ਅਸ਼ੋਕ ਵਰਮਾ , ਬਠਿੰਡਾ 12 ਜਨਵਰੀ 2024
ਜਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਅਤੇ ਐਸ.ਪੀ. ਡਿਟੈਕਟਿਵ ਬਠਿੰਡਾ ਦੀ ਨਿਗਰਾਨੀ ਹੇਠ ਬਠਿੰਡਾ ਪੁਲਿਸ ਨੇ ਪ੍ਰਾਈਵੇਟ ਫਾਇਨਾਂਸ ਕੰਪਨੀ ਦੇ ਕਰਿੰਦੇ ਨੂੰ ਲੁੱਟਣ ਵਾਲੇ ਦੋ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਲੁੱਟ ਦੀ ਵਾਰਦਾਤ ’ਚ ਸ਼ਾਮਲ ਇੱਕ ਵਿਅਕਤੀ ਫਰਾਰ ਦੱਸਿਆ ਜਾ ਰਿਹਾ ਹੈ । ਜਿਸ ਨੂੰ ਗ੍ਰਿਫਤਾਰ ਕਰਨ ਲਈ ਵੀ ਯਤਨ ਜਾਰੀ ਹਨ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਬਲਵੰਤ ਸਿੰਘ ਪੁੱਤਰ ਜਗਤਾਰ ਸਿੰਘ ਅਤੇ ਸੰਦੀਪ ਸਿੰਘ ਉਰਫ ਕਾਲੂ ਪੁੱਤਰ ਬਲਜਿੰਦਰ ਸਿੰਘ ਵਾਸੀਆਨ ਕੋਟਗੁਰੂ ਜਿਲ੍ਹਾ ਬਠਿੰਡਾ ਵਜੋਂ ਕੀਤੀ ਗਈ ਹੈ।
ਡੀਐਸਪੀ ਦਿਹਾਤੀ ਹਿਨਾ ਗੁਪਤਾ ਨੇ ਦੱਸਿਆ ਕਿ ਮਿਤੀ 6 ਜਨਵਰੀ ਨੂੰ ਥਾਣਾ ਸੰਗਤ ਅਧੀਨ ਪੈਂਦੇ ਏਰੀਆ ਕੋਟਗੁਰੂ ਜੈ ਸਿੰਘ ਵਾਲਾ ਸੜਕ ਤੇ ਪਿੰਡ ਕੋਟਗੁਰੂ ਤੋਂ ਕੁੱਝ ਅਣਪਛਾਤੇ ਵਿਅਕਤੀਆਂ ਨੇ ਇੱਕ ਪ੍ਰਾਇਵੇਟ ਫਾਇਨਾਂਸ ਕੰਪਨੀ ਦੇ ਕਰਿੰਦੇ ਉੱਪਰ ਰਾਡਾਂ ਨਾਲ ਜਾਨਲੇਵਾ ਹਮਲਾ ਕਰਕੇ ਉਸ ਪਾਸੋਂ 55 ਹਜ਼ਾਰ 700 ਰੁਪਏ ਦੀ ਨਕਦੀ ਸਮੇਤ ਬੈਗ, ਇੱਕ ਮੋਬਾਇਲ ਫੋਨ ਅਤੇ ਇੱਕ ਫਿੰਗਰ ਪ੍ਰਿੰਟ ਸਕੈਨਰ ਮਸ਼ੀਨ ਖੋਹ ਲਈ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਥਾਣਾ ਸੰਗਤ ’ਚ 10 ਜਨਵਰੀ ਨੂੰ ਮੁਕੱਦਮਾ ਨੰਬਰ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਗਸ਼ਤ ਦੌਰਾਨ ਬਲਵੰਤ ਸਿੰਘ ਅਤੇ ਸੰਦੀਪ ਸਿੰਘ ਉਰਫ ਕਾਲੂ ਵਾਸੀਆਨ ਕੋਟਗੁਰੂ ਨੂੰ ਸ਼ੱਕੀ ਹਲਾਤਾਂ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵੇਲੇ ਵਰਤਿਆ ਬਿਨਾਂ ਨੰਬਰ ਦੇ ਮੋਟਰਸਾਇਕਲ ਬਜਾਜ ਪਲੈਟਿਨਾ ਸਮੇਤ ਕਾਬੂ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਮੁਲਜਮਾਂ ਤੋਂ ਲੁੱਟ ਦੇ ਪੈਸਿਆਂ ਚੋਂ 15 ਹਜ਼ਾਰ ਰੁਪਏ , ਮੋਬਾਇਲ ਫੋਨ ਅਤੇ ਲੋਹੇ ਦੀ ਇੱਕ ਰਾਡ ਬਰਾਮਦ ਕੀਤੀ ਗਈ। ਮੁਲਜਮਾਂ ਕੋਲੋਂ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਇਸ ਲੁੱਟ ਖੋਹ ਦੇ ਮਾਮਲੇ ਵਿੱਚ ਇਹਨਾਂ ਦੇ ਨਾਲ ਸੁੱਖਵਿੰਦਰ ਸਿੰਘ ਉਰਫ ਗੱਗੂ ਪੁੱਤਰ ਗੁਰਮੇਲ ਸਿੰਘ ਵਾਸੀ ਕੋਟਗੁਰੂ ਜਿਲ੍ਹਾ ਬਠਿੰਡਾ ਵੀ ਸ਼ਾਮਲ ਸੀ। ਮੁਲਜਮਾਂ ਨੇ ਮੰਨਿਆ ਹੈ ਕਿ ਲੁੱਟ ਦੇ ਸਬੂਤ ਖਤਮ ਕਰਨ ਲਈ ਇਹਨਾਂ ਨੇ ਵਾਰਦਾਤ ਵਿੱਚ ਖੋਹੀ ਫਿੰਗਰ ਸਕੈਨਰ ਮਸ਼ੀਨ ਅਤੇ ਇੱਕ ਬੈਗ ਨੂੰ ਸਾੜ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ਉਰਫ ਗੱਗੂ ਦੀ ਤਲਾਸ਼ ਜਾਰੀ ਹੈ। ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਪੁੱਛਗਿੱਛ ਦੌਰਾਨ ਇੰਨ੍ਹਾਂ ਤੋਂ ਲੁੱਟ ਖੋਹ ਦੀਆਂ ਹੋਰ ਵਾਰਦਾਤਾਂ ਸਬੰਧੀ ਖੁਲਾਸੇ ਹੋਣ ਦੀ ਸੰਭਾਵਨਾ ਹੈ।