ਹਰਿੰਦਰ ਨਿੱਕਾ , ਬਰਨਾਲਾ, 8 ਨਵੰਬਰ 2020
ਕੇਂਦਰ ਸਰਕਾਰ ਵੱਲੋਂ ਪੰਜਾਬ ’ਚ ਰੇਲ ਗੱਡੀਆਂ ਚਲਾਉਣ ਦੀ ਬੇਯਕੀਨੀ ਵਾਲੀ ਹਾਲਤ ਦੇ ਚਲਦਿਆਂ ਫੌਜ ਅਤੇ ਪੰਜਾਬ ਤੋਂ ਬਾਹਰ ਹੋਰਨਾਂ ਰਾਜਾਂ ਵਿੱਚ ਨੌਕਰੀਆਂ ਕਰਦੇ ਲੋਕਾਂ ਖਾਸ ਕਰਕੇ ਫੌਜੀਆਂ ਵਿੱਚ ਬੇਚੈਨੀ ਵਾਲੀ ਸਥਿਤੀ ਬਣੀ ਹੋਈ ਹੈ। ਰੇਲਾਂ ਬੰਦ ਹੋਣ ਕਾਰਨ ਪਹਿਲਾਂ ਦੁਸਹਿਰੇ ਮੌਕੇ ਘਰ ਪਹੁੰਚਣ ਤੋਂ ਵਾਂਝੇ ਰਹਿ ਗਏ ਪੰਜਾਬੀ ,ਹੁਣ ਦੀਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਵੀ ਆਪਣੇ ਪਰਿਵਾਰਾਂ ਨਾਲ ਸਾਂਝੀਆਂ ਕਰਨ ਤੋਂ ਅਸਮਰੱਥ ਨਜ਼ਰ ਆ ਰਹੇ ਹਨ, ਕਿਉਂਕਿ ਪੰਜਾਬ ਤੋਂ ਬਾਹਰ ਦੇ ਰਾਜਾਂ ਵਿੱਚ ਰੋਜ਼ੀ ਰੋਟੀ ਕਮਾਉਣ ਗਏ , ਇਨ੍ਹਾਂ ਲੋਕਾਂ ਲਈ ਕਮਜ਼ੋਰ ਵਿੱਤੀ ਸਾਧਨਾਂ ਦੇ ਚਲਦਿਆਂ ਹਵਾਈ ਸਾਧਨਾਂ ਰਾਹੀਂ ਘਰਾਂ ਨੂੰ ਪਰਤਣਾ ਬੇਹੱਦ ਮੁਸ਼ਕਲ ਹੈ।
ਸੱਜ ਵਿਆਹੀ ਪੁਸ਼ਪਿੰਦਰ ਕੌਰ ਨੇ ਕਿਹਾ ਕਿ ਵਿਆਹ ਤੋਂ ਬਾਅਦ ਸਾਡੀ ਪਹਿਲੀ ਦੀਵਾਲੀ ਹੈ, ਉਮੀਦ ਸੀ ਮੇਰਾ ਫੌਜੀ ਪਤੀ ਦੀਵਾਲੀ ਮੌਕੇ ਛੁੱਟੀ ਲੈ ਕੇ ਘਰ ਆਉਗਾ, ਪਰੰਤੂ ਕੇਂਦਰ ਸਰਕਾਰ ਨੇ ਰੇਲ ਗੱਡੀਆਂ ਨਾ ਚਲਾ ਕੇ ਸਾਡੇ ਦੋਵਾਂ ਜੀਆਂ ਅਤੇ ਦੋਵਾਂ ਪਰਿਵਾਰਾਂ ਦੇ ਦਿਲਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਇਲਾਕੇ ਦੇ ਇੱਕ ਪ੍ਰਸਿੱਧ ਉਦਯੋਗਿਕ ਘਰਾਣੇ ਵਿੱਚ ਨੌਕਰੀ ਕਰਦੇ ਸੰਜੀਵ ਕੁਸ਼ਵਾਹਾ ਅਤੇ ਪ੍ਰਦੀਪ ਮਿਸ਼ਰਾ ਨੇ ਕਿਹਾ ਕਿ ਦੀਵਾਲੀ ਸਾਲ ਦਾ ਇੱਕੋ ਇੱਕ ਅਜਿਹਾ ਤਿਉਹਾਰ ਹੈ, ਜਦੋਂ ਹਰ ਕੋਈ ਦੀਵਾਲੀ ਦਾ ਤਿਉਹਾਰ ਆਪਣੇ ਪਰਿਵਾਰ ਕੋਲ ਜਾ ਕੇ ਮਨਾਉਣ ਦੀਆਂ ਪਹਿਲਾਂ ਹੀ ਸਕੀਮਾਂ ਤਿਆਰ ਕਰਨ ਲੱਗ ਜਾਂਦਾ ਹੈ। ਇਸ ਵਾਰ ਤਾਂ ਕੇਂਦਰ ਸਰਕਾਰ ਨੇ ਰੇਲ ਗੱਡੀਆਂ ਨਾ ਚਲਾ ਕੇ ਹਜਾਰਾਂ ਕਿਲੋਮੀਟਰ ਆਪਣਿਆਂ ਤੋਂ ਦੂਰ ਬੈਠੇ ਵਿਅਕਤੀਆਂ ਲਈ ਮੁਬੀਬਤ ਖੜੀ ਕਰ ਦਿੱਤੀ ਹੈ। ਉਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਨੂੰ ਪੰਜਾਬ ਅੰਦਰ ਨੌਕਰੀ ਕਰਦੇ ਲੱਖਾਂ ਬਾਹਰੀ ਰਾਜਾਂ ਦੇ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਰੇਲਾਂ ਚਲਾਉਣ ਦਾ ਐਲਾਨ ਕਰ ਦੇਣਾ ਚਾਹੀਦਾ ਹੈ।
ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਦੇ ਮੈਦਾਨ ਵਿੱਚ ਲਈ ਡਟੀਆਂ ਕਿਸਾਨ ਯੂਨੀਅਨਾਂ ਨੇ ਵੀ ਭਾਵੇਂ ਮਾਲ ਗੱਡੀਆਂ ਲਈ ਰੇਲਵੇ ਲਾਈਨਾਂ ਛੱਡ ਦਿੱਤੀਆਂ ਹਨ। ਪਰ ਯਾਤਰੀ ਗੱਡੀਆਂ ਚੱਲਣ ਬਾਰੇ ਸਥਿਤੀ ਹਾਲੇ ਵੀ ਸਪਸ਼ਟ ਨਾ ਹੋਣ ਕਾਰਨ ਪੰਜਾਬ ਤੋਂ ਬਾਹਰੀ ਰਾਜਾਂ ਵਿਚ ਨੌਕਰੀ ਕਰਦੇ ਲੋਕਾਂ ਵਿੱਚ ਅਨਿਸ਼ਚਿਤਤਾ ਦਾ ਮਾਹੌਲ ਬਣਿਆ ਹੋਇਆ ਹੈ। ਸਿਰਫ਼ ਪੰਜਾਬ ਤੋਂ ਬਾਹਰਲੇ ਰਾਜਾਂ ਤੋਂ ਪੰਜਾਬ ਆਉਣ ਦੇ ਚਾਹਵਾਨਾਂ ਹੀ ਨਹੀਂ, ਬਲਕਿ ਪੰਜਾਬ ਤੋਂ ਆਪਣੇ ਰਾਜਾਂ ਨੂੰ ਜਾਣ ਦੇ ਚਾਹਵਾਨ ਲੋਕਾਂ ਲਈ ਵੀ ਇਹ ਮੁਸ਼ਕਲ ਦੀ ਘੜੀ ਬਣੀ ਹੋਈ ਹੈ।
ਜੰਮੂ ਤੇ ਕਸ਼ਮੀਰ ਤੋਂ ਦੇਸ਼ ਦੇ ਹੋਰਨਾਂ ਭਾਗਾਂ ’ਚ ਜਾਣ ਵਾਲੇ ਫੌਜੀ ਜਾਂ ਨੀਮ ਫ਼ੌਜੀ ਬਲਾਂ ਦੇ ਜਵਾਨ ਪੰਜਾਬ ਦੇ ਰੇਲਵੇ ਟਰੈਕ ਸੁੰਨੇ ਪਏ ਹੋਣ ਕਾਰਨ ਕੇਂਦਰ ਸਰਕਾਰ ਵੱਲੋਂ ਰੇਲ ਗੱਡੀਆਂ ਚਲਾਉਣ ਦੀ ਉਡੀਕ ’ਚ ਹਨ। ਕਿਉਂਕਿ ਇਸ ਲਈ ਇੱਕੋ-ਇਕ ਰੂਟ ਜੰਮੂ-ਪਠਾਨਕੋਟ ਹੀ ਹੈ।