ਐਸ.ਐਚ.ਉ. ਦੀ ਅਗਵਾਈ ਵਿੱਚ ਕੀਤੀ ਰੇਡ
ਪੁਲਿਸ ਛਾਪੇ ਦੀ ਪਹਿਲਾਂ ਭਿਣਕ ਪੈਣ ਕਾਰਣ 1 ਦੁਕਾਨਦਾਰ ਸਾਥੀਆਂ ਸਣੇ ਫਰਾਰ
ਹਰਿੰਦਰ ਨਿੱਕਾ ,ਬਰਨਾਲਾ 22 ਦਸੰਬਰ 2020
ਸਰਕਾਰੀ ਲਾਟਰੀ ਦੀ ਆੜ ਵਿੱਚ ਵੱਡੇ ਪੱਧਰ ਤੇ ਚੱਲ ਰਹੇ ਦੜੇ-ਸੱਟੇ ਦਾ ਗੜ੍ਹ ਬਣ ਚੁੱਕੇ ਬਰਨਾਲਾ ਸ਼ਹਿਰ ‘ਚ ਅੱਜ ਸਵੇਰੇ ਹੀ ਥਾਣਾ ਸਿਟੀ 1 ਦੇ ਐਸ ਐਚ ਉ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ 22 ਏਕੜ ਖੇਤਰ ਦੇ ਸੱਟੇ ਦੇ ਅੱਡਿਆਂ ਤੇ ਛਾਪਾ ਮਾਰਿਆ। ਛਾਪਾਮਾਰੀ ਦੌਰਾਨ ਜਿੱਥੇ ਦੋ ਅੱਡਿਆਂ ਤੋਂ ਪੁਲਿਸ ਪਾਰਟੀ ਨੇ ਕਾਫੀ ਵਿਅਕਤੀਆਂ ਨੂੰ ਕਾਬੂ ਕਰ ਲਿਆ। ਉੱਥੇ ਹੀ ਛਾਪੇ ਤੋਂ ਪਹਿਲਾਂ ਹੀ ਪੁਲਿਸ ਦੀ ਰੇਡ ਦੀ ਭਿਣਕ ਪੈਣ ਕਾਰਣ ਇਲਾਕੇ ਦਾ ਵੱਡਾ ਸਟੋਰੀਆ ਦੁਕਾਨ ਦਾ ਸ਼ਟਰ ਬੰਦ ਕਰਕੇ ਰਫੂ ਚੱਕਰ ਹੋ ਗਿਆ। ਇਸ ਪੂਰੀ ਪੁਲਿਸ ਕਾਰਵਾਈ ਦੀ ਪਹਿਲਾਂ ਹੀ ਜਾਣਕਾਰੀ ਮੁੱਖ ਸੱਟੋਰੀਆਂ ਕੋਲ ਪਹੁੰਚ ਜਾਣ ਦੇ ਮੁੱਦੇ ਤੇ ਇੱਕ ਏ.ਐਸ.ਆਈ.ਦੀ ਭੂਮਿਕਾ ਦੀ ਚਰਚਾ ਵੀ ਨਜਦੀਕੀ ਖੇਤਰ ਦੇ ਲੋਕਾਂ ਵਿੱਚ ਮੂੰਹੋਂ ਮੂੰਹ ਮੌਕੇ ਤੇ ਹੀ ਸੁਣਨ ਨੂੰ ਮਿਲੀ। ਜਿਸ ਦੀ ਬਦੌਲਤ ਹੀ ਸੱਟੇਬਾਜ਼ੀ ਦਾ ਮੁੱਖ ਸਰਗਨਾ ਆਪਣੀ ਬੰਦ ਕਰਕੇ ਚਲਾ ਗਿਆ। ਜਿਸ ਦੀ ਦੁਕਾਨ ਛਾਪੇ ਤੋਂ ਪਹਿਲਾਂ ਖੁੱਲ੍ਹੀ ਸੀ। ਉਸ ਦੀ ਦੁਕਾਨ ਬੰਦ ਕਰਕੇ ਜਾਣ ਦੀ ਵੀਡੀਓ ਵੀ ਟੂਡੇ ਨਿਊਜ਼ ਦੀ ਟੀਮ ਕੋਲ ਮੌਜੂਦ ਹੈ। ਇਸ ਮੌਕੇ ਕਾਰਵਾਈ ਬਾਰੇ ਗੱਲ ਕਰਦਿਆਂ ਐਸ ਐਚ ਉ ਲਖਵਿੰਦਰ ਸਿੰਘ ਨੇ ਕਿਹਾ ਕਿ ਗਿਰਫਤਾਰ ਦੋਸ਼ੀਆਂ ਖਿਲਾਫ ਕਰੜੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਸੱਟੇਬਾਜ਼ੀ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਛਾਪਾਮਾਰੀ ਟੀਮ ਵਿੱਚ ਸ਼ਾਮਿਲ ਸ਼ੱਕੀ ਭੂਮਿਕਾ ਵਾਲੇ ਥਾਣੇਦਾਰ ਨੇ ਮੀਡੀਆ ਦੀ ਕਵਰੇਜ਼ ਨੂੰ ਰੋਕਣ ਦਾ ਵੀ ਯਤਨ ਕੀਤਾ। ਇੱਥੇ ਹੀ ਬੱਸ ਨਹੀਂ ਉਕਤ ਥਾਣੇਦਾਰ ਨੇ ਕਿਹਾ ਕਿ ਮੀਡੀਆ ਦੀ ਕਵਰੇਜ ਕਾਰਣ ਕ੍ਰਾਈਮ ਵਿੱਚ ਵਾਧਾ ਹੁੰਦਾ। ਪਰੰਤੂ ਜਦੋਂ ਉਸ ਨੂੰ ਮੀਡੀਆ ਕਰਮੀਆਂ ਨੇ ਕਿਹਾ ਕਿ ਸ਼ਹਿਰ ਦੇ ਲੱਗਭੱਗ ਹਰ ਖੇਤਰ ਵਿੱਚ ਸੱਟੇ ਦੇ ਅੱਡੇ ਸ਼ਰੇਆਮ ਚੱਲ ਰਹੇ ਹਨ, ਜਿਸ ਦੀ ਜਾਣਕਾਰੀ ਮੁਕਾਮੀ ਪੁਲਿਸ ਨੂੰ ਭਲੀਭਾਂਤ ਹੈ। ਪੱਤਰਕਾਰ ਨੇ ਮੌਕੇ ਤੇ ਕਵਰੇਜ ਰੋਕਣ ਦਾ ਅਸਫਲ ਯਤਨ ਕਰਨ ਵਾਲੇ ਥਾਣੇਦਾਰ ਨੂੰ ਇਹ ਚੁਣੌਤੀ ਵੀ ਦਿੱਤੀ ਕਿ ਆਉ ਮੈਂ ਦਿਖਾਉਣਾ ,ਕਿੱਥੇ ਕਿੱਥੇ ਸੱਟਾ ਚੱਲ ਰਿਹਾ। ਇਹ ਚੁਣੌਤੀ ਸਵੀਕਾਰ ਕਰਨ ਦੀ ਬਜਾਏ ਥਾਣੇਦਾਰ ਨੇ ਚੁੱਪ ਵੱਟ ਕੇ ਉੱਥੋਂ ਖਿਸਕਣ ਵਿੱਚ ਭਲਾਈ ਸਮਝੀ।