ਗਿੱਦੜਬਾਹਾ ਵਿਖੇ ਵੀ ਕੈਟਲਫੀਡ ਪਲਾਂਟ ਲਗਾਇਆ ਜਾਵੇਗਾ
A.S Arshi ਚੰਡੀਗੜ੍ਹ, 8 ਜੁਲਾਈ 2020
ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਬੁੱਧਵਾਰ ਨੂੰ ਮਾਰਕਫੈਡ ਦੇ ਕਪੂਰਥਲਾ ਸਥਿਤ ਆਧੁਨਿਕ ਕੈਟਲਫੀਡ ਅਤੇ ਅਲਾਇਡ ਇੰਡਸਟਰੀਜ਼ ਪਲਾਂਟ ਦਾ ਆਨਲਾਈਨ ਉਦਘਾਟਨ ਕੀਤਾ।
ਸਹਿਕਾਰਤਾ ਮੰਤਰੀ ਸ. ਰੰਧਾਵਾ ਨੇ ਇਸ ਮੌਕੇ ਬੋਲਦਿਆਂ ਲੌਕਡਾਊਨ ਵਿੱਚ ਮਾਰਕਫੈਡ ਵੱਲੋਂ ਕੀਤੀ ਗਈ ਵਪਾਰਕ ਪਹਿਲ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਇਕ ਇਹੋ ਜਿਹੇ ਪਲਾਂਟ ਦੀ ਲੋੜ ਸੀ ਜੋ ਇਕ ਸੰਤੁਲਿਤ ਪਸ਼ੂ ਖੁਰਾਕ ਤਿਆਰ ਕਰ ਸਕੇ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਮਾਰਕਫੈਡ ਵੱਲੋਂ ਕਪੂਰਥਲਾ ਪਲਾਂਟ ਦੇ ਆਧਾਰ ‘ਤੇ ਇਕ ਹੋਰ ਪਲਾਂਟ ਗਿੱਦੜਬਾਹਾ ਵਿਖੇ ਵੀ ਲਗਾਇਆ ਜਾਵੇ। ਉਨ੍ਹਾਂ ਕਪੂਰਥਲਾ ਪਲਾਂਟ ਦੇ ਪਿਛਲੇ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ ਦੀ ਵੀ ਪ੍ਰਸੰਸਾ ਕੀਤੀ ਗਈ।
ਮਾਰਕਫੈਡ ਦੇ ਐਮ.ਡੀ. ਸ੍ਰੀ ਵਰੁਣ ਰੂਜਮ ਨੇ ਪਲਾਂਟ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਹ ਪਲਾਂਟ ਪੂਰੀ ਤਰ੍ਹਾਂ ਸਵੈ-ਚਾਲਿਤ ਹੈ ਅਤੇ ਇਸ ਪਲਾਂਟ ਵਿੱਚ ਉਤਪਾਦਨ ਦੌਰਾਨ ਕਿਸੇ ਪ੍ਰਕਾਰ ਦਾ ਇਨਸਾਨੀ ਛੋਹ ਨਹੀਂ ਹੈ। ਉਨਾਂ ਦੱਸਿਆ ਕਿ ਮੌਜੂਦਾ ਸਮੇਂ ਇਹ ਸੂਬੇ ਦਾ ਸਭ ਤੋਂ ਜ਼ਿਆਦਾ ਆਧੁਨਿਕ ਪਲਾਂਟ ਹੈ। ਕੋਵਿਡ-19 ਦੇ ਚੁਣੌਤੀ ਭਰੇ ਸਮੇਂ ਦੌਰਾਨ ਵੀ ਇਸ ਪਲਾਂਟ ਨੇ ਆਪਣੀ ਉਤਪਾਦਨ ਸਮਰੱਥਾ ਤੋਂ 240 ਮੀਟਰਿਕ ਟਨ ਵੱਧ ਉਤਪਾਦਨ ਕਰਕੇ ਰਿਕਾਰਡ ਕਾਇਮ ਕੀਤਾ ਹੈ ਅਤੇ ਬਿਹਤਰ ਲਾਭ ਹਾਸਿਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਪਲਾਂਟ 13 ਕਰੋੜ ਦੀ ਲਾਗਤ ਨਾਲ ਰਿਕਾਰਡ ਸਮੇਂ ਵਿਚ ਤਿਆਰ ਹੋ ਗਿਆ ਹੈ ਅਤੇ ਇਸ ਦੀ ਉਤਪਾਦਨ ਸਮਰੱਥਾ 150 ਟੀ.ਪੀ.ਡੀ. ਹੈ ਜੋ ਕਿ 300 ਟੀ.ਪੀ.ਡੀ. ਤੱਕ ਵਧਾਈ ਜਾ ਸਕਦੀ ਹੈ। ਸ੍ਰੀ ਰੂਜਮ ਨੇ ਦੱਸਿਆ ਕਿ ਜੁਲਾਈ ਮਹੀਨੇ ਵਿੱਚ ਕੈਟਲਫੀਡ ਖਰੀਦ ਉਪਰ ਇਨਾਮੀ ਸਕੀਮ ਵੀ ਸ਼ੁਰੂ ਕੀਤੀ ਜਾਵੇਗੀ।
ਚੰਡੀਗੜ੍ਹ ਸਥਿਤ ਮੁੱਖ ਦਫਤਰ ਤੋਂ ਕੀਤੇ ਇਸ ਡਿਜੀਟਲ ਉਦਘਾਟਨ ਸਮਾਗਮ ਦੌਰਾਨ ਮਾਰਕਫੈਡ ਦੇ ਚੇਅਰਮੈਨ ਸ੍ਰੀ ਅਮਰਜੀਤ ਸਿੰਘ ਸਮਰਾ ਨੇ ਸਭਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਵਿਸ਼ੇਸ਼ ਮੁੱਖ ਸਕੱਤਰ ਸਹਿਕਾਰਤਾ ਕਲਪਨਾ ਮਿੱਤਲ ਬਰੂਆ, ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ, ਮਾਰਕਫੈਡ ਦੇ ਵਧੀਕ ਐਮ.ਡੀ. ਸ੍ਰੀ ਰਾਹੁਲ ਗੁਪਤਾ ਅਤੇ ਬੋਰਡ ਦੇ ਸਮੂਹ ਮੈਂਬਰ ਵੀ ਮੌਜੂਦ ਸਨ।