ਵਾਰਦਾਤ ਤੋਂ 16 ਦਿਨ ਬਾਅਦ ਪੁਲਿਸ ਨੇ ਦਰਜ ਕੀਤਾ ਕੇਸ
ਹਰਿੰਦਰ ਨਿੱਕਾ , ਬਰਨਾਲਾ 5 ਦਸੰਬਰ 2020
ਆਪਣੇ ਸੌਹਰੇ ਘਰ ਤੋਂ ਆਉਂਦੀ ਜਮੀਨ ਦਾ ਹਿੱਸਾ ਮੰਗਣ ਪਹੁੰਚੇ ਭਜਨ ਸਿੰਘ ਨੂੰ ਉੱਥੋਂ ਕੁੱਟ ਕੇ ਹਸਪਤਾਲ ਭੇਜ ਦਿੱਤਾ। ਪੁਲਿਸ ਦੁਆਰਾ ਦੋਸ਼ੀਆਂ ਖਿਲਾਫ ਕਾਨੂੰਨੀ ਵਿੱਚ ਇੱਨ੍ਹੀਂ ਟਾਲਮਟੋਲ ਕੀਤੀ ਕਿ ਵਾਰਦਾਤ ਤੋਂ 16 ਦਿਨ ਬਾਅਦ ਹੀ ਪੁਲਿਸ ਨੇ ਕੁੱਟਮਾਰ ਕਰਨ ਵਾਲੀ ਇੱਕ ਔਰਤ, ਉਸਦੇ ਪਤੀ ਅਤੇ ਪੁੱਤ ਦੇ ਖਿਲਾਫ ਕੇਸ ਦਰਜ਼ ਕੀਤਾ । ਵਾਰਦਾਤ ਬਾਰੇ ਜਾਣਕਾਰੀ ਦਿੰਦਿਆਂ ਭਜਨ ਸਿੰਘ ਪੁੱਤਰ ਹਜੂਰਾ ਸਿੰਘ ਵਾਸੀ ਰਾਜੀਆ ਨੇ ਦੱਸਿਆ ਕਿ ਉਹ ਅਸਪਾਲ ਕਲਾਂ ਵਿਆਹਿਆ ਹੋਇਆ ਹੈ ਅਤੇ ਉਸ ਦੇ ਸੌਹਰੇ ਦੀ ਮੌਤ ਹੋ ਚੁੱਕੀ ਹੈ। ਜਿਸ ਕਾਰਣ ਉਸ ਦੇ ਹਿੱਸੇ ਕਰੀਬ 4 ਕਿੱਲੇ ਜਮੀਨ ਆਉਂਦੀ ਹੈ। 19 ਨਵੰਬਰ ਦੀ ਸ਼ਾਮ ਕਰੀਬ 5:30 ਤੇ ਉਹ ਆਪਣੇ ਸਹੁਰੇ ਘਰ ਅਸਪਾਲ ਕਲਾਂ ਚਲਾ ਗਿਆ। ਮੁਦਈ ਮੁਕੱਦਮਾਂ ਦੀ ਸੱਸ ਦਾ ਭਤੀਜਾ ਉਸ ਦੇ ਹਿੱਸੇ ਵਾਲੀ ਜਮੀਨ ਹਾਸਿਲ ਕਰਨਾ ਚਾਹੁੰਦਾ ਹੈ। ਜਿਸ ਕਰਕੇ ਚੜਤ ਸਿੰਘ ਪੁੱਤਰ ਮੁਖਤਿਆਰ ਸਿੰਘ , ਗੁਰਮੀਤ ਸਿੰਘ ਪੁੱਤਰ ਚੜਤ ਸਿੰਘ ਅਤੇ ਚੜਤ ਸਿੰਘ ਦੀ ਪਤਨੀ ਅਮਰਜੀਤ ਕੌਰ ਨੇ ਉਸ ਦੇ ਹਮਲਾ ਕਰਕੇ, ਬੇਰਿਹਮੀ ਨਾਲ ਕੁੱਟਮਾਰ ਕੀਤੀ। ਗੰਭੀਰ ਹਾਲਤ ਵਿੱਚ ਉਸ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਪੁਲਿਸ ਨੇ ਰੁੱਕਾ ਮਿਲਣ ਤੇ ਉਸ ਦੇ ਬਿਆਨ ਕਲਮਬੰਦ ਕਰਕੇ ਵਾਰਦਾਤ ਤੋਂ 6 ਦਿਨ ਬਾਅਦ ਡੀਡੀਆਰ ਨੰਬਰ 40 ਦਰਜ਼ ਕਰ ਦਿੱਤੀ। ਪਰੰਤੂ ਐਫ.ਆਈ.ਆਰ. ਦਰਜ਼ ਕਰਨ ਲਈ ਟਾਲਮਟੋਲ ਸ਼ੁਰੂ ਕਰ ਦਿੱਤੀ। ਮਾਮਲੇ ਦੇ ਤਫਤੀਸ਼ ਅਧਿਕਾਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਮੁਦਈ ਦਾ ਬਿਆਨ ਹਾਸਿਲ ਕਰਕੇ ਅਤੇ ਮੈਡੀਕਲ ਰਿਪੋਰਟ ਵਿੱਚ ਲੱਗੀਆਂ ਸੱਟਾਂ ਗਰੀਵੀਅਸ ਆਉਣ ਤੋਂ ਬਾਅਦ ਤਿੰਨੋਂ ਨਾਮਜਦ ਦੋਸ਼ੀਆਂ ਖਿਲਾਫ ਅਧੀਨ ਜੁਰਮ 323/325/34 ਆਈ.ਪੀ.ਸੀ. ਤਹਿਤ ਥਾਣਾ ਧਨੌਲਾ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ। ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।