ਬੀ.ਟੀ.ਐਨ. ਫਾਜ਼ਿਲਕਾ, 20 ਅਕਤੂਬਰ 2020
ਫਾਜ਼ਿਲਕਾ ਦੇ ਵਿਧਾਇਕ ਸ: ਦਵਿੰਦਰ ਸਿੰਘ ਘੁਬਾਇਆ ਨੇ ਆਖਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂੁਬਾ ਸਰਕਾਰ ਨੇ ਵਿਧਾਨ ਸਭਾ ਵਿਚ ਕਿਸਾਨਾਂ ਦੇ ਹੱਕ ਵਿਚ ਬਿੱਲ ਲਿਆ ਕੇ ਕਿਸਾਨੀ ਨੂੰ ਤਬਾਹ ਹੋਣ ਤੋਂ ਬਚਾ ਲਿਆ ਹੈ। ਇੱਥੋਂ ਜਾਰੀ ਪ੍ਰੈਸ ਬਿਆਨ ਵਿਚ ਸ੍ਰੀ ਦਵਿੰਦਰ ਸਿੰਘ ਘੁਬਾਇਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਉਨਾਂ ਲਈ ਪੰਜਾਬ ਤੋਂ ਵੱਧ ਕੇ ਕੁਝ ਨਹੀਂ ਹੈ। ਉਨਾਂ ਨੇ ਕਿਹਾਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਖਿਲਾਫ ਜੋ ਤਿੰਨ ਬਿੱਲ ਲਿਆਂਦੇ ਸਨ ਪੰਜਾਬ ਸਰਕਾਰ ਨੇ ਉਨਾਂ ਦੇ ਪ੍ਰਭਾਵ ਨੂੰ ਪੰਜਾਬ ਵਿਚੋਂ ਖਤਮ ਕਰਨ ਲਈ ਬਿੱਲ ਲਿਆ ਕੇ ਪੰਜਾਬ ਦੇ ਕਿਸਾਨ, ਆੜਤੀਏ, ਟਰਾਂਸਪੋਰਟਰ, ਖੇਤ ਮਜਦੂਰਾਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ।
ਸ: ਘੁਬਾਇਆ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਬਿੱਲ ਅਨੁਸਾਰ ਜੇਕਰ ਕੋਈ ਘੱਟੋਂ ਘੱਟ ਸਮਰੱਥਨ ਮੁੱਲ ਤੋਂ ਘੱਟ ਤੇ ਕਿਸਾਨ ਦੀ ਫਸਲ ਖਰੀਦੇਗਾ ਤਾਂ ਉਸਨੂੰ ਤਿੰਨ ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਇਸੇ ਤਰਾਂ ਢਾਈ ਏਕੜ ਤੋਂ ਘੱਟ ਮਾਲਕੀ ਵਾਲੇ ਕਿਸਾਨਾਂ ਦੀ ਜਮੀਨ ਵੀ ਕਿਸੇ ਵਸੂਲੀ ਲਈ ਅਟੈਚ ਨਹੀਂ ਹੋ ਸਕੇਗੀ। ਉਨਾਂ ਨੇ ਸਮੂਹ ਕਿਸਾਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਉਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਹਰ ਪਾਸੇ ਸਵਾਗਤ ਹੋ ਰਿਹਾ ਹੈ ਅਤੇ ਕਿਸਾਨਾਂ ਸਮੇਤ ਸਾਰੀਆਂ ਸਬੰਧਤ ਧਿਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।