ਹਰਿੰਦਰ ਨਿੱਕਾ , ਬਰਨਾਲਾ 16 ਜਨਵਰੀ 2024
ਪੁਲਿਸ ਥਾਣਾ ਠੁੱਲੀਵਾਲ (ਬਰਨਾਲਾ )ਦਾ ਇੱਕ ਥਾਣੇਦਾਰ ਇੱਕ ਸ਼ਕਾਇਤ ਮਿਲਣ ਤੇ ਦੇਰ ਰਾਤ ਮੌਕਾ ਪਰ ਪਹੁੰਚਿਆਂ ਤਾਂ ਉਸ ਨੂੰ ਉਸ ਦੀ ਪੁਲਿਸ ਪਾਰਟੀ ਸਣੇ ਹੀ, ਦੋਸ਼ੀਆਂ ਨੇ ਘਰ ਦੇ ਅੰਦਰ ਤਾੜ ਲਿਆ। ਜਦੋਂ ਅਜਿਹਾ ਹੋਣ ਦੀ ਭਿਣਕ ਮੁਕਾਮੀ ਥਾਣਾ ਨੂੰ ਲੱਗੀ ਤਾਂ ਪੁਲਿਸ ਪਾਰਟੀ ਨੇ ਘਰ ਅੰਦਰ ਘਿਰੇ ਪੁਲਿਸ ਵਾਲਿਆਂ ਨੂੰ ਉੱਥੋਂ ਕੱਢਿਆ । ਪੁਲਿਸ ਨੇ ਨਾਮਜ਼ਦ ਦੋਸ਼ੀ ਚਾਰ ਜਣਿਆਂ ‘ਚੋਂ ਤਿੰਨ ਦੋਸ਼ੀਆਂ ਨੂੰ ਗਿਰਫਤਾਰ ਕਰਕੇ, ਉਨਾਂ ਦੇ ਖਿਲਾਫ ਸਰਕਾਰੀ ਡਿਊਟੀ ਵਿੱਚ ਅੜਿੱਕਾ ਪਾਉਣ ਵਰਗੇ ਸੰਗੀਨ ਜੁਰਮਾਂ ਤਹਿਤ ਥਾਣਾ ਠੁੱਲੀਵਾਲ ਵਿਖੇ ਕੇਸ ਦਰਜ ਕਰ ਲਿਆ।
ਮੁਦਈ ਮੁਕੱਦਮਾ ਥਾਣੇਦਾਰ ਮਨਜੀਤ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨ ਵਿੱਚ ਦੱਸਿਆ ਕਿ ਉਸ ਨੂੰ ਰਾਤ ਵਕਤ ਕਰੀਬ 09:15 ਪੀ.ਐਮ. ਪਰ ਇੱਕ ਸਿਕਾਇਤ ਵੱਲੋਂ ਗੁਰਦੀਪ ਸਿੰਘ ਫੌਜੀ ਦੀ ਮਿਲੀ ਸੀ ਕਿ ਉਹਨਾਂ ਦੇ ਗੁਆਢੀ ਉਸ ਦੇ ਮਾਤਾ ਪਿਤਾ ਅਤੇ ਘਰਵਾਲੀ ਨੂੰ ਗਾਲੀ ਗਲੋਚ ਕਰ ਰਹੇ ਹਨ । ਸ਼ਕਾਇਤ ਦੀ ਦਰਿਆਫਤ ਲਈ, ਮੁਦਈ ਥਾਣੇਦਾਰ ਸਮੇਤ ਸਾਥੀ ਕਰਮਚਾਰੀਆਂ ਦੇ ਪਿੰਡ ਗੁੰਮਟੀ ਪਹੁੰਚੇ। ਤਾਂ ਉੱਥੇ ਮਨਪ੍ਰੀਤ ਸਿੰਘ ,ਗੁਰਪ੍ਰੀਤ ਸਿੰਘ , ਲਖਵਿੰਦਰ ਸਿੰਘ ਪੁੱਤਰ ਬਲਜਿੰਦਰ ਸਿੰਘ ਅਤੇ ਉਨਾਂ ਦੀ ਮਾਂ ਸੁਰਜੀਤ ਕੌਰ ਪਤਨੀ ਬਲਜਿੰਦਰ ਸਿੰਘ ਵਾਸੀ ਗੁੰਮਟੀ ,ਗੁਰਜੰਟ ਸਿੰਘ ਵਗੈਰਾ ਨੂੰ ਗਾਲਾਂ ਕੱਢ ਰਹੇ ਸੀ । ਮੁਦਈ ਮੁਕੱਦਮਾ ਥਾਣੇਦਾਰ, ਸਮੇਤ ਸਾਥੀ ਕਰਮਚਾਰੀਆਂ ਦੇ ਮੌਕਾ ਪਰ ਗਏ ਅਤੇ ਗਾਲਾਂ ਕੱਢਣ ਵਾਲੇ ਉਕਤ ਵਿਅਕਤੀਆਂ ਦਾ ਦਰਵਾਜਾ ਖੜਕਾਇਆ । ਜਿੰਨ੍ਹਾ ਨੇ ਆਪਣਾ ਦਰਵਾਜਾ ਖੋਲ੍ਹਿਆ। ਕੇਸ ਦੇ ਮੁਦਈ ਥਾਣੇਦਾਰ ਨੇ ਦੋਸ਼ੀਆਂ ਨੂੰ ਗਾਲਾਂ ਕੱਢਣ ਤੋ ਰੋਕਿਆ ਅਤੇ ਘਰ ਬੈਠਕੇ ਸਮਝਾਉਣਾ ਚਾਹਿਆ। ਪਰੰਤੂ ਮਨਪ੍ਰੀਤ ਸਿੰਘ ਫੋਜੀ ਇੱਕਦਮ ਤਹਿਸ ਵਿੱਚ ਆ ਕੇ ਆਪਣੇ ਘਰੋਂ ਇੱਕ ਲੱਕੜ ਦੀ ਖਲਪਾੜ ਚੁੱਕ ਕੇ ਮੇਰੇ (ਥਾਣੇਦਾਰ) ਵੱਲ ਮਾਰਨ ਲਈ ਵਧਿਆ । ਜਿਸ ਨੂੰ ਸਿਪਾਹੀ ਫਿਰੋਜ ਖਾਨ ਨੇ ਜੱਫਾ ਪਾ ਕੇ ਰੋਕਿਆ। ਇਸੇ ਦੌਰਾਨ ਇੱਕ ਗਿਆਨੀ ਵਿਅਕਤੀ ਨੇ ਆਪਣੇ ਮਕਾਨ ਅੰਦਰੋਂ ਦੀ ਬਾਰੀ ਵਿੱਚੋ ਬਾਹਰ ਆ ਕੇ ਮਕਾਨ ਦੇ ਮੇਨ ਗੇਟ ਦਾ ਕੁੰਡਾ ਬਾਹਰੋਂ ਬੰਦ ਕਰਕੇ ,ਫਿਰ ਉਹ ਵੀ ਬਾਰੀ ਰਾਹੀਂ ਅੰਦਰ ਆ ਗਿਆ ਅਤੇ ਪੁਲਿਸ ਪਾਰਟੀ ਨੂੰ ਘਰ ਅੰਦਰ ਹੀ ਬੰਦੀ ਬਣਾ ਲਿਆ। ਕੁਝ ਸਮੇਂ ਬਾਅਦ ਸੂਚਨਾ ਮਿਲਣ ਤੇ ਸ:ਥਾਣੇਦਾਰ ਬਲਦੇਵ ਸਿੰਘ ਮੌਕਾ ਪਰ ਸਮੇਤ ਸਾਥੀ ਕਰਮਚਾਰੀਆਂ ਦੇ ਪਹੁੰਚਿਆਂ ਅਤੇ ਬਾਹਰੋਂ ਲੱਗਿਆ ਗੇਟ ਖੋਲ੍ਹ ਕੇ , ਬੰਧਕ ਬਣਾਏ ਪੁਲਿਸ ਕਰਮਚਾਰੀਆਂ ਨੂੰ ਘਰੋਂ ਬਾਹਰ ਕੱਢਿਆ। ਇਹ ਘਟਨਾ 14 ਜਨਵਰੀ ਦੀ ਰਾਤ ਨੂੰ ਵਪਾਰੀ। ਮਾਮਲੇ ਦੇ ਤਫਤੀਸ਼ ਅਧਿਕਾਰੀ ਥਾਣੇਦਾਰ ਬਲਦੇਵ ਸਿੰਘ ਨੇ, ਥਾਣੇਦਾਰ ਮਨਜੀਤ ਸਿੰਘ ਦੇ ਬਿਆਨ ਦੇ ਅਧਾਰ ਪਰ, ਨਾਮਜ਼ਦ ਦੋਸ਼ੀ ਮਨਪ੍ਰੀਤ ਸਿੰਘ ਫੌਜੀ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ ਤਿੰਨੋਂ ਪੁੱਤਰ ਬਲਜਿੰਦਰ ਸਿੰਘ ਅਤੇ ਉਨਾਂ ਦੀ ਮਾਂ ਸੁਰਜੀਤ ਕੌਰ ਪਤਨੀ ਬਲਜਿੰਦਰ ਸਿੰਘ ਵਾਸੀ ਗੁੰਮਟੀ ਦੇ ਖਿਲਾਫ ਅਧੀਨ ਜੁਰਮ 353,186,506,342, 447,511 ਆਈ.ਪੀ.ਸੀ ਤਹਿਤ ਥਾਣਾ ਠੁੱਲੀਵਾਲ ਵਿਖੇ ਮੁਕੱਦਮਾ ਦਰਜ ਕਰ ਲਿਆ। ਤਫਤੀਸ਼ ਅਧਿਕਾਰੀ ਅਨੁਸਾਰ ਨਾਮਜ਼ਦ ਦੋਸ਼ੀ ਲਖਵਿੰਦਰ ਸਿੰਘ ਤੋਂ ਇਲਾਵਾ ਬਾਕੀ ਤਿੰਨੋਂ ਦੋਸ਼ੀਆਂ ਮਨਪ੍ਰੀਤ ਸਿੰਘ ਫੌਜੀ, ਗੁਰਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਮਾਂ ਸੁਰਜੀਤ ਕੌਰ ਨੂੰ ਗਿਰਫਤਾਰ ਕਰਕੇ,ਅਗਲੀ ਤਫਤੀਸ਼ ਅਤੇ ਮੌਕਾ ਤੋਂ ਭੱਜੇ ਦੋਸ਼ੀ ਲਖਵਿੰਦਰ ਸਿੰਘ ਦੀ ਤਲਾਸ਼ ਸ਼ੁਰੂ ਕਰ ਦਿੱਤੀ।