ਹਾਲ ਏ ਬਰਨਾਲਾ ਪੁਲਿਸ -ਕਤਲ ਤੋਂ 25 ਮਹੀਨੇ 17 ਦਿਨ ਬਾਅਦ ਵੀ ਖੁੱਲ੍ਹੇ ਫਿਰ ਰਹੇ ਕਾਤਿਲ

Advertisement
Spread information

ਪੁੱਤ ਦੇ ਕਾਤਿਲਾਂ ਦੀ ਗਿਰਫਤਾਰੀ ਲਈ ਥਾਂ ਥਾਂ ਰੁਲ ਰਹੀ ਬੁੱਢੀ ਮਾਂ

ਸ਼ਰਮਨਾਕ- ਹਾਈਕੋਰਟ ਦੀ ਫਿਟਕਾਰ ਤੋਂ ਬਾਅਦ ਹੋਇਆ ਕਤਲ ਦਾ ਕੇਸ ਦਰਜ਼

ਜੇ ਦੋਸ਼ੀ ਗਿਰਫਤਾਰ ਨਾ ਕੀਤੇ, ਫਿਰ ਥਾਣਾ ਸਿਟੀ ਮੂਹਰੇ ਲਾਊਂ ਪੱਕਾ ਧਰਨਾ-ਗੁਰਦੇਵ ਕੌਰ

ਸ਼ੈਸ਼ਨ ਜੱਜ ਨੇ ਦੋਸ਼ਣ ਨੀਤੂ ਰਾਣੀ ਨੂੰ ਅਗਾਉਂ ਜਮਾਨਤ ਦੇਣ ਤੋਂ ਕੀਤੀ ਨਾਂਹ


ਹਰਿੰਦਰ ਨਿੱਕਾ ਬਰਨਾਲਾ 12 ਜੁਲਾਈ 2020

               ਲੋਕਾਂ ਨੂੰ ਨਿਆਂ ਦੇਣ ਲਈ ਆਪਣੀ ਪਿੱਠ ਖੁਦ ਹੀ ਥਪਥਪਾ ਰਹੀ ਬਰਨਾਲਾ ਪੁਲਿਸ ਦੀ ਕਾਰਜ਼ਸ਼ੈਲੀ ਦਾ ਕਮਾਲ ਦੇਖੋ, ਕਤਲ ਦੀ ਘਟਨਾ ਤੋਂ 25 ਮਹੀਨੇ 17 ਦਿਨ ਬਾਅਦ ਵੀ ਕਾਤਿਲ ਸ਼ਰੇਆਮ ਸੜ੍ਹਕਾਂ ਤੇ ਦਨਦਨਾਉਂਦੇ ਫਿਰਦੇ ਹਨ। ਵਿਚਾਰੀ ਬੁੱਢੀ ਮਾਂ ਆਪਣੇ ਪੁੱਤ ਦੇ ਕਾਤਿਲਾਂ ਨੂੰ ਗਿਰਫਤਾਰ ਕਰਵਾਉਣ ਲਈ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੈ। ਹੁਣ ਵਿਧਵਾ ਗੁਰਦੇਵ ਕੌਰ ਨੇ ਇਨਸਾਫ ਲੈਣ ਅਤੇ ਆਪਣੇ ਪੁੱਤ ਦੇ ਕਾਤਿਲਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਣ ਲਈ ਆਰ ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਗੁਰਦੇਵ ਕੌਰ ਨੇ ਕਿਹਾ ਕਿ ਜੇ ਪੁਲਿਸ ਨੇ 2 ਦਿਨ ਚ, ਕਾਤਿਲਾਂ ਨੂੰ ਗਿਰਫਤਾਰ ਨਹੀਂ ਕੀਤਾ, ਤਾਂ ਉਹ ਥਾਣਾ ਸਿਟੀ 1 ਦੇ ਬਾਹਰ ਪੱਕਾ ਧਰਨਾ ਲਾਉਣ ਨੂੰ ਮਜਬੂਰ ਹੋਵੇਗੀ। ਉਸ ਨੇ ਕਿਹਾ ਕਿ ਜਿੰਨਾਂ ਚਿਰ ਪੁਲਿਸ ਦੋਸ਼ੀਆਂ ਨੂੰ ਨਹੀਂ ਫੜ੍ਹਦੀ, ਉਨਾਂ ਚਿਰ ਤੱਕ ਉਹ ਭੁੱਖਣ-ਭਾਣੇ ਦਿਨ ਰਾਤ ਥਾਣੇ ਅੱਗੇ ਹੀ ਬਹਿ ਕੇ ਕੀਰਨੇ ਪਾਉਂਦੀ ਰਹੇਗੀ। ਬੁੱਢੀ ਮਾਂ ਨੂੰ ਇਨਸਾਫ ਦੁਆਉਣ ਲਈ ਹੁਣ ਵਪਾਰ ਮੰਡਲ ਦੇ ਪ੍ਰਧਾਨ ਨਾਇਬ ਸਿੰਘ ਕਾਲਾ ਤੇ ਹੋਰ ਵੱਖ ਵੱਖ ਸੰਸਥਾਵਾਂ ਦੇ ਆਗੂ ਵੀ ਅੱਗੇ ਆ ਗਏ ਹਨ।

