ਕਲੋਨੀ ਦੀਆਂ ਟੁੱਟੀਆਂ ਸੜ੍ਹਕਾਂ ਬਣੀਆਂ , ਹੈਂਡੳਵਰ ਕਰਨ ਚ, ਵੱਡਾ ਅੜਿੱਕਾ
ਈਉ ਨੇ ਕਿਹਾ , ਕਲੋਨਾਈਜ਼ਰ ਨੂੰ ਨੋਟਿਸ ਜਾਰੀ ਕਰਕੇ ਕਹਿ ਦਿੱਤਾ ਕਲੋਨੀ ਹੈਂਡੳਵਰ ਕਰਨ ਤੋਂ ਪਹਿਲਾਂ ਸੜ੍ਹਕਾਂ ਠੀਕ ਕਰਵਾਉ
ਹਰਿੰਦਰ ਨਿੱਕਾ ਬਰਨਾਲਾ 8 ਜੁਲਾਈ 2020
ਪਿਆਜ਼ ਦੀਆਂ ਪਰਤਾਂ ਦੀ ਤਰਾਂ ਆਸਥਾ ਇਨਕਲੇਵ ਦੀਆਂ ਬੇਨਿਯਮੀਆਂ ਦਾ ਕੱਚਾ ਚਿੱਠਾ ਥੋੜ੍ਹਾ ਉਧੇੜਨ ਨਾਲ ਹੋਰ ਤੋਂ ਹੋਰ ਜਿਆਦਾ ਉੱਧੜਦਾ ਹੀ ਜਾ ਰਿਹਾ ਹੈ। ਆਸਥਾ ਦੀਆਂ ਸੜ੍ਹਕਾਂ ਦੀ ਰਜਿਸਟਰੀ ਨਗਰ ਕੌਂਸਲ ਦੇ ਨਾਮ ਚੜ੍ਹਿਆਂ 7 ਸਾਲ ਦੇ ਕਰੀਬ ਬੀਤ ਚੁੱਕੇ ਹਨ। ਪਰ ਸੜ੍ਹਕਾਂ ਦੀ ਹਾਲਤ ਦੋ ਘਰਾਂ ਦੇ ਪ੍ਰੌਹਣੇ ਵਰਗੀ ਹੋ ਚੁੱਕੀ ਹੈ। ਨਾ ਕਲੋਨਾਈਜ਼ਰ ਅਤੇ ਨਾ ਹੀ ਨਗਰ ਕੌਂਸਲ, ਸੜ੍ਹਕਾਂ ਦੀ ਰਿਪੇਅਰ ਕਰਵਾਉਣ ਲਈ ਤਿਆਰ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਆਸਥਾ ਦੇ ਕਲੋਨਾਈਜ਼ਰ ਦੁਆਰਾ ਨਗਰ ਕੌਂਸਲ ਨਾਲ ਦਿਸੰਬਰ 2013 ਚ, ਕਲੋਨੀ ਹੈਂਡਉਵਰ ਕਰਨ ਲਈ ਇੱਕ ਐਗਰੀਮੈਂਟ ਸਹੀਬੰਦ ਕੀਤਾ ਗਿਆ ਸੀ ਕਿ ਪੰਜ ਸਾਲ ਬਾਅਦ ਕਲੋਨੀ ਦੀਆਂ ਸੜ੍ਹਕਾਂ, ਸੀਵਰੇਜ ਤੇ ਸਟਰੀਟ ਲਾਈਟਾਂ ਨਗਰ ਕੌਂਸਲ ਨੂੰ ਹੈਂਡੳਵਰ ਕਰਨੀਆਂ ਸੀ, ਪਰ ਇਹ ਐਗਰੀਮੈਂਟ ਹਾਲੇ ਤੱਕ ਵੀ ਸਿਰੇ ਨਹੀਂ ਚੜ੍ਹਿਆ। ਸਹੂਲਤਾਂ ਸੰਪੰਨ ਸਕੂਨ ਦੀ ਜਿੰਦਗੀ ਜੀਣ ਦੀ ਉਮੀਦ ਨਾਲ ਆਪਣੇ ਖੂਨ ਪਸੀਨੇ ਦੀ ਗਾੜੀ ਕਮਾਈ ਖਰਚ ਕਰਕੇ ਕਲੋਨੀ ਚ, ਪਲਾਟ ਖਰੀਦਣ ਵਾਲੇ ਲੋਕ ਹੁਣ ਲੱਖਾਂ ਰੁਪਏ ਖਰਚ ਕੇ ਵੀ ਟੁੱਟੀਆਂ ਸੜ੍ਹਕਾਂ ਕਾਰਣ ਪਰੇਸ਼ਾਨ ਹਨ। ਹੁਣ ਕਲੋਨੀ ਚ, ਸਹੂਲਤਾਂ ਦੀ ਬਜਾਏ ਸਮੱਸਿਆਵਾਂ ਦੀ ਭਰਮਾਰ ਹੈ। ਕਲੋਨਾਈਜਰ ਦੀਪਕ ਸੋਨੀ ਦੀ ਹਰ ਮੁੱਦੇ ਤੇ ਧਾਰੀ ਚੁੱਪ ਨੇ ਕਲੋਨੀ ਦੇ ਬਾਸ਼ਿੰਦਿਆਂ ਦੀਆਂ ਮੁਸ਼ਕਿਲਾਂ ਚ, ਹੋਰ ਵਾਧਾ ਕਰ ਦਿੱਤਾ ਹੈ। ਕਲੋਨਾਈਜ਼ਰ ਦੇ ਕੁਝ ਕਰੀਬੀ ਵਿਅਕਤੀ ਕਲੋਨੀ ਚ, ਰਹਿੰਦੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਕੋਈ ਹੱਲ ਕੱਢਣ ਦੀ ਬਜਾਏ ਕਲੋਨਾਈਜ਼ਰ ਦੇ ਆਪੂ ਬਣੇ ਸਮਾਜ ਸੇਵੀ ਚਿਹਰੇ ਪਿੱਛੇ ਛੁਪਾਉਣ ਤੇ ਲੱਗੇ ਹੋਏ ਹਨ। ਪਰ ਹੁਣ ਲੋਕਾਂ ਦੇ ਸਬਰ ਤੇ ਸੰਯਮ ਵਾਲਾ ਬੰਨ੍ਹ ਵੀ ਟੁੱਟ ਚੁੱਕਿਆ ਹੈ। ਲੋਕ ਸੰਘਰਸ਼ ਦੇ ਰਾਹ ਪੈ ਚੁੱਕੇ ਹਨ।
ਨਗਰ ਕੌਂਸਲ ਨੂੰ ਕਿਉਂ ਹੈਂਡੳਵਰ ਨਹੀਂ ਕੀਤੀ ਕਲੋਨੀ
ਆਸਥਾ ਇਨਕਲੇਵ ਵੈਲਫੇਅਰ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਐਡਵੋਕੇਟ ਕੁਸ਼ਲ ਬਾਂਸਲ ਨੇ ਕਿਹਾ ਕਿ ਕਲੋਨਾਈਜ਼ਰ ਨੇ ਕਲੋਨੀ , ਨਗਰ ਕੌਂਸਲ ਨੂੰ ਹੈਂਡੳਵਰ ਕਰਨ ਲਈ ਸਾਲ 2013 ਚ, ਇੱਕ ਐਗਰੀਮੈਂਟ ਕੀਤਾ ਸੀ। ਇਸ ਐਗਰੀਮੈਂਟ ਅਨੁਸਾਰ ਐਗਰੀਮੈਂਟ ਦੇ ਪੰਜ ਸਾਲ ਬਾਅਦ ਕਲੋਨੀ ਨੂੰ ਨਗਰ ਕੌਂਸਲ ਕੋਲ ਹੈੱਡੳਵਰ ਕੀਤਾ ਜਾਣਾ ਸੀ। ਜਿਸ ਤੋਂ ਬਾਅਦ ਸੜ੍ਹਕਾਂ ਆਦਿ ਦੀ ਰਿਪੇਅਰ ਤੇ ਸੰਭਾਲ ਦੀ ਜਿੰਮੇਵਾਰੀ ਨਗਰ ਕੌਂਸਲ ਦੀ ਹੋ ਜਾਣੀ ਸੀ। ਪਰ ਇਹ ਸਭ ਕੁਝ ਅਸਾਨੀ ਨਾਲ ਸੰਭਵ ਨਹੀਂ ਹੋ ਸਕਿਆ। ਐਡਵੋਕੇਟ ਕੁਸ਼ਲ ਬਾਂਸਲ ਨੇ ਦੱਸਿਆ ਕਿ ਜਦੋਂ ਉਹ ਪਿਛਲੇ ਦਿਨੀਂ ਸੜ੍ਹਕਾਂ ਦੀ ਰਿਪੇਅਰ ਕਰਵਾਉਣ ਦਾ ਮੁੱਦਾ ਲੈ ਕੇ ਈ.ਉ ਕੋਲ ਪਹੁੰਚੇ ਤਾਂ, ਉਦੋਂ ਹੈਰਾਨੀ ਦੀ ਹੱਦ ਨਾ ਰਹੀ, ਜਦੋਂ ਈ.