ਦੋਸ਼- ਪੈਟ੍ਰੋਲ ਪੰਪ ਵਾਲਿਆਂ ਨੇ ਕਿਉਂ ਕੱਢੇ ਅਣਪਛਾਤੇ ਵਿਅਕਤੀਆਂ ਨੂੰ ਚੋਰੀ ਦੇ ਏਟੀਐਮ ਰਾਹੀਂ ਹਜਾਰਾਂ ਰੁਪਏ- ਜਰਨੈਲ ਜਵੰਧਾ
ਹਰਿੰਦਰ ਨਿੱਕਾ , ਬਰਨਾਲਾ 4 ਦਸੰਬਰ 2023
ਸ਼ਹਿਰ ਦੇ ਅੰਡਰਬ੍ਰਿਜ ਦੇ ਸਾਹਮਣੇ ਜੌੜੇ ਪੈਟ੍ਰੋਲ ਪੰਪਾਂ ‘ਚੋਂ ਇੱਕ ਪੰਪ ਨੂੰ ਕਿਸਾਨਾਂ ਨੇ ਘੇਰਾ ਪਾ ਕੇ ਜੋਰਦਾਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਰੋਸ ਧਰਨੇ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਕਰ ਰਹੇ ਹਨ। ਮਾਹੌਲ ਤਣਾਅਪੂਰਣ ਹੋਣ ਕਾਰਣ, ਪੁਲਿਸ ਵੀ ਹਾਲਤ ਨੂੰ ਸ਼ਾਂਤੀਪੂਰਨ ਬਣਾਏ ਰੱਖਣ ਲਈ ਪਹੁੰਚ ਚੁੱਕੀ ਹੈ। ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ, ਉਨ੍ਹੀਂ ਦੇਰ ਤੱਕ ਰੋਸ ਧਰਨਾ ਜ਼ਾਰੀ ਰੱਖਣਗੇ, ਜਿੰਨੀਂ ਦੇਰ ਤੱਕ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੋ ਜਾਂਦੀ। ਇਸ ਮੌਕੇ ਗੱਲਬਾਤ ਕਰਦਿਆਂ ਯੂਨੀਅਨ ਆਗੂ ਬਲੌਰ ਸਿੰਘ ਛੰਨਾ ਨੇ ਦੱਸਿਆ ਕਿ ਯੂਨੀਅਨ ਦੇ ਮੈਂਬਰ ਮਨਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਜਵੰਧਾ ਪਿੰਡੀ, ਐਚ.ਡੀ.ਐਫ.ਸੀ. ਦੀ ਧਨੌਲਾ ਸ਼ਾਖਾ ਦੇ ਏਟੀਐਮ ਰਾਹੀਂ ਪੈਸੇ ਕਢਵਾਉਣ ਲਈ ਗਿਆ ਸੀ। ਉੱਥੇ ਪਹਿਲਾਂ ਤੋਂ ਮੌਜੂਦ ਕੁੱਝ ਵਿਅਕਤੀਆਂ ਨੇ ਮਨਜੀਤ ਸਿੰਘ ਦਾ ਏਟੀਐਮ ਕਾਰਡ ਕੁੱਝ ਸੁੰਘਾ ਕੇ ਲੈ ਲਿਆ। ਇਸ ਏਟੀਐਮ ਦੀ ਵਰਤੋਂ ਕਰਕੇ, ਅਣਪਛਾਤਿਆਂ ਨੇ ਬਰਨਾਲਾ ਦੇ ਰਾਮ ਜੀ ਦਾਸ ਬਨਾਰਸੀ ਦਾਸ ਫਰਮ ਦੇ ਪੈਟ੍ਰੋਲ ਪੰਪ ਤੋਂ ਆ ਕੇ 10 ਹਜ਼ਾਰ 300 ਰੁਪਏ ਕਢਵਾ ਲਏ। ਉਨ੍ਹਾਂ ਕਿਹਾ ਕਿ ਜਦੋਂ ਇਸ ਸਬੰਧੀ ਯੂਨੀਅਨ ਦਾ ਵਫਦ ਪੰਪ ਮਾਲਿਕਾਂ ਨੂੰ ਮਿਲਿਆ ਤਾਂ ਉਨ੍ਹਾਂ ਗੱਲ ਕੋਈ ਤਣ ਪੱਤਣ ਨਹੀਂ ਲਾਈ। ਜਿਸ ਕਾਰਣ, ਯੂਨੀਅਨ ਨੂੰ ਪੰਪ ਤੇ ਰੋਸ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ। ਯੂਨੀਅਨ ਆਗੂ ਜਰਨੈਲ ਸਿੰਘ ਜਵੰਧਾ ਨੇ ਸਵਾਲ ਕੀਤਾ ਕਿ ਪੈਟ੍ਰੌਲ ਪੰਪ ਵਾਲਿਆਂ ਨੇ ਅਣਪਛਾਤੇ ਵਿਅਕਤੀਆਂ ਦੇ ਏਟੀਐਮ ਰਾਹੀਂ ਉਨ੍ਹਾਂ ਨੂੰ 10 ਹਜਾਰ 300 ਰੁਪਏ ਤਿੰਨ ਐਂਟਰੀਆਂ ਰਾਹੀਂ ਕਿਉਂ ਕੱਢ ਕੇ ਦਿੱਤੇ, ਜਦੋਂਕਿ ਰੁਪਏ ਕੱਢ ਕੇ ਦੇਣਾ, ਪੰਪ ਵਾਲਿਆਂ ਦਾ ਕੰਮ ਨਹੀਂ। ਇਹ ਸਿਰਫ ਪੈਟ੍ਰੋਲ ਹੀ ਪਾ ਸਕਦੇ ਹਨ। ਅਜਿਹਾ ਹੋਣ ਤੋਂ ਪਤਾ ਲੱਗਦਾ ਹੈ ਕਿ ਪੰਪ ਦੇ ਕਰਿੰਦਿਆਂ ਦੀ ਠੱਗਾਂ ਨਾਲ ਮਿਲੀਭੁਗਤ ਸੀ, ਜਿਸ ਦੀ ਪੁਲਿਸ ਨੂੰ ਜਾਂਚ ਕਰਨੀ ਚਾਹੀਂਦੀ ਹੈ। ਖਬਰ ਲਿਖੇ ਜਾਣ ਤੱਕ ਰੋਸ ਧਰਨਾ ਜ਼ਾਰੀ ਹੈ। ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਓ ਬਲਜੀਤ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਨਾਲ ਗੱਲਬਾਤ ਕਰਕੇ, ਮਾਮਲੇ ਨੂੰ ਸੁਲਝਾਉਣ ਦੇ ਯਤਨ ਜ਼ਾਰੀ ਹਨ। ਉਮੀਦ ਹੈ,ਜਲਦ ਹੀ ਮਾਮਲੇ ਦਾ ਹੱਲ ਕੱਢ ਲਿਆ ਜਾਵੇਗਾ।