ਸੀ.ਸੀ.ਟੀ.ਵੀ. ਕੈਮਰਿਆਂ ‘ਕੈਦ ਹੋਈ ਹਮਲਾਵਰਾਂ ਦੀ ਕਾਲੇ ਰੰਗ ਦੀ ਗੱਡੀ
ਹੁਡਦੰਗ-ਗੇਟ ਤੇ ਮਾਰ ਮਾਰ ਭੰਨ੍ਹੀਆਂ ਸ਼ਰਾਬ ਦੀਆਂ ਬੋਤਲਾਂ
ਹਰਿੰਦਰ ਨਿੱਕਾ , ਬਰਨਾਲਾ 3 ਫਰਵਰੀ 2021
ਸ਼ਹਿਰ ਅੰਦਰ ਗੁੰਡਾਗਰਦੀ ਦੀ ਇੰਤਹਾ ਹੋ ਚੁੱਕੀ ਹੈ,ਇਸ ਦਾ ਸੇਕ ਲੰਘੀ ਰਾਤ ਕਰੀਬ 11 ਵਜੇ,ਬਰਨਾਲਾ ਪੁਲਿਸ ਦੇ ਹੌਲਦਾਰ ਦੇ ਪਰਿਵਾਰ ਨੂੰ ਵੀ ਉਦੋਂ ਝੱਲਣਾ ਪਿਆ, ਜਦੋਂ ਇੱਕ ਕਾਰ ਵਿੱਚ ਸਵਾਰ ਹੋ ਕੇ ਆਏ ਗੁੰਡਿਆਂ ਨੇ ਹੌਲਦਾਰ ਬਲਵੀਰ ਸਿੰਘ ਦੀ ਗੈਰਹਾਜ਼ਰੀ ਵਿੱਚ ਉਸ ਦੇ ਘਰ ਉੱਪਰ ਹੱਲਾ ਬੋਲ ਦਿੱਤਾ। ਹੁੰਡਦੰਗਕਾਰੀਆਂ ਦੀ ਦਹਿਸ਼ਤ ਅੱਗੇ ਬੇਬੱਸ ਹੌਲਦਾਰ ਦੇ ਪਰਿਵਾਰ ਨੇ ਘਰ ਅੰਦਰ ਦੁਬਕੇ ਰਹਿ ਕੇ ਹੀ ਪੂਰੀ ਰਾਤ ਗੁਜਾਰੀ। ਸਹਿਮ ਇੱਨਾਂ ਕਿ ਪਰਿਵਾਰ ਨੇ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਵੀ ਨਹੀਂ ਦਿੱਤੀ।
ਬਰਨਾਲਾ ਹੰਡਿਆਇਆ ਰੋਡ ਤੇ ਸਥਿਤ ਬਾਬਾ ਦੀਪ ਸਿੰਘ ਨਗਰ ਦੀ ਗਲੀ ਨੰਬਰ 2 ਦੀ ਵਾਸੀ ਹੌਲਦਾਰ ਦੀ ਪਤਨੀ ਰੁਪਿੰਦਰ ਪਾਲ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਹੌਲਦਾਰ ਬਲਵੀਰ ਸਿੰਘ ਸਹਿਜੜਾ ਬਰਨਾਲਾ ਵਿਖੇ ਹੀ ਨੌਕਰੀ ਕਰਦਾ ਹੈ। ਪਰੰਤੂ ਲੰਘੀ ਰਾਤ ਉਹ ਘਰ ਨਹੀਂ ਸੀ ਅਤੇ ਪੂਰਾ ਪਰਿਵਾਰ ਸੌਂ ਰਿਹਾ ਸੀ, ਅਚਾਣਕ ਹੀ ਕਰੀਬ 11 ਵਜੇ ਉਨਾਂ ਗੇਟ ਦੇ ਖੜ੍ਹਕਣ ਦੀ ਜੋਰਦਾਰ ਅਵਾਜ ਸੁਣਾਈ ਦਿੱਤੀ। ਜਦੋਂ ਉਸ ਨੇ ਉੱਠ ਕੇ ਦਖਿਆ ਤਾਂ ਦੇਖਦਿਆਂ ਹੀ ਦੇਖਦਿਆਂ ਇੱਕ ਕਾਲੇ ਰੰਗ ਦੀ ਕਾਰ ‘ਚ ਸਵਾਰ ਵਿਅਕਤੀਆਂ ਨੇ ਸ਼ਰਾਬ ਦੀਆਂ ਬੋਤਲਾਂ ਗੇਟ ਤੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇੱਕ ਬੀਅਰ ਦੀ ਬੋਤਲ ਸਾਡੇ ਘਰ ਅੰਦਰ ਵੀ ਆਕੇ ਡਿੱਗ ਕੇ ਟੁੱਟ ਗਈ।
