ਰਘਵੀਰ ਹੈਪੀ , ਬਰਨਾਲਾ 31 ਜਨਵਰੀ 2021
ਸਾਂਝੇ ਕਿਸਾਨ ਮੋਰਚੇ ਵਿੱਚ ਸ਼ਹੀਦ ਕਿਸਾਨ ਪ੍ਰੀਵਾਰਾਂ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਬਣਦਾ ਮੁਆਵਜਾ ਅਦਾ ਨਾਂ ਕੀਤੇ ਜਾਣ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਡੀਸੀ ਦਫਤਰ ਬਰਨਾਲਾ ਸੰਕੇਤਕ ਧਰਨਾ ਦਿੱਤਾ ਗਿਆ। ਜਥੇਬੰਦੀ ਦੇ ਬੁਲਾਰੇ ਆਗੂਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਸਾਹਿਬ ਸਿੰਘ ਬਡਬਰ, ਪਰਮਿੰਦਰ ਸਿੰਘ ਹੰਢਿਆਇਆ, ਬਾਬੂ ਸਿੰਘ ਖੁੱਡੀਕਲਾਂ, ਭੋਲਾ ਸਿੰਘ ਛੰਨਾਂ ਨੇ ਕਿਹਾ ਕਿ ਪਿੰਡ ਸੰਘੇੜਾ ਦੇ ਕਿਸਾਨ ਕੁਲਵਿੰਦਰ ਸਿੰਘ, ਅਤਰ ਸਿੰਘ ਵਾਲਾ ਦੇ ਗੁਰਦੇਵ ਸਿੰਘ ਅਤੇ 29 ਜਨਵਰੀ ਨੂੰ ਤਾਜੋ ਦੇ ਸ਼ਹੀਦ ਹੋਏ ਕਿਸਾਨ ਮਿੱਠੂ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਐਲਾਨੀ ਮੁਆਵਜਾ ਰਾਸ਼ੀ ਪੰਜ ਲੱਖ ਰੁ. ਅਦਾ ਕਰਨ ਤੋਂ ਜਿਲ੍ਹਾ ਪ੍ਰਸ਼ਾਸ਼ਨ ਲਗਤਾਰ ਆਨਾਕਾਨੀ ਕਰ ਰਿਹਾ ਹੈ।
ਬੁਲਾਰਿਆਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਕਿਸਾਨੀ ਸੰਘਰਸ਼ ਨਾਲ ਹੇਜ ਜਿਤਾਉਣ ਦਾ ਖੇਖਣ ਕਰ ਰਹੀ ਹੈ।ਦੂਜੇ ਪਾਸੇ ਕਿਸਾਨੀ ਸੰਘਰਸ਼ ਦੌਰਾਨ ਜਾਨਾਂ ਗੰਵਾਉਣ ਵਾਲੇ ਪ੍ਰੀਵਾਰਾਂ ਪ੍ਰਤੀ ਰਤੀ ਭਰ ਵੀ ਗੰਭੀਰ ਨਹੀਂ ਹੈ। ਮੁਆਵਜਾ ਹਾਸਲ ਕਰਨ ਲਈ ਵੀ ਧਰਨੇ/ਮੁਜਾਹਰੇ ਕਰਨੇ ਪੈ ਰਹੇ ਹਨ। ਅਜਿਹੇਾ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਖਰ ਕੁੰਭਕਰਨੀ ਨੀਂਦ ਸੁੱਤਾ ਜਿਲ੍ਹਾ ਪ੍ਰਸ਼ਾਸ਼ਨ ਸੰਘਰਸ਼ ਅੱਗੇ ਝੁਕਿਆ ਅਤੇ ਨਾਇਬ ਤਹਿਸੀਲਦਾਰ ਧਨੌਲਾ ਆਸ਼ੂ ਤੋਸ਼ ਨੇ ਸਟੇਜ ਤੋਂ ਵਿਸ਼ਵਾਸ਼ ਦਿਵਾਇਆ ਕਿ ਕੱਲ੍ਹ ਸ਼ਾਮ ਤੱਕ ਤਿੰਨੋਂ ਪ੍ਰੀਵਾਰਾਂ ਦੇ ਚੈੱਕ ਅਦਾ ਕਰ ਦਿੱਤੇ ਜਾਣਗੇ। ਆਗੂਆਂ ਕਿਹਾ ਕਿ ਜੇਕਰ ਜਿਲ੍ਹਾ ਪ੍ਰਸ਼ਾਸ਼ਨ ਆਪਣੇ ਕੀਤੇ ਵਾਅਦੇ ਤੇ ਖਰਾ ਨਾਂ ਉੱਤਰਿਆ ਤਾਂ 2 ਫਰਬਰੀ ਤੋਂ ਡੀਸੀ ਦਫਤਰ ਬਰਨਾਲਾ ਅੱਗੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਸਮੇਂ ਬਲਵੰਤ ਸਿੰਘ ਚੀਮਾ, ਅਮਰਜੀਤ ਕੌਰ, ਪ੍ਰੇਮਪਾਲ ਕੌਰ, ਲਖਵੀਰ ਸਿੰਘ ਦੁੱਲਮਸਰ ਆਦਿ ਕਿਸਾਨ ਆਗੂਆਂ ਨੇ ਵੀ ਵਿਚਾਰ ਪੇਸ਼ ਕੀਤੇ।