲਈ ਨਾਮਜ਼ਦ ਗਰੇਟਾ ਥਨਬਰਗ ਨੇ ਜਦ ਭਾਰਤ ਦੇ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਹਰਾ ਮਾਰਿਆ ਸੀ ਤਾਂ ਇਕ ਟੂਲ-ਕਿੱਟ ਆਪਣੇ ਟਵੀਟ ਨਾਲ ਨੱਥੀ ਕੀਤੀ ਸੀ। ਇਸ ਟੂਲ-ਕਿੱਟ ਸ਼ਬਦ ਨੂੰ ਸਰਕਾਰ ਹਥਿਆਰਾਂ ਦਾ ਕੋਈ ਜਖ਼ੀਰਾ ਹੋਣ ਵਜੋਂ ਪੇਸ਼ ਕਰ ਰਹੀ ਹੈ। ਅਸਲ ਵਿਚ ਸ਼ੋਸ਼ਲ ਮੀਡੀਏ ਰਾਹੀਂ ਸ਼ਾਤਮਈ ਵਿਰੋਧ-ਪ੍ਰਦਰਸ਼ਨ ਕਰਨ ਲਈ ਕੀਤੀਆਂ ਜਾਣ ਵਾਲੀਆਂ ਸਰਗਰਮੀਆਂ ਦੀ ਸੂਚੀ ਨੂੰ ਟੂਲ-ਕਿੱਟ ਕਹਿ ਦਿਤਾ ਜਾਂਦਾ ਹੈ। ਇਸ ਸੂਚੀ ਤੋਂ ਬਗ਼ੈਰ ਵੀ ਤਾਂ ਅਸੀਂ ਇਹ ਸਰਗਰਮੀਆਂ ਕਰਦੇ ਹੀ ਹਾਂ। ਸ਼ੋਸ਼ਲ ਮੀਡੀਏ ਦੇ ਇਸ ਯੁੱਗ ਵਿਚ ਟਵਿਟਰ ਉਪਰ ਚਲਾਈਆਂ ਜਾਣ ਵਾਲੀਆਂ ਹੈਸ਼ਟੈਗ ਮੁਹਿੰਮਾਂ, ਆਨ-ਲਾਈਨ ਚੇਂਜ਼ ਪਟੀਸ਼ਨਾਂ, ਈ-ਮੇਲ ਮੁਹਿੰਮਾਂ, ਵਟਸਐਪ ਸੁਨੇਹਿਆਂ ਰਾਹੀਂ ਲੋਕ ਹਾਕਮਾਂ ਤੱਕ ਆਪਣੀ ਆਵਾਜ਼ ਪਹੁੰਚਦੀ ਕਰਦੇ ਹਨ।

Advertisement

           ਵਿਰੋਧ ਪ੍ਰਦਰਸ਼ਨ ਦਾ ਇਹ ਪੂਰੀ ਤਰਾਂ ਸ਼ਾਤਮਈ ਤੇ ਕਾਨੂੰਨੀ ਤਰੀਕਾ ਹੈ। ਇਸ ਵਿਚ ਕੁੱਝ ਵੀ ਗਲਤ ਨਹੀਂ ਹੈ। ਪਰ ਸਰਕਾਰ ਇਸ ਨੂੰ ਇਉਂ ਪੇਸ਼ ਕਰ ਰਹੀ ਹੈ ਜਿਵੇਂ ਗਰੇਟਾ ਥਨਬਰਗ ਨੇ ਕੋਈ ਖਤਰਨਾਕ ਹਥਿਆਰਾਂ ਦਾ ਜਖ਼ੀਰਾ ਭੇਜ ਦਿੱਤਾ ਹੋਵੇ। ਦੋ ਦਿਨ ਪਹਿਲਾਂ ਸਰਕਾਰ ਨੇ ਇਸ ਟੂਲ-ਕਿਟ ਨੂੰ ਐਡਿਟ ਕਰਨ ਤੇ ਅਗਾਂਹ ਫਾਰਵਰਡ ਕਰਨ ਦੇ ਦੋਸ਼ ਹੇਠ 21 ਸਾਲਾ ਵਾਤਾਵਰਨਿਕ ਕਾਰਕੁੰਨ ਦਿਸ਼ਾ ਰਵੀ ਨੂੰ ਬੰਗਲੌਰ ਤੋਂ ਗਿ੍ਰਫਤਾਰ ਕਰ ਲਿਆ ਅਤੇ ਹੁਣ ਮੁੰਬਈ ਦੀ ਇਕ ਨੌਜਵਾਨ ਐਡਵੋਕੇਟ ਨਿਕਿਤਾ ਜੈਕਬ ਅਤੇ ਇਕ ਹੋਰ ਕਾਰਕੁੰਨ ਸਾਂਤਨੂੰ ਵਿਰੁੱਧ ਗ਼ੈਰ-ਜਮਾਨਤੀ ਵਾਰੰਟ ਜਾਰੀ ਕਰ ਦਿਤੇ ਹਨ। ਸਰਕਾਰ ਡਰ ਦਾ ਮਾਹੌਲ ਪੈਦਾ ਕਰਕੇ ਮੌਜੂਦਾ ਕਿਸਾਨ ਅੰਦੋਲਨ ਦੇ ਸਮਰਥਕਾਂ ਨੂੰ ਅੰਦੋਲਨ ਤੋਂ ਲਾਂਭੇ ਕਰਨਾ ਚਾਹੁੰਦੀ ਹੈ। ਪਰ ਲੋਕ ਸਰਕਾਰ ਦੇ ਡਰਾਵਿਆਂ ਕਾਰਨ ਆਪਣੀ ਮੰਗ ਤੋਂ ਪਿਛੇ ਹਟਣ ਵਾਲੇ ਨਹੀਂ ਹਨ। ਅਸਲ ਵਿਚ ਸਰਕਾਰ ਇਖਲਾਕੀ ਤੌਰ ‘ਤੇ ਹਾਰ ਚੁੱਕੀ ਹੈ ਅਤੇ ਅਜਿਹੇ ਘਟੀਆ ਹੱਥਕੰਢਿਆਂ ਦਾ ਸਹਾਰਾ ਲੈ ਰਹੀ ਹੈ। ਗ਼ੈਰ-ਕਿਸਾਨੀ ਤਬਕਿਆਂ ਨੂੰ ਵੀ ਸਮਝ ਆ ਚੁੱਕੀ ਹੈ ਕਿ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਕਾਰਨ ਉਨ੍ਹਾਂ ਦੀ ਜ਼ਿੰਦਗੀ ਵੀ ਬਦਤਰ ਹੋ ਜਾਣ ਰਹੀ ਹੈ।

