ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਅਧੀਨ ਚੁਣੇ ਗਏ ਹਨ ਜ਼ਿਲ੍ਹਾ ਬਰਨਾਲਾ ਦੇ 9 ਪਿੰਡ: ਡਿਪਟੀ ਕਮਿਸ਼ਨਰ
ਚੌਤਰਫਾ ਵਿਕਾਸ ਲਈ ਹਰੇਕ ਪਿੰਡ ਨੂੰ ਮਿਲੇਗੀ 20 ਲੱਖ ਰੁਪਏ ਗ੍ਰਾਂਟ
ਹਰਿੰਦਰ ਨਿੱਕਾ ਬਰਨਾਲਾ, 1 ਦਸੰਬਰ 2020
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਜ਼ਿਲ੍ਹਾ ਬਰਨਾਲਾ ਦੇ ਸਰਪੰਚਾਂ ਨਾਲ ਮੀਟਿੰਗ ਦੌਰਾਨ ਸਰਪੰਚਾਂ ਨੂੰ ਪਿੰਡਾਂ ਵਿਚ ਪੀਣਯੋਗ ਪਾਣੀ ਦੀ 100 ਫੀਸਦੀ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਕਿਸੇ ਮੁਢਲੀ ਸਹੂਲਤ ਦੀ ਕਮੀ ਨਾ ਰਹੇ।
ਡਿਪਟੀ ਕਮਿਸ਼ਨਰ ਨੇ ਆਖਿਆ ਕਿ ਜ਼ਿਲ੍ਹਾ ਬਰਨਾਲਾ ਦੇ 9 ਪਿੰਡਾਂ ਨੂੰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਅਧੀਨ ਚੁਣਿਆ ਗਿਆ ਹੈ। ਇਸ ਸਕੀਮ ਤਹਿਤ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਹਰੇਕ ਪਿੰਡ ਨੂੰ ਵਿਕਾਸ ਕਾਰਜਾਂ ਲਈ 20 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ। ਇਨ੍ਹਾਂ ਪਿੰਡਾਂ ਵਿਚ ਦਰਾਕਾ, ਧਨੇਰ, ਨਾਈਵਾਲਾ, ਪੱਤੀ ਸੋਹਲ, ਪੰਡੋਰੀ, ਭੱਦਲਵੱਡ, ਖੜ੍ਹਕ ਸਿੰਘ ਵਾਲਾ, ਕ੍ਰਿਪਾਲ ਸਿੰਘ ਵਾਲਾ ਤੇ ਅਮਲਾ ਸਿੰਘ ਵਾਲਾ ਸ਼ਾਮਲ ਹਨ, ਜਿਨ੍ਹਾਂ ਪਿੰਡਾਂ ਦੀ 50 ਫੀਸਦੀ ਤੋਂ ਵੱਧ ਆਬਾਦੀ ਐਸਸੀ ਭਾਈਚਾਰੇ ਨਾਲ ਸਬੰਧਤ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਰਪੰਚਾਂ ਨੂੰ ਪਿੰਡਾਂ ਵਿਚ ਪੀਣ ਵਾਲੇ ਪਾਣੀ ਦੀ 100 ਫੀਸਦੀ ਸਪਲਾਈ ਯਕੀਨੀ ਬਣਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਪਿੰਡਾਂ ਦੇ ਚਹੁੰ-ਪੱਖੀ ਵਿਕਾਸ ਕੀਤਾ ਜਾਣਾ ਹੈ, ਇਸ ਲਈ ਉਪਰੋਕਤ ਪਿੰਡਾਂ ਵਿਚ ਜਿਹੜੀਆਂ ਸਹੂਲਤਾਂ ਦੀ ਕਮੀ ਹੈ, ਉਨ੍ਹਾਂ ਦੀ ਸ਼ਨਾਖ਼ਤ ਕਰ ਲਈ ਜਾਵੇ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਅਫਸਰ ਬਰਨਾਲਾ ਮੈਡਮ ਕਮਲਜੀਤ ਰਾਜੂ ਨੇ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਬਾਰੇ ਸਰਪੰਚਾਂ ਨੂੰ ਦੱਸਿਆ ਅਤੇ ਇਸ ਯੋਜਨਾ ਦਾ ਲਾਹਾ ਲੈਣ ਦੀ ਅਪੀਲ ਕੀਤੀ ਤਾਂ ਜੋ ਸਰਬਪੱਖੀ ਪੇਂਡੂ ਵਿਕਾਸ ਹੋ ਸਕੇ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸਰਬਜੀਤ ਸਿੰਘ ਤੂਰ, ਡੀਈਓ (ਐਲੀਮੈਂਟਰੀ) ਜਸਬੀਰ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫਸਰ ਕੁਲਵਿੰਦਰ ਸਿੰਘ, ਡੀਆਈਓ ਨੀਰਜ ਕੁਮਾਰ, ਬੀਡੀਪੀਓ ਪ੍ਰਵੇਸ਼ ਅਤੇ ਬੀਡੀਪੀਓਜ਼ ਭੂਸ਼ਣ ਕੁਮਾਰ ਤੇ ਸਰਪੰਚ ਹਾਜ਼ਰ ਸਨ।