7 ਲੱਖ ਰੁਪਏ ਖਾਤੇ ਚ, ਜਮ੍ਹਾਂ ਕਰਵਾਉਣ ਵਾਲੇ ਨੂੰ ਹੀ ਬਣਾਇਆ ਦੋਸ਼ੀ
-ਡੀ.ਏ. ਲੀਗਲ ਦੀ ਸਿਫਾਰਿਸ਼ ਤੇ ਐਸਐਸਪੀ ਦੇ ਹੁਕਮ ਨੂੰ ਕੀਤਾ ਨਜਰਅੰਦਾਜ਼
-7 ਲੱਖ ਰੁਪਏ ਲੈਣ ਵਾਲੇ ਦੋਸ਼ੀ ਅੰਚਲ ਚੌਹਾਨ ਤੇ ਦੇਵੇਂਦਰ ਗੁਪਤਾ ਵਿਰੁੱਧ ਨਹੀਂ ਕੀਤਾ ਕੇਸ ਦਰਜ਼
ਹਰਿੰਦਰ ਨਿੱਕਾ ਬਰਨਾਲਾ 19 ਜੂਨ 2020
ਤਕੜੇ ਦਾ ਸੱਤੀ ਵੀਹੀਂ 100 ਯਾਨੀ ਪ੍ਰਭਾਵਸ਼ਾਲੀ ਬੰਦਾ 140 ਨੂੰ ਵੀ 100 ਕਹਿ ਦੇਵੇ, ਉਹ ਨੂੰ 100 ਹੀ ਮੰਨ ਲਿਆ ਜਾਂਦਾ ਹੈ। ਅਜਿਹਾ ਹੀ ਵਾਕਿਆਤ 15 ਜੂਨ 2020 ਨੂੰ ਥਾਣਾ ਰੂੜੇਕੇ ਕਲਾਂ ਚ, ਸੀਆਈਏ ਸਟਾਫ ਬਰਨਾਲਾ ਦੀ ਪੜਤਾਲ ਤੋਂ ਬਾਅਦ ਦਰਜ਼ ਹੋਈ ਐਫਆਈਆਰ ਨੰਬਰ 61 ਦਾ ਪੋਸਟਮਾਰਟਮ ਯਾਨੀ ਤੱਥਾਂ ਦੀ ਘੋਖ ਕਰਨ ਤੋਂ ਸਾਹਮਣੇ ਆਇਆ ਹੈ। ਇਹ ਐਫਆਈਆਰ ਟ੍ਰਾਈਡੈਂਟ ਗਰੁੱਪ ਉਦਯੋਗ ਧੌਲਾ ਵੱਲੋਂ ਉਨ੍ਹਾਂ ਦੇ ਅਧਿਕਾਰੀ ਪ੍ਰਵੀਨ ਵਰਮਾ ਦੀ ਸ਼ਿਕਾਇਤ ਤੇ ਗੁਜਰਾਤ ਪ੍ਰਦੇਸ਼ ਦੇ ਰਹਿਣ ਵਾਲੇ ਅਤੇ M/s Pansons Electro Mech Enngineering ਦੇ ਐਮਡੀ ਬਾਬੂ ਕ੍ਰਿਸ਼ਨਨ ਅਤੇ ਮੈ: ਜੇ : ਐਸ ਇੰਟਰਪ੍ਰਾਈਜਿਜ ਦੇ ਜੈ ਵੀਰ ਸਿੰਘ ਦੇ ਖਿਲਾਫ ਦਰਜ਼ ਹੋਈ ਹੈ। ਸ਼ਿਕਾਇਤ ਚ, ਦੋਸ਼ ਲਾਇਆ ਗਿਆ ਹੈ ਕਿ ਦੋਸ਼ੀਆਂ ਨੇ ਟ੍ਰਾਈਡੈਂਟ ਗਰੁੱਪ ਤੋਂ 7 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ।
ਆਖਿਰ ਕੀ ਹੈ ਸ਼ਿਕਾਇਤ ਦਾ ਸੱਚ
ਟ੍ਰਾਈਡੈਂਟ ਗਰੁੱਪ ਉਦਯੋਗ ਧੌਲਾ ਦੇ ਔਥੋਰਾਈਜਡ ਸਿਗਨੇਚਰੀ ਅਧਿਕਾਰੀ ਪ੍ਰਵੀਨ ਵਰਮਾ ਨੇ 20 ਮਈ 2020 ਨੂੰ ਸ਼ਿਕਾਇਤ ਕੀਤੀ ਕਿ ਟ੍ਰਾਈਡੈਂਟ ਗਰੁੱਪ ਵੱਲੋਂ ਇੱਕ ਸਟੀਮ ਟਰਬਾਇਨ ਮਸ਼ੀਨ ਵੇਚਣ ਸਬੰਧੀ ਅਖਬਾਰ ਚ, ਇਸ਼ਤਿਹਾਰ ਦਿੱਤਾ ਗਿਆ ਸੀ। ਜਿਸ ਦੇ ਅਧਾਰ ਤੇ ਜਯਵੀਰ ਸਿੰਘ ਮੈ :ਜੈ : ਐਸ਼ : ਇੰਟ੍ਰਪ੍ਰਾਈਜਿਜ ਵਾਸੀ ਜਾਮਨਗਰ ਗੁਜਰਾਤ ਨੇ ਟ੍ਰਾਈਡੈਂਟ ਲਿਮਟਿਡ ਧੌਲਾ ਵਿਖੇ ਪਹੁੰਚ ਕੇ ਮਸ਼ੀਨ ਵੇਖੀ, ਉਸਤੋਂ ਬਾਅਦ ਮੈ :ਜੈ ਪੈਨਸਨਜ ਇਲੈਕਟ੍ਰੋ ਮੈਕ ਇੰਜੀਨਿਅਰਿੰਗ ਜਾਮਨਗਰ ਦੇ ਐਮ.ਡੀ. ਬਾਬੂ ਕ੍ਰਿਸ਼ਨਨ ਨੇ ਇੱਕ ਪੱਤਰ ਕੰਪਨੀ ਨੂੰ ਭੇਜਿਆ ਕਿ ਉਸਨੇ ਟਰਬਾਈਨ ਮਸ਼ੀਨ 75 ਲੱਖ ਰੁਪਏ+ ਜੀ.ਐਸ.ਟੀ. ਐਕਸਟਰਾ+ ਟ੍ਰਾਂਸਪੋਰਟ ਆਦਿ ਖਰੀਦਣ ਦੀ ਤਜ਼ਵੀਜ ਰੱਖੀ। ਪਰੰਤੂ ਟ੍ਰਾਈਡੈਂਟ ਗਰੁੱਪ ਵੱਲੋਂ ਇਸ ਤਜ਼ਵੀਜ਼ ਸਬੰਧੀ ਕੋਈ ਜਵਾਬ ਨਹੀਂ ਦਿੱਤਾ ਗਿਆ। ਜਿਸ ਤੋਂ ਬਾਅਦ ਬਾਬੂ ਕ੍ਰਿਸ਼ਨਨ ਵੱਲੋਂ ਟ੍ਰਾਈਡੈਂਟ ਕੰਪਨੀ ਨੂੰ ਈਮੇਲ ਰਾਹੀ ਦੱਸਿਆ ਕਿ ਉਨ੍ਹਾਂ ਨੇ ਮਸ਼ੀਨ ਸਬੰਧੀ ਅੰਚੁਲ ਚੌਹਾਨ ਅਤੇ ਦੇਵੇਂਦਰਾ ਕੁਮਾਰ ਗੁਪਤਾ ਦੇ ਖਾਤਿਆਂ ਵਿੱਚ 7 ਲੱਖ ਰੁਪਏ ਪਾ ਦਿੱਤੇ ਹਨ। ਉਨ੍ਹਾਂ ਇੱਕ ਸੇਲ ਲੈਟਰ ਦੀ ਕਾਪੀ ਵੀ ਟ੍ਰਾਈਡੈਂਟ ਨੂੰ ਭੇਜੀ। ਜਿਸ ਸਬੰਧੀ ਕੋਈ ਖਰੀਦ-ਫਰੋਖਤ ਹੀ ਨਹੀਂ ਹੋਈ ਅਤੇ ਦੋਸ਼ੀਆਨ ਵੱਲੋਂ ਜੋ ਸੇਲ ਲੈਟਰ ਦਾ ਜਿਕਰ ਕੀਤਾ ਗਿਆ ਹੈ। ਇਹ ਟ੍ਰਾਈਡੈਂਟ ਕੰਪਨੀ ਦਾ ਹੈ ਹੀ ਨਹੀਂ ਹੈ ਅਤੇ ਨਾ ਹੀ ਟ੍ਰਾਈਡੈਂਟ ਕੰਪਨੀ ਵੱਲੋਂ ਉਕਤ 7 ਲੱਖ ਰੁਪਏ ਦੀ ਕੋਈ ਰਕਮ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ। ਉਨ੍ਹਾਂ ਇਹ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਅੰਚੁਲ ਚੌਹਾਨ ਅਤੇ ਦੇਵੇਂਦਰ ਗੁਪਤਾ ਦੇ ਖਾਤੇ ਚ, 7 ਲੱਖ ਰੁਪਏ ਟ੍ਰਾਂਸਫਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਹ ਦੋਵੇਂ ਕੰਪਨੀ ਦੇ ਪ੍ਰਤੀਨਿਧ ਹੀ ਨਹੀਂ ਹਨ। ਟ੍ਰਾਈਡੈਂਟ ਅਧਿਕਾਰੀ ਅਨੁਸਾਰ ਉਕਤ ਦੋਸ਼ੀਆਂ ਵੱਲੋਂ ਜਾਅਲੀ ਤੇ ਝੂਠੇ ਦਸਤਾਵੇਜ਼ ਬਣਾ ਕੇ ਕੰਪਨੀ ਖਿਲਾਫ ਕੇਸ ਦਰਜ਼ ਕਰਵਾਉਣ ਦੀ ਧਮਕੀ ਦੇ ਕੇ 7 ਲੱਖ ਰੁਪਏ ਫਿਰੌਤੀ ਦੇ ਤੌਰ ਦੇ ਦੇਣ ਦੀ ਮੰਗ ਕੀਤੀ ਜਾ ਰਹੀ ਹੈ।
ਸ਼ਿਕਾਇਤ ਚ, ਕੀ ਕੀਤੀ ਮੰਗ ,,,,,
ਸ਼ਿਕਾਇਤ ਚ, ਕਿਹਾ ਗਿਆ ਕਿ ਦੋਸ਼ੀਆਨ ਬਾਬੂ ਕ੍ਰਿਸ਼ਨਨ, ਜੈਵੀਰ ਸਿੰਘ, ਅੰਚੁਲ ਚੌਹਾਨ ਅਤੇ ਦੇਵੇਂਦਰ ਗੁਪਤਾ ਦੇ ਖਿਲਾਫ ਅਧੀਨ ਜੁਰਮ 120 B, 420 , 467, 468,471, 389, 511, 506 IPC ਦੇ ਤਹਿਤ ਕੇਸ ਦਰਜ਼ ਕੀਤਾ ਜਾਵੇ। ਟ੍ਰਾਈਡੈਂਟ ਦੀ ਇਸ ਸ਼ਿਕਾਇਤ ਦੀ ਜਾਂਚ ਐਐਸਪੀ ਸੰਦੀਪ ਗੋਇਲ ਨੇ ਸੀਆਈਏ ਦੇ ਇੰਚਾਰਜ ਬਲਜੀਤ ਸਿੰਘ ਨੂੰ ਸੌਂਪ ਦਿੱਤੀ ਸੀ । ਜਿਨ੍ਹਾਂ ਆਪਣੀ ਪੜਤਾਲ ਰਿਪੋਰਟ ਚ, ਕਿਹਾ ਕਿ ਦੋਸ਼ੀ ਧਿਰ ਪੜਤਾਲ ਦੌਰਾਨ ਹਾਜਿਰ ਨਹੀਂ ਆਈ। ਬਜਰੀਆ ਈ-ਮੇਲ ਹੀ ਆਪਣੇ ਜੁਆਬ ਭੇਜੇ ਗਏ। ਇਹ ਵੀ ਧਿਆਨ ਦੇਣ ਯੋਗ ਹੈ ਪੂਰੀ ਪੜਤਾਲ ਲੌਕਡਾਉਨ ਦੌਰਾਨ ਹੀ ਮੁਕੰਮਲ ਕਰ ਦਿੱਤੀ ਗਈ ਹੈ। ਸਾਰੇ ਦੋਸ਼ੀਆਨ ਦੇ ਖਿਲਾਫ ਕਾਰਵਾਈ ਕਰਨ ਤੋਂ ਪਹਿਲਾਂ ਸੀਆਈਏ ਇੰਚਾਰਜ ਨੇ ਡੀਏ ਲੀਗਲ ਤੋਂ ਕਾਨੂੰਨੀ ਰਾਇ ਲੈਣ ਲਈ ਵੀ ਲਿਖਿਆ।
ਡਿਪਟੀ ਡੀ.ਏ. ਅਸੀਮ ਗੋਇਲ ਦੀ ਰਾਇ
ਡਿਪਟੀ ਡੀ.ਏ. ਅਸੀਮ ਗੋਇਲ ਨੇ ਆਪਣੀ ਕਾਨੂੰਨੀ ਰਾਇ ਚ, ਕਿਹਾ ਕਿ ਸਾਰੇ ਤੱਥ ਵਾਚਣ ਤੋਂ ਸਾਹਮਣੇ ਆਇਆ ਹੈ ਕਿ ਦੋਸ਼ੀ ਧਿਰ ਦੇ ਬਾਬੂ ਕ੍ਰਿਸ਼ਨਨ ਨੇ ਜੈਵੀਰ ਸਿੰਘ ਨਾਲ ਮਿਲੀਭੁਗਤ ਕਰਕੇ ਦੇਵੇਂਦਰ ਗੁਪਤਾ ਤੇ ਅੰਚੁਲ ਚੌਹਾਨ ਦੇ ਬੈਂਕ ਖਾਤਿਆਂ ਚ, 30 ਅਗਸਤ ਅਤੇ 4 ਸਿਤੰਬਰ 2019 ਨੂੰ 7 ਲੱਖ ਰੁਪਏ ਟ੍ਰਾਂਸਫਰ ਕੀਤੇ ਹਨ। ਦੋਸ਼ੀਆਨ ਨੇ 9 ਸਿਤੰਬਰ 2019 ਨੂੰ ਟ੍ਰਾਈਡੈਂਟ ਦਾ ਫਰਜੀ ਲੈਟਰ ਪੈਡ ਤਿਆਰ ਕਰਕੇ ਉਸ ਨੂੰ ਵਰਤ ਕੇ ਟ੍ਰਾਈਡੈਂਟ ਤੋਂ 7 ਲੱਖ ਰੁਪਏ ਮੰਗ ਰਹੇ ਹਨ। ਜਦੋਂ ਕਿ ਦੋਸ਼ੀ ਧਿਰ ਦਾ ਟ੍ਰਾਈਡੈਂਟ ਨਾਲ ਮਸ਼ੀਨ ਦੀ ਖਰੀਦ ਫਰੋਖਤ ਸਬੰਧੀ ਕੋਈ ਇਕਰਾਰਨਾਮਾ ਹੀ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲੀ ਨਜਰ ਚ, ਉਸ ਦੀ ਰਾਇ ਅਨੁਸਾਰ ਦੋਸ਼ੀਆਨ ਦੇ ਖਿਲਾਫ ਫਿਰੌਤੀ ਮੰਗਣ ਦਾ ਨਹੀਂ, ਬਲਕਿ 420,467,468,471,120 ਬੀ ਆਈਪੀਸੀ ਦੇ ਤਹਿਤ ਕੇਸ ਦਰਜ਼ ਕਰਨਾ ਬਣਦਾ ਹੈ। ਕਾਨੂੰਨੀ ਰਾਇ ਦੇ ਆਧਾਰ ਦੇ ਐਸਐਸਪੀ ਨੇ ਲਿਖਿਆ ਕਿ ਐਸਐਚਉ ਰੂੜੇਕੇ ਕਲਾਂ ਕੇਸ ਦਰਜ਼ ਕਰਕੇ ਪੜਤਾਲ ਕਰਨ।
7 ਲੱਖ ਲੈਣ ਵਾਲਿਆਂ ਖਿਲਾਫ ਨਹੀਂ, ਦੇਣ ਵਾਲੇ ਵਿਰੁੱਧ ਹੀ ਦਰਜ ਕੀਤਾ ਕੇਸ
ਐਸਐਚਉ ਰੂੜੇਕੇ ਕਲਾਂ ਨੇ ਡੀਏ ਲੀਗਲ ਦੀ ਰਾਇ ਅਤੇ ਐਸਐਸਪੀ ਦੇ ਹੁਕਮ ਨੂੰ ਨਜਰਅੰਦਾਜ ਕਰਦੇ ਹੋਏ ਅੰਚੁਲ ਚੌਹਾਨ ਅਤੇ ਦੇਵੇਂਦਰ ਗੁਪਤਾ ਦੇ ਖਾਤਿਆਂ ਚ, 7 ਲੱਖ ਰੁਪਏ ਪਾਉਣ ਵਾਲੇ ਬਾਬੂ ਕ੍ਰਿਸ਼ਨਨ ਅਤੇ ਟ੍ਰਾਈਡੈਂਟ ਨਾਲ ਡੀਲ ਕਰਵਾਉਣ ਵਾਲੇ ਜੈਵੀਰ ਸਿੰਘ ਦੇ ਖਿਲਾਫ ਕੇਸ ਦਰਜ ਕਰ ਦਿੱਤਾ। ਪਰੰਤੂ ਟ੍ਰਾਈਡੈਂਟ ਦਾ ਜਾਲੀ ਫਰਜੀ ਸੇਲ ਲੈਟਰ ਤਿਆਰ ਕਰਕੇ 7 ਲੱਖ ਰੁਪਏ ਬਾਬੂ ਕ੍ਰਿਸ਼ਨਨ ਤੋਂ ਲੈਣ ਵਾਲੇ ਅੰਚੁਲ ਚੌਹਾਨ ਅਤੇ ਦੇਵੇਂਦਰ ਗੁਪਤਾ ਨੂੰ ਕੇਸ ਚ, ਦੋਸ਼ੀ ਨਹੀਂ ਬਣਾਇਆ। ਇਹ ਵੱਡਾ ਸਵਾਲ ਪੁਲਿਸ ਦੀ ਕਾਰਵਾਈ ਦੇ ਖੜ੍ਹਾ ਹੋ ਰਿਹਾ ਹੈ ਕਿ ਆਖਿਰ ਕਿਉਂ, 2 ਮੁੱਖ ਦੋਸ਼ੀਆਂ ਨੂੰ ਕੇਸ ਚ, ਨਾਮਜਦ ਨਹੀਂ ਕੀਤਾ ