ਅੱਖਾਂ ਮੁੰਦ ਕੇ ਬੈਠੇ ਅਧਿਕਾਰੀਆਂ ਨੂੰ ਵੱਡੇ ਹਾਦਸੇ ਦਾ ਇੰਤਜ਼ਾਰ
ਚਿੰਤਾ ਚ, ਡੁੱਬੇ ਨੇੜਲੇ ਘਰਾਂ ਦੇ ਲੋਕ, ਜਾਗ ਕੇ ਲੰਘਾਈ ਰਾਤ
ਹਰਿੰਦਰ ਨਿੱਕਾ ਬਰਨਾਲਾ 12 ਜੁਲਾਈ 2020
ਵਿਕਾਸ ਦੀ ਆੜ ਚ, ਕੁਝ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਠੇਕੇਦਾਰ ਵੱਲੋਂ ਘਟੀਆ ਮਟੀਰਿਅਲ ਨਾਲ ਕਰੀਬ ਹਫਤਾ ਪਹਿਲਾਂ ਬਰਨਾਲਾ-ਬਾਜਾਖਾਨਾ ਰੋਡ ਤੇ ਉਵਰਬ੍ਰਿਜ ਤੋਂ ਖੁੱਡੀ ਕਲਾਂ ਲਿੰਕ ਸੜ੍ਹਕ ਨਾਲ ਜੋੜਦੀ ਸਰਵਿਸ ਰੋਡ ਬਾਰਿਸ਼ ਦੇ ਪਾਣੀ ਵਿੱਚ ਹੀ ਵਹਿ ਗਈ। ਲੋਕਾਂ ਲਈ ਰਾਹਤ ਦੀ ਗੱਲ ਇਹ ਰਹੀ ਕਿ ਸੜ੍ਹਕ ਧੱਸਣ ਦੀ ਇਹ ਘਟਨਾ ਐਤਵਾਰ ਸਵੇਰੇ ਵੱਡੇ ਤੜਕੇ ਵਾਪਰੀ। ਜੇਕਰ ਇਹ ਘਟਨਾ ਦਿਨ ਦੇ ਸਮੇਂ ਵਾਪਰਦੀ ਤਾਂ ਕੋਈ ਵੀ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਸੜ੍ਹਕ ਚ, ਪਾੜ ਪੈ ਜਾਣ ਕਾਰਣ ਨੇੜਲੇ ਘਰਾਂ ਦੇ ਲੋਕ ਰਾਤ ਜਾਗ ਕੇ ਕੱਢਣ ਲਈ ਮਜਬੂਰ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪੀਸੀਆਰ ਦੇ ਇੰਚਾਰਜ਼ ਏਐਸਆਈ ਸਤਵਿੰਦਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਸੜ੍ਹਕ ਦਾ ਰਾਸਤਾ ਬੰਦ ਕਰਨ ਲਈ ਬੈਰੀਕੇਡਿੰਗ ਕਰਵਾਈ।
–ਕਿਸੇ ਨੇ ਸਾਡੀ ਗੱਲ ਨਾ ਸੁਣੀ,,,
ਬਾਰਿਸ਼ ਕਾਰਣ ਸੜ੍ਹਕ ਚ, ਪਾੜ ਪੈਣ ਵਾਲੀ ਜਗ੍ਹਾ ਦੇ ਕਿਨਾਰੇ ਵੱਸੇ ਬਜੁਰਗ ਗੁਰਚਰਨ ਸਿੰਘ ਜੱਸਲ ਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਕਰੀਬ ਹਫਤਾ ਕੁ ਪਹਿਲਾਂ ਜਦੋਂ ਇਹ ਸੜ੍ਹਕ ਬਿਨਾਂ ਵੱਟਿਆਂ ਅਤੇ ਬੁਲਡੋਜ਼ਰ ਤੋਂ ਸਿੱਧਾ ਹੀ ਲੁੱਕ ਮਿਕਸਚਰ ਪਾ ਕੇ ਬਣਾਈ ਜਾ ਰਹੀ ਸੀ, ਤਾਂ ਉਨ੍ਹਾਂ ਠੇਕੇਦਾਰ ਅਤੇ ਮੌਕੇ ਤੇ ਆਏ ਅਧਿਕਾਰੀਆਂ ਨੂੰ ਬਥੇਰਾ ਕਿਹਾ ਕਿ ਤੁਸੀ ਤਰੀਕੇ ਨਾਲ ਚੰਗਾ ਮਟੀਰਿਅਲ ਪਾ ਕੇ ਸੜ੍ਹਕ ਬਣਾਉ। ਪਰ ਉੱਨਾਂ ਡੰਗ ਟਪਾਉ ਢੰਗ ਨਾਲ ਪੋਲੀ ਪਤਲੀ ਜਿਹੀ ਸੜ੍ਹਕ ਬਣਾ ਕੇ ਲੱਖਾਂ ਰੁਪਏ ਡਕਾਰ ਲਏ। ਹੋਇਆ ਉਹੀ, ਜਿਸ ਦਾ ਉਨ੍ਹਾਂ ਨੂੰ ਖਦਸ਼ਾ ਸੀ। ਸੜ੍ਹਕ ਤਾਂ ਇੱਕ ਮੀਂਹ ਵੀ ਨਾ ਝੱਲ ਸਕੀ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਸੜ੍ਹਕ ਚ, ਥੋਡ੍ਹਾ ਜਿਹਾ ਪਾੜ ਪੈ ਗਿਆ ਸੀ। ਇਸ ਦੀ ਜਾਣਕਾਰੀ ਵੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਦਿੱਤੀ। ਪਰ ਉਨ੍ਹਾਂ ਇੱਕ ਕੰਨ ਸੁਣੀ, ਦੂਜੇ ਕੰਨ ਕੱਢ ਦਿੱਤੀ। ਨਜਦੀਕੀ ਲੋਕਾਂ ਨੇ ਕਿਹਾ ਕਿ ਜਿਸ ਤਰਾਂ ਨਾਲ ਬਾਰਿਸ਼ ਦਾ ਪਾਣੀ ਘੰਟਿਆਂ ਬੱਧੀ ਸੜ੍ਹਕ ਦੇ ਪਾੜ ਚ, ਖੱਪਿਆ ਹੈ, ਉਸ ਨਾਲ ਉਨਾਂ ਦੇ ਘਰਾਂ ਦੀਆਂ ਨੀਹਾਂ ਤੱਕ ਵੀ ਪਾਣੀ ਨੇ ਮਾਰ ਕੀਤੀ ਹੋਵੇਗੀ। ਜਿਸ ਕਾਰਣ , ਉਨ੍ਹਾਂ ਦੇ ਘਰਾਂ ਦਾ ਵੀ ਡਿੱਗਣ ਦਾ ਖਤਰਾ ਖੜ੍ਹਾ ਹੋ ਗਿਆ ਹੈ।
ਠੇਕਦਾਰ ਦੀ ਪੇਮੈਂਟ ਰੋਕ ਕੇ ਜਾਂਚ ਤੋਂ ਬਾਅਦ ਕਰੋ ਕਾਰਵਾਈ
ਖੇਤਰ ਵਾਸੀਆਂ ਨੇ ਕਿਹਾ ਕਿ ਸੜ੍ਹਕ ਬਣਾਉਣ ਸਮੇਂ ਵੀ ਸੜ੍ਹਕ ਦੀ ਢਾਲ ਇੱਕ ਪਾਸੇ ਉਨ੍ਹਾਂ ਦੇ ਘਰਾਂ ਵੱਲ ਕਰ ਦਿੱਤੀ ਗਈ ਹੈ। ਬਰਸਾਤੀ ਪਾਣੀ ਦੀ ਨਿਕਾਸੀ ਲਈ ਘਰਾਂ ਦੀ ਧਰਾਤਲ ਤੋਂ ਕਈ ਫੁੱਟ ਉੱਚਾ ਨਾਲਾ ਬਣਾਇਆ ਗਿਆ ਹੈ। ਜਿਸ ਚ, ਮਿੱਟੀ ਭਰੀ ਪਈ ਹੈ। ਬਰਸਾਤ ਤੋਂ ਪਹਿਲਾਂ ਕਿਸੇ ਨੇ ਨਾਲੇ ਦੀ ਸਫਾਈ ਦੀ ਵੀ ਲੋੜ ਨਹੀਂ ਸਮਝੀ। ਮੁਹੱਲਾ ਵਾਸੀਆਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਘਟੀਆ ਮਟੀਰਿਅਲ ਨਾਲ ਸੜ੍ਹਕ ਨਿਰਮਾਣ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਸੜ੍ਹਕ ਬਣਾਉਣ ਵਾਲੇ ਠੇਕੇਦਾਰ ਦੀ ਪੇਮੈਂਟ ਰੋ ਕੇ ਜਾਂਚ ਤੋਂ ਬਾਅਦ ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
-ਨਾ ਪਾਇਆ ਪੱਥਰ ਤੇ ਨਾ ਚੰਗੀ ਤਰਾਂ ਫੇਰਿਆ ਬੁਲਡੋਜ਼ਰ
ਸੜ੍ਹਕ ਚ, ਪਾੜ ਪੈ ਜਾਣ ਤੋਂ ਬਾਅਦ ਲਿੱਪਾ-ਪੋਚੀ ਕਰਕੇ ਬਣਾਈ ਸੜ੍ਹਕ ਦਾ ਸੱਚ ਹਰ ਕਿਸੇ ਦੇ ਸਾਹਮਣੇ ਆ ਗਿਆ ਹੈ। ਸੜ੍ਹਕ ਦੀਆਂ ਤਰੇੜਾਂ ਚੋਂ, ਰੇਤ ਮਿੱਟੀ ਤੇ ਪਾਈ ਪ੍ਰੀਮਿਕਸ ਦੀ ¾ ਕੁ ਇੰਚ ਦੀ ਪਰਤ ਹੀ ਦਿਖ ਰਹੀ ਹੈ। ਦਿਨ ਚ, ਦੀਵਾ ਲੈ ਕੇ ਵੀ ਕੋਈ ਪੱਥਰ ਨਜ਼ਰ ਨਹੀਂ ਆਉਂਦਾ।