Advertisement

ਕਦੋਂ ਹੋਇਆ ਕਤਲ,ਕਦੋਂ ਹੋਇਆ ਕੇਸ ਦਰਜ਼

ਵਪਾਰੀ ਆਗੂ ਨਾਇਬ ਸਿੰਘ ਕਾਲਾ ਨੇ ਦੱਸਿਆ ਕਿ ਅਜਾਇਬ ਸਿੰਘ ਨਿਵਾਸੀ ਸੰਧੂ ਪੱਤੀ ਬਰਨਾਲਾ ਨੂੰ ਉਸ ਦੀ ਪਤਨੀ ਨੀਤੂ ਰਾਣੀ ਨੇ ਆਪਣੀ ਮਾਂ ਅਤੇ ਭੈਣਾਂ ਨਾਲ ਮਿਲ ਕੇ ਕੋਈ ਜਹਿਰੀਲੀ ਚੀਜ਼ ਦੇ ਦਿੱਤੀ ਸੀ। ਜਿਸ ਦੀ 26 ਮਈ 2018 ਨੂੰ ਮੌਤ ਹੋ ਗਈ ਸੀ। ਉਦੋਂ ਮ੍ਰਿਤਕ ਦੀ ਮਾਂ ਗੁਰਦੇਵ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨ ਚ, ਸਾਫ ਸਾਫ ਲਿਖਵਾਇਆ ਕਿ ਅਜਾਇਬ ਸਿੰਘ ਦੀ ਪਤਨੀ ਨੇ ਆਪਣੀ ਮਾਂ ਅਤੇ ਭੈਣਾਂ ਨਾਲ ਮਿਲ ਕੇ ਉਸ ਦਾ ਕਤਲ ਕੀਤਾ ਹੈ। ਪਰੰਤੂ ਪੁਲਿਸ ਨੇ ਕਤਲ ਦਾ ਕੇਸ ਦਰਜ਼ ਕਰਨ ਦੀ ਬਜਾਏ, 174 Crpc ਤਹਿਤ ਹੀ ਕਾਰਵਾਈ ਕਰ ਦਿੱਤੀ।

