ਆਖਿਰ ਗਊਧੰਨ ਦੀ ਇਸ ਮੌਤ ਲਈ ਜਿੰਮੇਵਾਰ ਕੌਣ ? ਰਾਤ ਭਰ ਪੁਲ ਹੇਠਾਂ ਪਈ ਰਹੀ ਮ੍ਰਿਤਕ ਦੇਹ
ਬਰਨਾਲਾ ਟੂਡੇ ਨੇ 21 ਜਨਵਰੀ ਨੂੰ ਖਬਰ ਨਸ਼ਰ ਕਰਕੇ, ਦਿਵਾਇਆ ਸੀ ਪ੍ਰਸ਼ਾਸ਼ਨ ਦਾ ਧਿਆਨ,,,,
ਡੀ.ਸੀ. ਫੂਲਕਾ ਨੇ ਕਿਹਾ, ਅਧਿਕਾਰੀਆਂ ਨੂੰ ਦਿੱਤੇ ਹੁਕਮ, ਛੇਤੀ ਹੀ ਬੇਸਹਾਰਾ ਗੌਧੰਨ ਨੂੰ ਗਊਸ਼ਾਲਾ ਵਿੱਚ ਭੇਜਿਆ ਜਾਵੇਗਾ
ਹਰਿੰਦਰ ਨਿੱਕਾ , ਬਰਨਾਲਾ 24 ਜਨਵਰੀ 2021
ਜਿਲ੍ਹੇ ਅੰਦਰ ਨਾ ਗਊਸ਼ਾਲਾਵਾਂ ਦੀ ਕੋਈ ਘਾਟ ਹੈ ਅਤੇ ਨਾ ਹੀ ਗਊ ਭਗਤਾ ਦੀ ਕੋਈ ਕਮੀ ਹੈ। ਜਿਲ੍ਹਾ ਪੱਧਰੀ ਗਊਸ਼ਾਲਾ ਮਨਾਲ ਤੋਂ ਇਲਾਵਾ ਸ਼ਹਿਰ ਦੇ ਹੰਡਿਆਇਆ ਖੇਤਰ ਖੁੱਡੀ ਕਲਾਂ ਰੋਡ ਤੇ ਨਗਰ ਕੌਂਸਲ ਦਾ ਕੈਟਲ ਪਾਉਂਡ ਵੀ ਬਣਿਆ ਹੋਇਆ ਹੈ। ਇੱਥੇ ਹੀ ਬੱਸ ਨਹੀਂ, ਜਿਲ੍ਹੇ ਅੰਦਰ ਗਊ ਭਗਤਾਂ ਵੱਲੋਂ ਆਪਣੇ ਪੱਧਰ ਤੇ ਗਊ ਭਗਤਾਂ ਦੇ ਆਰਥਿਕ ਸਹਿਯੋਗ ਨਾਲ ਚੱਲ ਰਹੀਆਂ ਗਊਸ਼ਾਲਾਵਾਂ ਵੀ 2/4 ਨਹੀ, ਬਲਿਕ ਕਈ ਦਰਜਨ ਦਾ ਅੰਕੜਾ ਪਾਰ ਕਰ ਰਹੀਆਂ ਹਨ। ਫਿਰ ਵੀ ਗਊਧੰਨ ਦਾ ਸੜ੍ਹਕਾਂ ਦੇ ਭੁੱਖ ਅਤੇ ਠੰਡ ਨਾਲ ਤੜਪ ਤੜਪ ਕੇ ਦਮ ਤੋੜਨਾ ਜਿਲ੍ਹਾ ਪ੍ਰਸ਼ਾਸ਼ਨ ਤੋਂ ਇਲਾਵਾ ਗਊਭਗਤਾਂ ਲਈ ਵੀ ਬੇਹੱਦ ਅਫਸੋਸਨਾਕ ਹੈ। ਜੇਕਰ ਉਕਤ ਜਿਕਰਯੋਗ ਸਾਰੀਆਂ ਸੰਸਥਾਵਾਂ ਦੇ ਹੁੰਦਿਆਂ ਵੀ ਵੱਖ ਵੱਖ ਸੜ੍ਹਕਾਂ ਤੇ ਰੁਲਦਿਆਂ ਗਊਧੰਨ ਆਪਣੀਆਂ ਅਤੇ ਰਾਹਗੀਰਾਂ ਦੀਆਂ ਜਿੰਦਗੀਆਂ ਨੂੰ ਜੋਖਿਮ ਵਿੱਚ ਪਾ ਰਿਹਾ ਹੈ ਤਾਂ ਫਿਰ ਆਖਿਰ ਇਸ ਹਾਲਤ ਲਈ ਜਿੰਮੇਵਾਰ ਕੌਣ ਹੈ। ਡੀ.ਸੀ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਅਧਿਕਾਰੀਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਜਿਨ੍ਹਾਂ ਛੇਤੀ ਹੋ ਸਕੇ ਬੇਸਹਾਰਾ ਗੌਧੰਨ ਨੂੰ ਚੌਂਕ ਵਿੱਚੋਂ ਲਿਜਾ ਕੇ ਗਊਸ਼ਾਲਾ ਵਿੱਚ ਸੰਭਾਲਣ। ਤਾਂਕਿ ਰਾਹਗੀਰਾਂ ਅਤੇ ਪਸ਼ੂਆਂ ਦੇ ਹੋ ਰਹੇ ਹਾਦਸਿਆਂ ਨੂੰ ਠੱਲ੍ਹਿਆ ਜਾਜ ਸਕੇ।