ਉਨਾਂ ਦੱਸਿਆ ਕਿ ਰਾਤ ਭਰ ਪੂਰਾ ਪਰਿਵਾਰ ਸਹਮਿਆ ਰਿਹਾ ਕਿ ਆਖਿਰ ਇਹ ਕੀ ਹੋਇਆ। ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਮਹਿੰਗੀ ਅੰਗਰੇਜੀ ਸ਼ਰਾਬ ਦੀਆਂ ਦੋ ਬੋਤਲਾਂ ਗੇਟ ਅੱਗੇ ਅਤੇ ਇੱਕ ਬੀਅਰ ਦੀ ਬੋਤਲ ਘਰ ਦੇ ਅੰਦਰ ਟੁੱਟੀ ਪਈ ਸੀ। ਸਵੇਰੇ ਘਰ ਪਹੁੰਚੇ ਉਸ ਦੇ ਪਤੀ ਨੇ ਨੇੜੇ ਘਰਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਦੇਖਿਆ ਤਾਂ ਇੱਕ ਕਾਲੇ ਰੰਗ ਦੀ ਗੱਡੀ ਘਰ ਦੇ ਬਾਹਰ ਖੜੀ ਦਿੱਸ ਰਹੀ ਹੈ, ਪਰੰਤੂ ਉਸ ਦਾ ਨੰਬਰ ਪੜ੍ਹਿਆ ਨਹੀਂ ਜਾ ਰਿਹਾ।
ਉਨਾਂ ਡਰ ਜਾਹਿਰ ਕੀਤਾ ਕਿ ਜੇਕਰ ਉਹ ਰਾਤ ਸਮੇਂ ਗੁੰਡਿਆਂ ਨੂੰ ਰੋਕਣ ਲਈ ਬਾਹਰ ਨਿੱਕਲਦੇ ਤਾਂ ਕੋਈ ਵੱਡੀ ਵਾਰਦਾਤ ਵੀ ਹੋ ਸਕਦੀ ਸੀ। ਉੱਧਰ ਹੌਲਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਉਸ ਨੇ ਸਵੇਰੇ ਘਟਨਾ ਦੀ ਸੂਚਨਾ ਸਿਟੀ 2 ਪੁਲਿਸ ਨੂੰ ਫੋਨ ਕਰਕੇ ਦੇ ਦਿੱਤੀ ਹੈ। ਐਸ.ਐਚ.ਉ. ਗੁਰਮੇਲ ਸਿੰਘ ਨੇ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪਾਰਟੀ ਨੇ ਘਟਨਾ ਵਾਲੀ ਥਾਂ ਦਾ ਮੌਕਾ ਦੇਖਿਆ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ । ਉਨਾਂ ਕਿਹਾ ਕਿ ਦੋਸ਼ੀਆਂ ਦੀ ਸ਼ਨਾਖਤ ਹੁੰਦਿਆਂ ਹੀ, ਉਨਾਂ ਨੂੰ ਦਬੋਚ ਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।