ਬਿਸਰਾ ਰਿਪੋਰਟ ਚ, ਹੋਈ ਜਹਿਰ ਦੀ ਪੁਸ਼ਟੀ

ਪੁਲਿਸ ਵੱਲੋਂ ਪੋਸਟਮਾਰਟਮ ਤੋਂ ਬਾਅਦ ਖਰੜ ਲੈਬ ਚ, ਜਾਂਚ ਲਈ ਭੇਜੀ ਬਿਸਰਾ ਰਿਪੋਰਟ ਵੀ 23/11/2018 ਨੂੰ ਪ੍ਰਾਪਤ ਹੋ ਗਈ।  ਇਸ ਰਿਪੋਰਟ ਚ, ਵੀ ਜਹਿਰੀਲੀ ਚੀਜ਼ ਨਾਲ ਮੌਤ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ । ਸਿਵਲ ਹਸਪਤਾਲ ਬਰਨਾਲਾ ਦੇ ਡਾਕਟਰ ਅੰਸ਼ੁਲ ਗਰਗ ਨੇ ਇਸ ਸਬੰਧੀ ਆਪਣੀ ਮੈਡੀਕਲ ਰਾਇ ਵੀ ਪੁਲਿਸ ਨੂੰ ਦੇ  ਦਿੱਤੀ। ਪਰੰਤੂ ਪੁਲਿਸ,, ਮੈਂ ਨਾ ਮਾਨੂੰ,,, ਵਾਲੀ ਧੁਨ ਦੀ ਪੱਕੀ ਰਹੀ। ਆਖਿਰ ਪੁਲਿਸ ਨੇ 4 /12/2018 ਨੂੰ ਅਣਪਾਛਤੇ ਦੋਸ਼ੀਆਂ ਖਿਲਾਫ ਅਧੀਨ ਜੁਰਮ 302/34 ਆਈ.ਪੀ.ਸੀ. ਦੇ ਤਹਿਤ ਥਾਣਾ ਸਿਟੀ ਬਰਨਾਲਾ ਚ, ਐਫਆਈਆਰ ਨੰਬਰ 526 ਦਰਜ਼ ਕਰਕੇ ਬੁੱਤਾ ਸਾਰ ਕੇ ਕਤਲ ਦੀ ਫਾਈਲ ਨੂੰ ਫਿਰ ਠੰਡੇ ਬਸਤੇ ਚ, ਪਾ ਦਿੱਤਾ।

19 ਮਹੀਨੇ 19 ਦਿਨ ਬਾਅਦ 1 ਦੋਸ਼ੀ ਨਾਮਜ਼ਦ

ਮ੍ਰਿਤਕ ਅਜਾਇਬ ਸਿੰਘ ਦੇ ਪਰਿਵਾਰ ਨੇ ਇਨਸਾਫ ਲਈ ਹਾਈਕੋਰਟ ਦਾ ਬੂਹਾ ਵੀ ਖੜਕਾਇਆ। ਜਿਸ ਤੋਂ ਬਾਅਦ ਹਰਕਤ ਚ, ਆਈ ਪੁਲਿਸ ਨੇ ਐਫ.ਆਈ.ਆਰ ਤੋਂ 19 ਮਹੀਨੇ 19 ਦਿਨ ਬਾਅਦ 23 /6/2020 ਨੂੰ ਕਤਲ ਦੇ ਦੋਸ਼ ਚ, ਮ੍ਰਿਤਕ ਦੀ ਪਤਨੀ ਨੀਤੂ ਰਾਣੀ ਨੂੰ ਦੋਸ਼ੀ ਨਾਮਜ਼ਦ ਕਰ ਦਿੱਤਾ। ਮ੍ਰਿਤਕ ਦੀ ਮਾਂ ਦੀਆਂ ਪੁੱਤ ਦੀ ਯਾਦ ਚ, ਤੜਫਦੀਆਂ ਆਂਦਰਾਂ ਨੂੰ ਰਾਹਤ ਦੇਣ ਲਈ ਪੁਲਿਸ ਨੇ ਦੋਸ਼ਣ ਨੂੰ ਗਿਰਫਤਾਰ ਤਾਂ ਕੀ ਕਰਨਾ ਸੀ। ਉਲਟਾ ਪੁਲਿਸ ਨੇ ਮ੍ਰਿਤਕ ਦੀ ਮਾਂ ਵੱਲੋਂ ਦਰਜ਼ ਬਿਆਨ ਨੂੰ ਨਜ਼ਰਅੰਦਾਜ ਕਰਕੇ ਹੋਰ ਦੋਸ਼ੀਆਂ ਨੂੰ ਹਾਲੇ ਤੱਕ ਵੀ ਕੇਸ ਚ, ਨਾਮਜ਼ਦ ਕਰਨਾ ਵੀ ਮੁਨਾਸਿਬ ਨਹੀਂ ਸਮਝਿਆ।