ਬਠਿੰਡਾ-ਚੰਡੀਗੜ੍ਹ ਮੁੱਖ ਸੜ੍ਹਕ ਮਾਰਗ ਤੇ ਪੁਲ ਹੇਠਾਂ ਗਊਸ਼ਾਲਾ ਦਾ ਰੂਪ ਧਾਰਨ ਕਰ ਚੁੱਕੇ ਸਟੈਂਡਰਡ ਚੌਂਕ ਵਿੱਚ ਗੌਧੰਨ ਦੇ ਪੈਂਦੇ ਝੁਰਮਟ ਬਾਰੇ 21 ਜਨਵਰੀ ਨੂੰ ਬਰਨਾਲਾ ਟੁਡੇ ਦੀ ਟੀਮ ਨੇ ਬੇਜੁਬਾਨ ਅਤੇ ਬਸਹਾਰਾ ਗੌਧੰਨ ਦਾ ਇਹ ਮੁੱਦਾ ਪੂਰੀ ਪ੍ਰਮੁੱਖਤਾ ਨਾਲ ਨਸ਼ਰ ਕਰਕੇ, ਪ੍ਰਸ਼ਾਸ਼ਨ ਅਤੇ ਸਮਾਜ ਸੇਵੀਆਂ ਦਾ ਧਿਆਨ ਦਿਵਾਉਣ ਦਾ ਯਤਨ ਕੀਤਾ ਗਿਆ। ਪਰੰਤੂ ਪਸ਼ੂਆਂ ਦੀ ਵਜ੍ਹਾਂ ਨਾਲ ਹੋਣ ਵਾਲੇ ਹਾਦਸਿਆਂ ਲਈ ਸਭ ਤੋਂ ਵਧੇਰੇ ਜਿੰਮੇਵਾਰ ਜਿਲ੍ਹਾ ਪ੍ਰਸ਼ਾਸ਼ਨ ਮੂੰਹ ਛੁਪਾ ਕੇ ਆਪਣੀ ਜਿੰਮੇਵਾਰੀ ਤੋਂ ਸੁਰਖਰੂ ਨਹੀਂ ਹੋ ਸਕਦਾ।
ਇੱਕ ਹੋਰ ਗਊਧੰਨ ਦੀ ਹੋਈ ਮੌਤ
ਸਟੈਂਡਰਡ ਚੌਂਕ ਵਿੱਚ ਹਾਦਸਿਆਂ ਨਾਲ ਮੌਤ ਦਾ ਗਰਾਸ ਬਣ ਜਾਣ ਵਾਲੇ ਬੇਸਹਾਰਾ ਪਸ਼ੂਆਂ ਦੀ ਫਹਿਰਿਸ਼ਤ ਉਦੋਂ ਹੋਰ ਲੰਬੀ ਹੋ ਗਈ , ਜਦੋਂ ਸ਼ਨੀਵਾਰ ਦੇਰ ਸ਼ਾਮ ਚੌਂਕ ਵਿੱਚ ਗੌਧੰਨ ਭੁੱਖ ਅਤੇ ਠੰਡ ਦੀ ਵਜ੍ਹਾ ਨਾਲ ਅੰਤਿਮ ਸਾਹਾਂ ਹੀ ਗਿਣ ਰਿਹਾ ਸੀ। ਆਸਪਾਸ ਦੇ ਲੋਕ ਉਸ ਨੂੰ ਠੰਡ ਤੋਂ ਬਚਾਉਣ ਲਈ ਗਰਮ ਕੱਪੜਾ ਦੇ ਕੇ ਕੁਝ ਰਾਹਤ ਪਹੁੰਚਾਉਣ ਦੇ ਯਤਨ ਕਰ ਰਹੇ ਸਨ। ਪਰੰਤੂ ਰਾਤ ਨੂੰ ਕਿਸੇ ਸਮੇਂ ਉਸ ਨੇ ਦਮ ਤੋੜ ਦਿੱਤਾ। ਸਵੇਰੇ ਕਰੀਬ 9 ਕੁ ਵਜੇ, ਉਹ ਮ੍ਰਿਤ ਹਾਲਤ ਵਿੱਚ ਪਿਆ ਮਿਲਿਆ। ਹਾਲਤ ਇਹ ਕਿ ਗਊਧੰਨ ਨੂੰ ਬਿਨਾਂ ਗਊਸ਼ਾਲਾ ਦੇ ਕੜਾਕੇ ਦੀ ਸਰਦੀ ਵਿੱਚ ਸੜ੍ਹਕਾਂ ਦੇ ਰਹਿਣ ਨੂੰ ਮਜਬੂਰ ਕਰਨਾ, ਦਰਅਸਲ ਉਨਾਂ ਨੂੰ ਰੱਬ ਆਸਰੇ ਛੱਡ ਕੇ ਮੌਤ ਦੇ ਮੂੰਹ ਵਿੱਚ ਧੱਕਣ ਦੇ ਸਮਾਨ ਹੀ ਹੈ। ਇਹ ਮੌਤ ਬੇਸਹਾਰਾ ਗੌਧੰਨ ਦੀ ਹੋਈ ਹੈ, ਉਹ ਦਿਨ ਦੂਰ ਨਹੇਂ ਜਦੋਂ ਪ੍ਰਸ਼ਾਸ਼ਨ ਦੀ ਲਾਪਰਵਾਹੀ, ਲਾਵਾਰਿਸ ਪਸ਼ੂਆਂ ਦੇ ਭੇਟ ਚੜ੍ਹੇ ਰਾਹਗੀਰਾਂ ਲਈ ਜਾਨਲੇਵਾ ਸਾਬਿਤ ਹੋ ਜਾਵੇਗੀ।