ਹਰਿੰਦਰ ਨਿੱਕਾ , ਬਰਨਾਲਾ 11 ਦਸੰਬਰ 2020
ਫੌਜੀ ਬਸਤੀ ਖੇਤਰ ਦੇ ਰਹਿਣ ਵਾਲੇ ਨੌਜਵਾਨ ਸਨੀ ਉਰਫ ਗੋਰਾ ਨੂੰ ਕਤਲ ਕਰਨ ਦੇ ਦੋਸ਼ ਵਿੱਚ ਪੁਲਿਸ ਵੱਲੋਂ ਗਿਰਫਤਾਰ ਕੀਤੇ 5 ਦੋਸ਼ੀਆਂ ਦਾ ਅੱਜ ਅਦਾਲਤ ਨੇ 4 ਦਿਨ ਲਈ ਪੁਲਿਸ ਰਿਮਾਂਡ ਦੇ ਦਿੱਤਾ। ਮਾਮਲੇ ਦੇ ਤਫਤੀਸ਼ ਅਧਿਕਾਰੀ ਅਤੇ ਥਾਣਾ ਸਿਟੀ 2 ਦੇ ਐਸ.ਐਚ.ਉ. ਗੁਰਮੇਲ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵੱਲੋਂ ਗਿਰਫਤਾਰ ਦੋਸ਼ੀਆਂ ਰਜਨੀਸ਼ ਕੁਮਾਰ ਮੱਖਣ , ਰਵੀ ਪਾਂਡੇ, ਹਰਦੀਪ ਭੀਮਾ, ਰਾਮ ਪ੍ਰਤਾਪ ਅਤੇ ਕੁੰਦਨ ਪ੍ਰਸ਼ਾਦ ਸਾਰੇ ਵਾਸੀ ਪ੍ਰੇਮ ਨਗਰ ਬਰਨਾਲਾ ਨੂੰ ਡਿਊਟੀ ਮੈਜਿਸਟ੍ਰੇਟ ਸੀ.ਜੇ.ਐਮ. ਵਿਨੀਤ ਕੁਮਾਰ ਨਾਰੰਗ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਗਿਰਫਤਾਰ ਦੋਸ਼ੀਆਂ ਦੇ ਕਬਜੇ ਵਿੱਚੋਂ ਪੁਲਿਸ ਨੇ ਕਤਲ ਲਈ ਇਸਤੇਮਾਲ ਕੀਤੀ ਗਈ ਕਿਰਪਾਨ ਅਤੇ ਹੋਰ ਸਮਾਨ ਬਰਾਮਦ ਕਰਵਾਉਣਾ ਹੈ। ਅਦਾਲਤ ਨੇ ਤਫਤੀਸ਼ ਅਧਿਕਾਰੀ ਦੀ ਬੇਨਤੀ ਸਵੀਕਾਰ ਕਰਦਿਆਂ ਉਕਤ ਸਾਰੇ ਗਿਰਫਤਾਰ ਦੋਸ਼ੀਆਂ ਨੂੰ 14 ਦਸੰਬਰ ਤੱਕ ਡੁੰਘਾਈ ਨਾਲ ਪੁੱਛਗਿੱਛ ਲਈ ਪੁਲਿਸ ਰਿਮਾਂਡ ਦੇ ਦਿੱਤਾ। ਵਰਣਨਯੋਗ ਹੈ ਕਿ ਗਿਰਫਤਾਰ ਦੋਸ਼ੀਆਂ ਵੱਲੋਂ 4 ਦਸੰਬਰ ਨੂੰ ਸਨੀ ਉਰਫ ਗੋਰਾ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਗਟਰ ਵਿੱਚ ਸੁੱਟ ਦਿੱਤਾ ਸੀ,ਜਿਸ ਦੀ ਲਾਸ਼ ਪੁਲਿਸ ਨੇ 10 ਦਸੰਬਰ ਦੇਰ ਰਾਤ ਤਹਿਸੀਲਦਾਰ ਦੀ ਹਾਜਰੀ ਵਿੱਚ ਆਸਥਾ ਕਲੋਨੀ ਦੀ ਬੈਕ ਸਾਈਡ ਤੋਂ ਗਟਰ ਵਿੱਚੋਂ ਬਰਾਮਦ ਕਰਵਾ ਲਿਆ ਸੀ। ਮਾਮਲੇ ਦੇ ਤਫਤੀਸ਼ ਅਧਿਕਾਰੀ ਗੁਰਮੇਲ ਸਿੰਘ ਨੇ ਦੱਸਿਆ ਕਿ ਸਨੀ ਦੀ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।