ਇਨਵੈਸਟੀਗੇਸ਼ਨ ਚੱਲ ਰਹੀ ਹੈ, ਗਿਰਫਤਾਰੀ ਲਈ ਰੇਡ ਜਾਰੀ-ਐਸਐਚਉ

ਥਾਣਾ ਸਿਟੀ 1 ਦੇ ਐਸਐਚਉ ਬਲਜੀਤ ਸਿੰਘ ਨੇ ਪੁੱਛਣ ਤੇ ਦੱਸਿਆ ਕਿ ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਤੇ ਦੋਸ਼ਣ ਦੀ ਗਿਰਫਤਾਰੀ ਲਈ ਰੇਡ ਕਰ ਰਹੇ ਹਾਂ। ਜਲਦ ਹੀ ਦੋਸ਼ਣ ਨੂੰ ਗਿਰਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕੇਸ ਚ, ਹੋਰ ਦੋਸ਼ੀਆਂ ਨੂੰ ਨਾਮਜਦ ਨਾ ਕਰਨ ਦੇ ਜੁਆਬ ਚ, ਕਿਹਾ ਕਿ ਮੁਦਈ ਨੇ ਨਾਮ ਲਿਖਵਾਏ ਹਨ, ਪਰ ਬਿਨਾਂ ਪੜਤਾਲ ਤੋਂ ਦੋਸ਼ੀ ਨਾਮਜਦ ਕਰਨਾ ਠੀਕ ਨਹੀਂ ਹੈ।

ਸ਼ੈਸ਼ਨ ਜੱਜ ਨੇ ਨੀਤੂ ਰਾਣੀ ਦੀ ਜਮਾਨਤ ਅਰਜੀ ਕੀਤੀ ਰੱਦ

ਕਤਲ ਦੇ ਕੇਸ ਚ, ਦੋਸ਼ੀ ਨਾਮਜ਼ਦ ਹੋਈ ਮ੍ਰਿਤਕ ਅਜਾਇਬ ਸਿੰਘ ਦੀ ਪਤਨੀ ਨੀਤੂ ਰਾਣੀ ਨੇ ਐਂਟੀਸਪੇਟਰੀ ਜਮਾਨਤ ਲੈਣ ਲਈ 6 ਜੁਲਾਈ ਨੂੰ ਬਰਨਾਲਾ ਅਦਾਲਤ ਚ, ਅਰਜੀ ਦਾਇਰ ਕੀਤੀ । 7 ਜੁਲਾਈ ਨੂੰ ਜਮਾਨਤ ਦੀ ਅਰਜੀ ਤੇ ਅਦਾਲਤ ਨੇ ਸੁਣਵਾਈ ਕੀਤੀ ਅਤੇ ਜਿਲ੍ਹਾ ਤੇ ਸ਼ੈਸ਼ਨ ਜੱਜ ਵਰਿੰਦਰ ਅਗਰਵਾਲ ਨੇ ਦੋਸ਼ਣ ਦੀ ਅਗਾਉਂ ਜਮਾਨਤ ਦੀ ਅਰਜੀ ਰੱਦ ਕਰਦੇ ਹੋਏ ਕਿਹਾ ਕਿ ਕੇਸ ਦੇ ਤੱਥਾਂ ਅਤੇ ਹਾਲਤ ਦੇ ਮੱਦੇਨਜਰ ਦੋਸ਼ਣ ਦੀ ਹਿਰਾਸਤੀ ਪੁੱਛਗਿੱਛ ਜਰੂਰੀ ਹੈ।

Advertisement
Advertisement
Advertisement
Advertisement
Advertisement
error: Content is protected !!