ਅਸ਼ੋਕ ਵਰਮਾ , ਬਠਿੰਡਾ 6 ਜਨਵਰੀ 2024
ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਸ਼ਰਾਰਤੀ ਅਨਸਰਾਂ ਅਤੇ ਅਪਰਾਧੀਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਬਠਿੰਡਾ ਪੁਲਿਸ ਨੇ ਨਕਲੀ ਮੋਬਾਈਲ ਫੋਨ ਤਿਆਰ ਕਰਕੇ ਉਹਨਾਂ ਨੂੰ ਜਾਅਲੀ ਆਈ.ਈ.ਐੱਮ.ਈ.ਆਈ ਨੰਬਰ ਲਾਉਣ ਤੋਂ ਬਾਅਦ ਵੇਚਣ ਵਾਲੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜਮਾਂ ਕੋਲੋਂ ਕੀਪੈਡ ਵਾਲੇ 130 ਮੋਬਾਇਲ ਫੋਨ ਬਰਾਮਦ ਕੀਤੇ ਹਨ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਰਿੰਕੂ ਕੁਮਾਰ ਪੁੱਤਰ ਸੱਤਪਾਲ ਵਾਸੀ ਪ੍ਰੇਮ ਨਗਰ ਅਬੋਹਰ ਅਤੇ ਵੰਸ਼ ਪੁੱਤਰ ਰਵਿੰਦਰ ਵਾਸੀ ਤੇਜਲੀ ਜਮਨਾਨਗਰ ਹਰਿਆਣਾ ਹਾਲ ਅਬਾਦ ਅਬੋਹਰ ਦੇ ਤੌਰ ਤੇ ਕੀਤੀ ਗਈ ਹੈ।
ਡੀਐਸਪੀ ਡੀ ਬਠਿੰਡਾ ਮਨਮੋਹਨ ਸਰਨਾ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਵਨ ਬਠਿੰਡਾ ਦੀ ਪੁਲਿਸ ਪਾਰਟੀ ਨੂੰ ਸ਼ਹਿਰ ਵਿੱਚ ਗਸ਼ਤ ਦੌਰਾਨ ਇਸ ਸਬੰਧ ’ਚ ਗੁਪਤ ਸੂਚਨਾ ਮਿਲੀ ਸੀ ਜਿਸ ਤੋਂ ਮਗਰੋਂ ਰਿੰਕੂ ਕੁਮਾਰ ਅਤੇ ਵੰਸ਼ ਵਾਸੀਅਨ ਅਬੋਹਰ ਨੂੰ ਬਠਿੰਡਾ ਦੀਆਂ ਝੀਲਾਂ ਲਾਗਿਓਂ ਕਾਬੂ ਕਰਕੇ 130 ਮੋਬਾਈਲ ਫੋਨ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਥਾਣਾ ਥਰਮਲ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਏਗੀ ਜਿਸ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।