            ਹਰ ਦਿਨ ਹੋਰ ਵਧੇਰੇ ਤਬਕੇ ਤੇ ਲੋਕ ਇਸ ਲੋਕ ਅੰਦੋਲਨ ਦਾ ਹਿੱਸਾ ਬਣਦੇ ਜਾ ਰਹੇ ਹਨ। ਸਰਕਾਰ ਲਈ ਬਿਹਤਰ ਇਹੀ ਰਹੇਗਾ ਕਿ ਇਹ ਜਲਦੀ ਤੋਂ ਜਲਦੀ ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰੇ ਅਤੇ ਐਸਐਸਪੀ ਦੀ ਗਾਰੰਟੀ ਦੇਣ ਵਾਲਾ ਇਕ ਨਵਾਂ ਕਾਨੂੰਨ ਲੈ ਕੇ ਆਵੇ। ਕਿਸਾਨ ਹੁਣ ਕਾਨੂੰਨ ਵਾਪਸੀ ਤੋਂ ਬਗ਼ੈਰ ਘਰ ਵਾਪਸੀ ਨਹੀਂ ਕਰਨਗੇ। ਆਪਣੇ ਹੱਕਾਂ ਲਈ ਘਰੋਂ ਨਿਕਲੇ ਲੋਕ ਸਰਕਾਰ ਦੀਆਂ ਗਿ੍ਰਫਤਾਰੀਆਂ ਤੇ ਗ਼ੈਰ-ਜਮਾਨਤੀ ਵਾਰੰਟਾਂ ਤੋਂ ਡਰਨ ਵਾਲੇ ਨਹੀਂ। ਅੱਜ ਧਰਨੇ ਵਿਚ ਗੁਰਬਖਸ਼ ਸਿੰਘ ਜੋਧਪੁਰ ਨੇ ਅੰਦੋਲਨਜੀਵੀ ਨਾਮ ਦਾ ਸੋਲੋ ਨਾਟਕ ਪੇਸ਼ ਕੀਤਾ ਅਤੇ ਪ੍ਰਧਾਨ-ਮੰਤਰੀ ਵਲੋਂ ਵਰਤੇ ਇਸ ਗ਼ੈਰ-ਮਿਆਰੀ ਸ਼ਬਦ ਨੂੰ ਭਾਰਤੀ ਆਜ਼ਾਦੀ ਘੁਲਾਟੀਆਂ ਦੀ ਤੌਹੀਨ ਕਰਨ ਦੇ ਤੁੱਲ ਦੱਸਿਆ। ਨਰਿੰਦਰ ਪਾਲ ਸਿੰਗਲਾ, ਜੁਗਰਾਜ ਸਿੰਘ ਹਮੀਦੀ, ਗੁਰਦੇਵ ਸਿੰਘ ਕਰਾੜਵਾਲਾ ਵਤੇ ਬਹਾਦਰ ਸਿੰਘ ਕਾਲ ਧਨੌਲਾ ਨੇ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ।

Advertisement
Advertisement
Advertisement
Advertisement
Advertisement
error: Content is protected !!