ਵਟਸਐਪ ਨੰਬਰ +916283191730 ਰਾਹੀਂ ਕਿਸਾਨ ਮਾਹਰਾਂ ਪਾਸੋਂ ਪ੍ਰਾਪਤ ਕਰਨ ਜਾਣਕਾਰੀ : ਮੁੱਖ ਖੇਤੀਬਾੜੀ ਅਫ਼ਸਰ
ਰਿਚਾ ਨਾਗਪਾਲ ਪਟਿਆਲਾ, 20 ਅਕਤੂਬਰ:2020
ਪੰਜਾਬ ਸਰਕਾਰ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਹੈਪੀ ਸੀਡਰ ਤੇ ਸੁਪਰ ਸੀਡਰ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਵਟਸਐਪ ਨੰਬਰ +916283191730 ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਡਾ. ਸੁਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਹੁਣ ਕਿਸਾਨ ਆਧੁਨਿਕ ਮਸ਼ੀਨਰੀ ਦੀ ਵਰਤੋਂ ਅਤੇ ਫ਼ਸਲਾਂ ਸਬੰਧੀ ਮਹੱਤਵਪੂਰਣ ਜਾਣਕਾਰੀ ਘਰ ਬੈਠੇ ਹੀ ਆਪਣੇ ਮੋਬਾਈਲ ਰਾਹੀਂ ਪ੍ਰਾਪਤ ਕਰ ਸਕਦੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਨੇ ਤਕਨੀਕੀ ਜਾਣਕਾਰੀ ਪ੍ਰਾਪਤ ਕਰਨ ਦੀ ਵਿਧੀ ਸਬੰਧੀ ਵੇਰਵੇ ਦਿੰਦਿਆ ਦੱਸਿਆ ਕਿ ਸਭ ਤੋਂ ਪਹਿਲਾਂ ਕਿਸਾਨ ਆਪਣੇ ਫੋਨ ‘ਚ +916283191730 ਨੰਬਰ ਸੇਵ ਕਰਨਗੇ ਅਤੇ ਫੇਰ ਵਟਸਐਪ ਐਪਲੀਕੇਸ਼ਨ ‘ਤੇ ਜਾਕੇ ਪੰਜਾਬੀ, ਹਿੰਦੀ ਜਾ ਫੇਰ ਅੰਗਰੇਜ਼ੀ ਭਾਸ਼ਾ ‘ਚ ‘ਪਰਾਲੀ’ ਸ਼ਬਦ ਟਾਈਪ ਕਰਕੇ ਉਕਤ ਨੰਬਰ ‘ਤੇ ਸੰਦੇਸ਼ ਭੇਜਿਆ ਜਾਵੇਗਾ ਅਤੇ ਫੇਰ ਹੈਪੀ ਸੀਡਰ ਅਤੇ ਸੁਪਰ ਸੀਡਰ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਆਪਸ਼ਨ ਪੁੱਛੇ ਜਾਣਗੇ ਅਤੇ ਕਿਸਾਨ ਜਿਹੜੀ ਮਸ਼ੀਨ ਸਬੰਧੀ ਜਾਣਕਾਰੀ ਲੈਣਾ ਚਾਹੁੰਦੇ ਹਨ ਉਹ ਬਟਨ ਦਬਾਅ ਕੇ ਜਾਣਕਾਰੀ ਪ੍ਰਾਪਤ ਕਰ ਸਕਣਗੇ।
ਡਾ. ਵਾਲੀਆ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਵੱਲੋਂ ਵੀਡੀਓ ਸੰਦੇਸ਼ ਰਾਹੀਂ ਕਿਸਾਨਾਂ ਨੂੰ ਮਸ਼ੀਨਾਂ ਦੀ ਵਰਤੋਂ ਸਮੇਤ, ਫ਼ਸਲਾਂ ਲਈ ਧਿਆਨ ਦੇਣ ਯੋਗ ਗੱਲਾਂ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ, ਜਿਸ ਵਿੱਚ ਕਣਕ ਬੀਜਣ ਦੇ ਸਹੀ ਸਮੇਂ, ਬੀਜ ਦੀ ਮਾਤਰਾ, ਫ਼ਸਲ ਦਾ ਝਾੜ, ਨਦੀਨ ਪ੍ਰਬੰਧਨ ਅਤੇ ਸਿੰਚਾਈ ਪ੍ਰਬੰਧਨ ਵਰਗੀਆਂ ਮਹੱਤਵਪੂਰਨ ਜਾਣਕਾਰੀਆਂ ਵੀ ਵੀਡੀਓ ਸੰਦੇਸ਼ ਰਾਹੀਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਮਸ਼ੀਨਰੀ ਅਤੇ ਫ਼ਸਲਾਂ ਸਬੰਧੀ ਜਾਣਕਾਰੀ ਲਈ ਮਾਹਰਾਂ ਦੀ ਕਿਸੇ ਵੀ ਸਮੇਂ ਰਾਏ ਲੈਣ ਲਈ ਕਿਸਾਨ ਉਕਤ ਵਟਸਐਪ ਨੰਬਰ ਦੀ ਵਰਤੋਂ ਕਰਨ।