ਉ. ਨੇ ਦੋ ਟੁੱਕ ਸ਼ਬਦਾਂ ਚ, ਕਹਿ ਦਿੱਤਾ ਕਿ ਹਾਲੇ ਤੱਕ ਨਗਰ ਕੌਂਸਲ ਨੂੰ ਕਲੋਨੀ ਹੈਂਡੳਵਰ ਹੀ ਨਹੀਂ ਕੀਤੀ ਗਈ । ਨਗਰ ਕੌਂਸਲ ਦੇ ਈ.ਉ. ਮਨਪ੍ਰੀਤ ਸਿੰਘ ਨੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਦੱਸਿਆ ਕਿ ਐਗਰੀਮੈਂਟ ਅਨੁਸਾਰ ਐਗਰੀਮੈਂਟ ਤੋਂ ਪੰਜ ਸਾਲ ਬਾਅਦ ਕਲੋਨਾਈਜਰ ਨੇ ਸੜ੍ਹਕਾਂ, ਸਟਰੀਟ ਲਾਈਟ ਤੇ ਸੀਵਰੇਜ ਠੀਕ ਹਾਲਤ ਚ, ਹੈਂਡੳਵਰ ਕਰਨੀਆਂ ਸੀ। ਪਰ ਕਲੋਨਾਈਜਰ ਸੜ੍ਹਕਾਂ ਠੀਕ ਕਰਵਾ ਕੇ ਦੇਣ ਲਈ ਸਹਿਮਤ ਨਹੀਂ ਹੋਇਆ। ਜਿਸ ਕਾਰਣ ਕਲੋਨੀ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਹਾਲੇ ਤੱਕ ਕਲੋਨਾਈਜ਼ਰ ਦੀ ਹੀ ਹੈ । ਈਉ ਨੇ ਇਹ ਵੀ ਦੱਸਿਆ ਕਿ ਕਲੋਨਾਈਜਰ ਨੂੰ ਕਈ ਵਾਰ ਐਗਰੀਮੈਂਟ ਦੀ ਪੂਰਤੀ ਲਈ ਨੋਟਿਸ ਭੇਜਿਆ ਗਿਆ ਹੈ। ਪਰ ਉਸ ਨੇ ਕਲੋਨੀ ਨੂੰ ਹੈਂਡੳਵਰ ਕਰਨ ਲਈ ਸੜ੍ਹਕਾਂ ਠੀਕ ਕਰਵਾ ਕੇ ਨਹੀਂ ਦਿੱਤੀਆਂ।
ਜੇ ਕਲੋਨੀ ਨਗਰ ਕੌਂਸਲ ਨੂੰ ਹੈਂਡੳਵਰ ਕਰ ਦਿੱਤੀ ਗਈ ਤਾਂ,,,
ਕਲੋਨਾਈਜਰ ਦੀਪਕ ਸੋਨੀ , ਕਲੋਨੀ ਨੂੰ ਨਗਰ ਕੌਂਸਲ ਕੋਲ ਹੈਂਡੳਵਰ ਕਿਉਂ ਨਹੀਂ ਕਰ ਰਿਹਾ। ਇਸ ਦੇ 2 ਕਾਰਣ ਦੱਸੇ ਜਾ ਰਹੇ ਹਨ, ਪਹਿਲਾ ਕਲੋਨੀ ਚ, ਗੈਰ ਕਾਨੂੰਨੀ ਢੰਗ ਨਾਲ ਕੀਤਾ ਜਾ ਰਿਹਾ ਹੋਰ ਵਾਧਾ ਰੁਕ ਜਾਵੇਗਾ । ਦੂਸਰਾ ਸੜ੍ਹਕਾਂ ਦੀ ਰਿਪੇਅਰ ਤੇ ਬਾਕੀ ਮੈਨੀਟੀਨੈਂਸ ਤੇ ਵੀ ਲੱਖਾਂ ਰੁਪਏ ਖਰਚ ਹੋਣਾ ਹੈ। ਕਲੋਨਾਈਜਰ ਚਾਹੁੰਦਾ ਹੈ ਕਿ ਨਗਰ ਕੌਂਸਲ ਦੇ ਅਧਿਕਾਰੀ ਜਿਵੇਂ ਹੈ, ਉਵੇਂ ਦੀ ਹਾਲਤ ਚ, ਹੀ ਕਲੋਨੀ ਸੰਭਾਲ ਲੈਣ ਤੇ ਸੜ੍ਹਕਾਂ ਦੀ ਰਿਪੇਅਰ ਤੇ ਹੋਰ ਸਾਂਭ ਸੰਭਾਲ ਤੇ ਹੋਣ ਵਾਲਾ ਖਰਚ ਖੁਦ ਨਗਰ ਕੌਂਸਲ ਹੀ ਸਹਿਣ ਕਰੇ।