ਕੈਪਟਨ ਵੱਲੋਂ ਵਿਧਾਨ ਸਭਾ ‘ਚ ਪਾਸ ਕਰਵਾਏ ਬਿਲ ਦੀ ਕੋਈ ਲੀਗਲ ਵੈਲਡਿਟੀ ਹੀ ਨਹੀਂ- ਕਾਲੀਆ
ਕਾਲੀਆ ਬੋਲੇ, ਹਾਲੇ ਸ਼ੋਰ ਜਿਆਦਾ, ਹੌਲੀ ਹੌਲੀ ਕਿਸਾਨਾਂ ਨੂੰ ਸਮਝ ਆਉਗਾ ਕਿ ਤਿੰਨੋਂ ਬਿੱਲ ਕਿਸਾਨਾਂ ਦੇ ਹਿੱਤ ‘ਚ,,,,
ਹਰਿੰਦਰ ਨਿੱਕਾ , ਬਰਨਾਲਾ 8 ਨਵੰਬਰ 2020
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਸ਼ਨੀਵਾਰ ਨੂੰ ” ਬਰਨਾਲਾ ਟੂਡੇ ,,ਨਾਲ ਵਿਸ਼ੇਸ ਗੱਲਬਾਤ ਦੌਰਾਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਬਿਲਾਂ ਦਾ ਲੰਬੇ ਸਮੇਂ ਤੋਂ ਸੜਕਾਂ ਤੇ ਆ ਕੇ ਵਿਰੋਧ ਕਰ ਰਹੇ ਕਿਸਾਨਾਂ ਬਾਰੇ ਕਿਹਾ ਕਿ ਕਿਸਾਨ ਗਲਤ ਫਹਿਮੀ ਵਿੱਚ ਹਨ ਅਤੇ ਰਾਜਸੀ ਪਾਰਟੀਆਂ ਕਿਸਾਨਾਂ ਨੂੰ ਗੁੰਮਰਾਹ ਕਰਨ ਤੇ ਲੱਗੀਆਂ ਹੋਈਆ ਹਨ। ਹਾਲੇ ਸ਼ੋਰ ਜਿਆਦਾ ਹੈ, ਹੌਲੀ ਹੌਲੀ ਕਿਸਾਨਾਂ ਨੂੰ ਸਮਝ ਆਉਗਾ ਕਿ ਤਿੰਨੋਂ ਬਿੱਲ ਕਿਸਾਨਾਂ ਦੇ ਹਿੱਤ ਵਿੱਚ ਹਨ।
ਕਾਲੀਆ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨਾਂ ਨੇ ਭਾਜਪਾ ਨੂੰ ਦੋ ਵਾਰ ਕੇਂਦਰ ਦੀ ਸੱਤਾ ਸੌਂਪੀ ਹੈ, ਇਸ ਲਈ ਭਾਜਪਾ ਸਰਕਾਰ ਕਿਵੇਂ ਕਿਸਾਨਾਂ ਦੇ ਵਿਰੁੱਧ ਕੋਈ ਬਿਲ ਪਾਸ ਕਰ ਸਕਦੀ ਹੈ। ਪੰਜਾਬ ਭਾਜਪਾ ਦੇ ਆਗੂ ਪੰਜਾਬ ਦੇ ਕਿਸਾਨਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਿਉਂ ਨਹੀਂ ਕਰਦੇ ਦੇ ਜੁਆਬ ਵਿੱਚ ਕਾਲੀਆ ਨੇ ਕਿਹਾ ਕਿ ਕੋਈ ਵੀ ਕਿਸਾਨ ਗੱਲ ਸੁਣਨ ਨੂੰ ਹੀ ਤਿਆਰ ਨਹੀਂ ਹੈ। ਕਾਲੀਆ ਨੇ ਮੰਨਿਆ ਕਿ ਕਿਸਾਨਾਂ ਦਾ ਭਾਜਪਾ ਦੇ ਪ੍ਰਤੀ ਵੱਧ ਰਿਹਾ ਰੋਸ ਭਾਜਪਾ ਦੇ ਹਿੱਤ ਵਿੱਚ ਨਹੀਂ ਹੈ। ਉਨਾਂ ਕਿਹਾ ਕਿ ਮੈਂ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਦੇ ਦਰਮਿਆਨ ਪੈਦਾ ਹੋਏ ਡੈਡਲੌਕ ਨੂੰ ਤੋੜ ਕੇ ਗੱਲਬਾਤ ਕਰਨ ਲਈ ਵਿਚੋਲਗੀ ਕਰਨ ਨੂੰ ਤਿਆਰ ਹਾਂ। ਉਨਾਂ ਕਿਹਾ ਕਿ ਪੰਜਾਬ ਭਾਜਪਾ ਦੇ ਲੀਡਰਾਂ ਨੇ ਕਿਸਾਨਾਂ ਦੇ ਰੋਸ ਅਤੇ ਮੰਗਾਂ ਬਾਰੇ ਕੇਂਦਰ ਸਰਕਾਰ ਤੱਕ ਗੱਲਬਾਤ ਪਹੁੰਚਾਈ ਹੈ। ਉਨਾਂ ਉਮੀਦ ਪ੍ਰਗਟ ਕੀਤੀ ਕਿ ਮੋਦੀ ਸਰਕਾਰ ਕਿਸਾਨਾਂ ਦੇ ਬਿਲਾਂ ਸਬੰਧੀ ਪੈਦਾ ਹੋਏ ਗਿਲੇ ਸ਼ਿਕਵੇ ਦੂਰ ਕਰ ਦੇਵੇਗੀ
ਕਿਸਾਨਾਂ ਦੇ ਮੁੱਦੇ ਤੇ ਰਾਜਨੀਤੀ ਕਰ ਰਹੇ ਕੈਪਟਨ-ਕਾਲੀਆ
ਮਨੋਰੰਜਨ ਕਾਲੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਪੰਜਾਬ ਵਿਧਾਨ ਸਭਾ ਵਿੱਚ ਬਿਲਾਂ ਨੂੰ ਰੱਦ ਕਰਨ ਲਈ ਪਾਸ ਕੀਤੇ ਮਤੇ ਬਾਰੇ ਬੋਲਦਿਆਂ ਕਿਹਾ ਕਿ ਇਸ ਮਤੇ ਦੀ ਕੋਈ ਲੀਗਲ ਵੈਲਡਿਟੀ ਹੀ ਨਹੀਂ ਹੈ। ਕਾਲੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੈਪਟਨ ਨੇ ਸਾਲ 2004 ਚ ਵੀ ਪਾਣੀਆਂ ਦੇ ਸਮਝੌਤੇ ਨੂੰ ਰੱਦ ਕਰਨ ਲਈ ਮਤਾ ਪਾਸ ਕੀਤਾ ਸੀ। ਪਰੰਤੂ ਉਸ ਸਮੇਂ ਕੇਂਦਰ ਵਿੱਚ ਵੀ ਕਾਂਗਰਸ ਦੀ ਹੀ ਸਰਕਾਰ ਸੀ, ਫਿਰ ਵੀ ਉਹ ਮਤਾ ਮੰਨਜੂਰ ਨਹੀਂ ਹੋਇਆ ਸੀ। ਪਰੰਤੂ ਉਦੋਂ ਕੈਪਟਨ ਨਾ ਰਾਸ਼ਟਰਪਤੀ ਨੂੰ ਮਿਲੇ ਅਤੇ ਨਾ ਹੀ ਕੇਂਦਰ ਸਰਕਾਰ ਦੇ ਖਿਲਾਫ ਦਿੱਲੀ ਵਿੱਚ ਵਿਧਾਇਕਾਂ ਨੂੰ ਨਾਲ ਲੈ ਕੇ ਕੋਈ ਧਰਨਾ ਦਿੱਤਾ। ਇਸ ਤੋਂ ਸਾਫ ਜਾਹਿਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਿਰਫ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀ ਰਾਜਨੀਤੀ ਚਮਕਾਉਣ ਵਿੱਚ ਲੱਗੇ ਹੋਏ ਹਨ।
ਕੈਬਨਿਟ ਮੰਤਰੀ ਜਿਆਣੀ ਦਾ ਮੀਡੀਆ ਵਿੱਚ ਆਉਣਾ ਗਲਤ
ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਪਿਛਲੇ ਦਿਨੀਂ ਸਾਬਕਾ ਕੈਬਨਿਟ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਜਿਆਣੀ ਵੱਲੋਂ ਕਿਸਾਨਾਂ ਦੇ ਮੁੱਦੇ ਤੇ ਮੀਡੀਆ ਵਿੱਚ ਜੋ ਬੋਲਿਆ ਗਿਆ, ਉਹ ਗਲਤ ਹੈ। ਜਿਆਣੀ ਵੱਡੇ ਆਗੂ ਹਨ, ਉਨਾਂ ਨੂੰ ਇਸ ਤਰਾਂ ਆਪਣੀ ਪਾਰਟੀ ਦੀ ਲੀਡਰਸ਼ਿਪ ਅਤੇ ਸਰਕਾਰ ਦੇ ਖਿਲਾਫ ਮੀਡੀਆ ਵਿੱਚ ਬੋਲਣਾ ਠੀਕ ਨਹੀਂ ਹੈ। ਉਨਾਂ ਨੂੰ ਆਪਣੀ ਗੱਲ ਪਾਰਟੀ ਪਲੇਟਫਾਰਮ ਤੇ ਹੀ ਰੱਖਣੀ ਚਾਹੀਦੀ ਸੀ। ਇਸ ਮੌਕੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਯਾਦਵਿੰਦਰ ਸੰਟੀ, ਸਾਬਕਾ ਜਿਲ੍ਹਾ ਪ੍ਰਧਾਨ ਗੁਰਮੀਤ ਬਾਵਾ ਹੰਡਿਆਇਆ, ਕਿਸਾਨ ਆਗੂ ਸੁਖਵੰਤ ਸਿੰਘ ਧਨੌਲਾ ਤੇ ਹੋਰ ਨੇਤਾ ਵੀ ਹਾਜਿਰ ਰਹੇ।