*ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿੱਚ 29 ਅਤੇ 30 ਨੂੰ ਲੱਗਣਗੇ ਰੋਜ਼ਗਾਰ ਮੇਲੇ
*ਡਿਪਟੀ ਕਮਿਸ਼ਨਰ ਵੱਲੋਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਲਾਹਾ ਲੈਣ ਦਾ ਸੱਦਾ
*ਹੁਣ 25 ਸਤੰਬਰ ਦੀ ਜਗ੍ਹਾ 29 ਨੂੰ ਲੱਗੇਗਾ ਰੋਜ਼ਗਾਰ ਮੇਲਾ
ਅਜੀਤ ਸਿੰਘ ਕਲਸੀ ਬਰਨਾਲਾ, 23 ਸਤੰਬਰ 2020
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ‘ਘਰ ਘਰ ਰੋਜ਼ਗਾਰ ਮਿਸ਼ਨ’ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ 29 ਅਤੇ 30 ਸਤੰਬਰ ਨੂੰ ਰੋਜ਼ਗਾਰ ਮੇਲੇ ਲਾਏ ਜਾ ਰਹੇ ਹਨ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ ਹੈ। ਜ਼ਿਲ੍ਹੇ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਇਹ ਮੇਲੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਲਗਾਏ ਜਾ ਰਹੇ ਹਨ। ਦੱਸਣਯੋਗ ਹੈ ਕਿ ਪਹਿਲਾਂ ਰੋਜ਼ਗਾਰ ਮੇਲਾ ਜੋ 25 ਸਤੰਬਰ ਨੂੰ ਲਾਇਆ ਜਾਣਾ ਸੀ, ਉਹ ਹੁਣ 29 ਸਤੰਬਰ ਨੂੰ ਲੱਗੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱੱਲੋਂ ਸੂਬੇ ਭਰ ਵਿਚ ਰਾਜ ਪੱਧਰੀ ਰੁਜ਼ਗਾਰ ਮੇਲੇ ਲਾਏ ਜਾ ਰਹੇ ਹਨ। ਇਸ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਦੋ ਰੋਜ਼ਗਾਰ ਮੇਲੇ ਲਾਏ ਜਾਣੇ ਹਨ। ਇਹ ਰੋਜ਼ਗਾਰ ਮੇਲੇ ਮਿਤੀ 29 ਸਤੰਬਰ ਅਤੇ 30 ਸਤੰਬਰ ਨੂੰ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਲਗਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਬੇਰੋਜ਼ਗਾਰ ਪ੍ਰਾਰਥੀ www.pgrkam.com ’ਤੇ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ ਤਾਂ ਜੋ ਉਹ ਸਮੇਂ ਸਮੇਂ ’ਤੇ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਲਈ ਅਪਲਾਈ ਕਰ ਸਕਣ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਦੇ ਹੈਲਪਲਾਈਨ ਨੰਬਰ 94170-39072 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਦਸਵੀਂ ਤੋਂ ਪੋਸਟ ਗ੍ਰੈਜੂਏਸ਼ਨ ਤੱਕ ਯੋਗਤਾ ਵਾਲੇ ਨੌਜਵਾਨ ਲੈ ਸਕਦੇ ਹਨ ਲਾਹਾ
ਜ਼ਿਲ੍ਹਾ ਰੋਜਗਾਰ ਉਤਪਤੀ ਹੁਨਰ, ਵਿਕਾਸ ਤੇ ਸਿਖਲਾਈ ਅਫਸਰ ਗੁਰਤੇਜ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੇਲਿਆਂ ਵਿੱਚ ਨੌਕਰੀਆਂ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਦੀ ਘੱਟੋ-ਘੱਟ ਯੋਗਤਾ 10ਵੀਂ, 12ਵੀਂ, ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਰੋਜ਼ਗਾਰ ਮੇਲਿਆਂ ਦਾ ਸਮਾਂ ਸਵੇਰੇ 10 ਤੋਂ ਸ਼ਾਮ 5 ਵਜੇ ਹੈ, ਵਿਦਿਆਰਥੀ ਸਵੇਰੇ 9:30 ਤੱਕ ਸੰਘੇੜਾ ਕਾਲਜ ਪੁੱਜ ਸਕਦੇ ਹਨ। ਉਨ੍ਹਾਂ ਆਖਿਆ ਕਿ ਜਿਹੜੇ ਵਿਦਿਆਰਥੀਆਂ ਨੇ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਕਰਵਾਈ, ਉਹ ਮੌਕੇ ’ਤੇ ਫਾਰਮ ਭਰ ਕੇ ਅਪਲਾਈ ਕਰ ਸਕਦੇ ਹਨ।
ਮੇਲੇ ਵਿਚ ਪੁੱਜਣਗੀਆਂ 30 ਤੋਂ ਵੱਧ ਕੰਪਨੀਆਂ
ਪਲੇਸਮੈਂਟ ਅਫਸਰ ਸੋਨਾਕਸ਼ੀ ਨੰਗਲਾ ਨੇ ਦੱਸਿਆ ਕਿ ਇਨ੍ਹਾਂ ਮੇਲਿਆਂ ਵਿਚ ਟਰਾਈਡੈਂਟ ਲਿਮਟਿਡ, ਆਈਓਐਲ ਕੈਮੀਕਲਜ਼ ਐਂਡ ਫਾਰਮਾਸੂਟੀਕਲ ਲਿਮਟਿਡ, ਪੁਖਰਾਜ ਹੈਲਥਕੇਅਰ ਪ੍ਰਾਈਵੇਟ ਲਿਮਟਿਡ, ਟੈਲੀਪਰਫਾਰਮੈਂਸ, ਭਾਰਤੀ ਏਅਰਟੈਲ ਤੇ ਵਰਧਮਾਨ ਟੈਕਸਟਾਈਲ ਲਿਮਟਿਡ ਸਮੇਤ 30 ਵੱਧ ਕੰਪਨੀਆਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਪੁੱਜਣਗੀਆਂ।