ਕੇਸ ਦਰਜ਼- 25 ਹਜ਼ਾਰ ਰੁਪਏ ਕੀਮਤ ਦੇ 4 ਡੱਬੇ ਪਟਾਖੇ ਬਰਾਮਦ
ਹਰਿੰਦਰ ਨਿੱਕਾ , ਬਰਨਾਲਾ 8 ਨਵੰਬਰ 2020
ਦੀਵਾਲੀ ਦਾ ਦਿਨ ਨੇੜੇ ਆਉਂਦਿਆਂ ਹੀ ਪੁਲਿਸ ਨੇ ਸ਼ਹਿਰ ਅੰਦਰ ਗੈਰ ਕਾਨੂੰਨੀ ਢੰਗ ਨਾਲ ਬਿਨਾਂ ਲਾਇਸੰਸ ਪਟਾਖੇ ਸਟੋਰ ਕਰਨ ਵਾਲਿਆਂ ਦੀ ਪੈੜ ਦੱਬਣੀ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਪੁਲਿਸ ਨੇ ਪੁਰਾਣਾ ਕਿਲਾ ਮੁਹੱਲਾ ਖੇਤਰ ਦੇ ਰਹਿਣ ਵਾਲੇ ਪ੍ਰਦੀਪ ਕੁਮਾਰ ਰਿੰਕੂ ਦੇ ਸਟੋਰ ਤੇ ਛਾਪਾ ਮਾਰ ਕੇ ਉਸ ਦੇ ਕਬਜੇ ‘ਚੋਂ 4 ਡੱਬੇ ਪਟਾਖਿਆਂ ਦੇ ਬਰਾਮਦ ਵੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ 1 ਦੇ ਐਸ.ਐਚ.ਉ. ਲਖਵਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਪਰਦੀਪ ਕੁਮਾਰ ਦੀ ਅਗਵਾਈ ਵਿੱਚ ਗਸ਼ਤ ਕਰ ਰਹੀ ਪੁਲਿਸ ਪਾਰਟੀ ਨੂੰ ਮੁਖਬਰ ਤੋਂ ਸੂਚਨਾ ਮਿਲੀ ਕਿ ਪਰਦੀਪ ਕੁਮਾਰ ਉਰਫ ਰਿੰਕੂ ਨਿਵਾਸੀ ਪੁਰਾਣਾ ਕਿਲਾ ਮੁਹੱਲਾ ਨੇ ਆਰੇ ਵਾਲੀ ਗਲੀ, ਨੇੜੇ ਮਿਡਲ ਸਕੂਲ ਬਰਨਾਲਾ ਕੋਲ ਬਣਾਏ ਆਪਣੇ ਸਟੋਰ ਵਿੱਚ ਧਮਾਕਾਖੇਜ ਪਟਾਖੇ ਸਟੋਰ ਕੀਤੇ ਹੋਏ ਹਨ। ਪੁਲਿਸ ਪਾਰਟੀ ਨੇ ਛਾਪਾਮਾਰੀ ਕਰਕੇ ਰਿੰਕੂ ਦੇ ਸਟੋਰ ਵਿੱਚੋਂ 4 ਡੱਬੇ ਪਟਾਖੇ ਮਾਰਕਾ ਰਵਿੰਦਰਾ ਬਰਾਮਦ ਕਰਕੇ ਉਸ ਨੂੰ ਗਿਰਫਤਾਰ ਕਰ ਲਿਆ ਅਤੇ ਬਰ ਜਮਾਨਤ ਰਿਹਾ ਵੀ ਕਰ ਦਿੱਤਾ ਗਿਆ। ਐਸ.ਐਚ.ਉ. ਲਖਵਿੰਦਰ ਸਿੰਘ ਨੇ ਕਿਹਾ ਕਿ ਕੋਈ ਵੀ ਦੁਕਾਨਦਾਰ ਬਿਨਾਂ ਲਾਇਸੰਸ ਤੋਂ ਨਾ ਪਟਾਖੇ ਸਟੋਰ ਨਾ ਕਰੇ । ਉਨਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਤੋਂ ਲਾਇਸੰਸ ਲੈ ਕੇ ਹੀ ਪਟਾਖੇ ਸਟੋਰ ਕੀਤੇ ਜਾ ਸਕਦੇ ਹਨ ਅਤੇ ਪਟਾਖਿਆਂ ਦੀ ਵਿਕਰੀ ਕੀਤੀ ਜਾ ਸਕਦੀ ਹੈ। ਪ੍ਰਸ਼ਾਸ਼ਨ ਦੇ ਹੁਕਮਾਂ ਦਾ ਉਲੰਘਣ ਕਰਨ ਵਾਲੇ ਕਿਸੇ ਵੀ ਦੁਕਾਨਦਾਰ ਨੂੰ ਬਖਸ਼ਿਆ ਨਹੀਂ ਜਾਵੇਗਾ।