ਸਰਕਾਰ ਦਿੰਦੀ ਹੈ 90 ਫੀਸਦੀ ਸਬਸਿਡੀ ,ਬਾਗਾਂ ਵਿਚ ਡ੍ਰਿਪ ਸਿਸਟਮ ਲਗਾਉਣ ਲਈ 45 ਫੀਸਦੀ ਸਬਸਿਡੀ
ਬੀ.ਟੀ.ਐਨ. ਫਾਜ਼ਿਲਕਾ, 3 ਦਸੰਬਰ 2020
ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪੁਜਦਾ ਕਰਨ ਲਈ ਜ਼ਿਲ੍ਹਾ ਪਧਰੀ ਕਮੇਟੀ ਨੇ ਜ਼ਿਲੇ੍ਹ ਦੇ 169 ਪ੍ਰੋਜੈਕਟ ਪਾਸ ਕੀਤੇ ਹਨ। ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਕਮੇਟੀ ਦੀ ਬੈਠਕ ਵਿਚ ਇਹ ਕੇਸ ਪਾਸਤ ਕੀਤੇ ਗਏ। ਇਨ੍ਹਾਂ ਦੀ ਕੁਲ ਲਾਗਤ 33.19 ਕਰੋੜ ਰੁਪਏ ਹੈ। ਇਸ ਵਿਚੋਂ ਫਾਜ਼ਿਲਕਾ ਬਲਾਕ ਦੇ 114 ਪ੍ਰੋਜੈਕਟ ਅਤੇ ਜਲਾਲਾਬਾਦ ਦੇ 55 ਪ੍ਰੋਜੈਕਟ ਹਨ ਜਿਨ੍ਹਾਂ ਦੀ ਕੁਲ ਲਾਗਤ ਕ੍ਰਮਵਾਰ 22.03 ਕਰੋੜ ਅਤੇ 11.16 ਕਰੋੜ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਖੇਤਾਂ ਤਕ ਪਾਣੀ ਪੁਜਦਾ ਕਰਨ ਲਈ ਅੰਡਰ ਗਰਾਉਂਡ ਪਾਈਪਾਂ ਪਾਈਆਂ ਜਾਣਗੀਆਂ। ਕੁਲ ਲਾਗਤ ਦਾ 90 ਫੀਸਦੀ ਸਰਕਾਰ ਸਬਸਿਡੀ ਵਲੋਂ ਦੇਣਗੇ। ਇਸ ਨਾਲ 7300 ਹੈਕਟੇਅਰ ਰਕਬੇ ਨੂੰ ਬਿਹਤਰ ਸਿੰਜਾਈ ਸਹੂਲਤਾਂ ਮਿਲਣਗੀਆਂ ਅਤੇ 2892 ਕਿਸਾਨਾਂ ਨੂੰ ਲਾਭ ਦੇਣਗੇ।
ਇਸ ਤੋਂ ਬਿਨ੍ਹਾਂ ਤੁਪਕਾ ਸਿੰਜਾਈ ਪ੍ਰਣਾਲੀ ਸਬੰਧੀ ਵੀ 28 ਕੇਸ ਪ੍ਰਵਾਨ ਕੀਤੇ ਗਏ। ਇਨ੍ਹਾਂ ਵਿਚੋਂ ਕਿੰਨੂ ਦੇ ਬਾਗਾਂ ਦੇ 25 ਕੇਸ ਹਨ ਜਿਨ੍ਹਾਂ ਦਾ ਰਕਬਾ 214 ਹੈਕਟੇਅਰ ਹੈ, ਜਿਨ੍ਹਾਂ ਨੂੰ ਸਰਕਾਰ ਵੱਲੋਂ 53.92 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਇਸ ਤਰ੍ਹਾਂ ਅਮਰੂਦ ਦੇ ਬਾਗਾਂ ਵਿਚ ਤੁਪਕਾ ਸਿੰਜਾਈ ਦੇ ਇਕ ਪ੍ਰੋਜੈਕਟ ਲਈ 2.65 ਲੱਖ ਦੀ ਮਦਦ ਪ੍ਰਵਾਨ ਕੀਤੀ ਗਈ। ਇਸ ਦਾ ਰਕਬਾ 8 ਹੈਕਟੇਅਰ ਹੈ। ਇਸੇ ਤਰ੍ਹਾਂ ਮੱਕੀ ਵਿਚ ਤੁਪਕਾ ਸਿੰਚਾਈ ਪ੍ਰਣਾਲੀ ਦੇ 2 ਕੇਸ ਪ੍ਰਵਾਨ ਕੀਤੇ ਗਏ ਜਿਸ `ਤੇ 5 ਹੈਕਟੇਅਰ ਰਕਬੇ ਵਿਚ ਡ੍ਰਿਪ ਸਿਸਟਮ ਲਗਾਉਣ ਲਈ 3 ਲਖ ਦੀ ਮਦਦ ਪ੍ਰਵਾਨ ਕੀਤੀ ਗਈ। ਬਾਗ ਵਿਚ ਤੁਪਕਾ ਸਿੰਚਾਈ ਪ੍ਰਣਾਲੀ ਲਗਾਉਣ `ਤੇ 45 ਫੀਸਦੀ ਅਤੇ ਮੱਕੀ ਵਿਚ ਤੁਪਕਾ ਸਿੰਜਾਈ ਪ੍ਰਣਾਲੀ ਲਗਾਉਣ ਤੇ 80 ਫੀਸਦੀ ਸਬਸਿਡੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। ਭੂਮੀ ਰੱਖਿਆ ਵਿਭਾਗ ਦੇ ਐਸ.ਡੀ.ਓ ਹਰਮਨਜੀਤ ਸਿੰਘ ਨੇ ਦੱਸਿਆ ਕਿ ਖੇਤਾਂ ਵਿਚ ਅੰਡਰ ਗਰਾਉਂਡ ਪਾਈਪ ਪਾਉਣ ਜਾਂ ਬਾਗਾਂ ਵਿਚ ਡ੍ਰਿਪ ਸਿਸਟਮ ਲਗਾਉਣ ਲਈ ਸਬਸਿਡੀ ਲੈਣ ਲਈ ਕਿਸਾਨ ਵਿਭਾਗ ਕੋਲ ਆਪਣੀ ਅਰਜੀ ਦੇ ਸਕਦੇ ਹਨ।
ਇਸ ਮੌਕੇ ਭੂਮੀ ਟੈਸਟਿੰਗ ਅਫਸਰ ਡਾ. ਭੁਪਿੰਦਰ ਕੁਮਾਰ ਵੀ ਹਾਜ਼ਰ ਸਨ।