ਸੰਘੇੜਾ-ਕਰਮਗੜ੍ਹ ਰੋਡ ਤੋਂ ਹੋਈ ਲੁੱਟ-ਖੋਹ ਦੀ ਵਾਰਦਾਤ , ਕੇਸ ਦਰਜ਼ ਕਰਨ ਵਿੱਚ ਫਸਿਆ ਰਿਹਾ ਹੱਦਬੰਦੀ ਦਾ ਪੇਚ
ਪਲਾਟ ਦੀ ਰਜਿਸਟਰੀ ਦੇ ਪੈਸੇ ਲੈ ਕੇ ਸੋਮਾ ਸਿੰਘ ਜਾ ਰਿਹਾ ਸੀ ਘਰ
ਹਰਿੰਦਰ ਨਿੱਕਾ , ਬਰਨਾਲਾ 10 ਫਰਵਰੀ 2021
ਆਪਣੇ ਪਲਾਟ ਦੀ ਰਜਿਸਟਰੀ ਕਰਵਾ ਕੇ ਘਰ ਮੁੜ ਰਹੇ ਸੋਮਾ ਸਿੰਘ ਤੋਂ 3 ਮੋਟਰ ਸਾਇਕਲਾਂ ਤੇ ਸਵਾਰ ਹੋ ਕੇ ਆਏ 6 ਲੁਟੇਰੇ 1 ਲੱਖ 80 ਹਜ਼ਾਰ ਰੁਪਏ ਦੀ ਰਾਸ਼ੀ ਖੋਹ ਕੇ ਫਰਾਰ ਹੋ ਗਏ। ਪੁਲਿਸ ਨੇ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ, ਉਨਾਂ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਸੋਮਾ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਪਿੰਡ ਕੁਠਾਲਾ ਨੇ ਦੱਸਿਆ ਕਿ ਉਹ ਆਪਣੇ ਮੋਟਰ ਸਾਈਕਲ ਤੇ ਸਵਾਰ ਹੋ ਕੇ 8 ਫਰਵਰੀ ਦੀ ਸ਼ਾਮ ਕਰੀਬ 4 ਵਜੇ ਆਪਣੇ ਪਲਾਟ ਦੀ ਰਜਿਸਟਰੀ ਕਰਵਾ ਕੇ 1 ਲੱਖ 80 ਹਜ਼ਾਰ ਰੁਪਏ ਦੀ ਰਕਮ ਲੈ ਕੇ ਆਪਣੇ ਪਿੰਡ ਜਾਣ ਲਈ ਸੰਘੇੜਾ-ਕਰਮਗੜ ਰੋਡ ਤੇ ਵਾਪਿਸ ਜਾ ਰਿਹਾ ਸੀ। ਤਾਂ 3 ਮੋਟਰ ਸਾਇਕਲਾਂ ਤੇ ਸੜ੍ਹਕ ਉੱਪਰ ਖੜ੍ਹੇ 6 ਅਣਪਛਾਤੇ ਲੁਟੇਰਿਆਂ ਨੇ ਉਸ ਨੂੰ ਹੇਠਾਂ ਸੁੱਟ ਲਿਆ। ਅਤੇ ਮੇਰੀ ਪੈਂਟ ਦੀ ਜੇਬ ਵਿੱਚੋਂ 1 ਲੱਖ 80 ਹਜ਼ਾਰ ਰੁਪਏ ਨਗਦੀ ਕੱਢ ਕੇ ਫਰਾਰ ਹੋ ਗਏ।
ਹੱਦਬੰਦੀ ਦੀ ਉਲਝਣ ਕਾਰਣ ਕੇਸ ਦਰਜ਼ ਕਰਨ ‘ਚ ਹੋਈ ਦੇਰੀ,,
ਪ੍ਰਾਪਤ ਜਾਣਕਾਰੀ ਅਨੁਸਾਰ ਲੁੱਟ-ਖੋਹ ਦੀ ਘਟਨਾ ਵਾਲੀ ਥਾਂ ਦੀ ਪੁਲਿਸ ਕਾਰਵਾਈ ਲਈ ਹੱਦਬੰਦੀ ਦੀ ਉਲਝਣ ਕਾਰਣ ਜਿੱਥੇ ਕੇਸ ਦਰਜ਼ ਕਰਨ ਵਿੱਚ ਦੇਰੀ ਹੋਈ, ਉੱਥੇ ਹੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲਟੇਰਿਆਂ ਨੂੰ ਵੀ ਪੁਲਿਸ ਤੋਂ ਬਚ ਕੇ ਨਿਕਲਣ ਦਾ ਮੌਕਾ ਮਿਲ ਗਿਆ। ਸੰਘੇੜਾ-ਕਰਮਗੜ੍ਹ ਸੜ੍ਹਕ ਤੇ ਹੋਈ ਵਾਰਦਾਤ ਵਾਲੀ ਥਾਂ ਕਰਮਗੜ੍ਹ ਪਿੰਡ ਦੇ ਨੇੜੇ ਅਤੇ ਸੰਘੇੜਾ ਤੋਂ ਦੂਰ ਪੈਂਦੀ ਹੈ। ਸੋਮਾ ਸਿੰਘ ਵਗੈਰਾ ਨੂੰ ਵਾਰਦਾਤ ਤੋਂ ਬਾਅਦ ਇਹ ਪਤਾ ਨਹੀਂ ਲੱਗ ਸਕਿਆ ਕਿ ਘਟਨਾ ਖੇਤਰ ਥਾਣਾ ਸਿਟੀ ਵਿੱਚ ਪੈਂਦਾ ਹੈ ਜਾਂ ਫਿਰ ਥਾਣਾ ਠੁੱਲੀਵਾਲ। ਪਹਿਲਾਂ ਸੋਮਾ ਸਿੰਘ ਥਾਣਾ ਠੁੱਲੀਵਾਲ ਪਹੁੰਚਿਆਂ, ਪਰੰਤੂ ਵਾਰਦਾਤ ਵਾਲੀ ਥਾਂ ਦਾ ਮੁਆਇਨਾ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਘਟਨਾ ਵਾਲੀ ਥਾਂ ਥਾਣਾ ਸਿਟੀ 1 ਦੇ ਅਧੀਨ ਪੈਂਦੀ ਹੈ। ਫਿਰ ਸੋਮਾ ਸਿੰਘ ਨੇ ਸਿਟੀ ਪੁਲਿਸ ਨੂੰ ਸੂਚਿਤ ਕੀਤਾ।
ਖੰਗਾਲੀ ਜਾ ਰਹੀ , ਸੀਸੀਟੀਵੀ ਕੈਮਰਿਆਂ ਦੀ ਫੁਟੇਜ
ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਚਰਨਜੀਤ ਸਿੰਘ ਨੇ ਦੱਸਿਆ ਕਿ ਸ਼ਕਾਇਤ ਦੇ ਅਧਾਰ ਤੇ 6 ਅਣਪਛਾਤੇ ਲੁਟੇਰਿਆਂ ਖਿਲਾਫ ਅਧੀਨ ਜੁਰਮ 379 B/ 148/149 ਆਈਪੀਸੀ ਤਹਿਤ ਥਾਣਾ ਸਿਟੀ 1 ਵਿਖੇ ਕੇਸ ਦਰਜ਼ ਕਰਕੇ ਦੋਸ਼ੀਆਂ ਦੀ ਸ਼ਨਾਖਤ ਅਤੇ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਘਬਰਾਏ ਸੋਮਾ ਸਿੰਘ ਨੂੰ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਲੁਟੇਰੇ ਵਾਰਦਾਤ ਤੋਂ ਬਾਅਦ ਸੰਘੇੜਾ ਜਾਂ ਕਰਮਗੜ੍ਹ ਵੱਲ ਕਿੱਧਰ ਨੂੰ ਚਲੇ ਗਏ ਸਨ। ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।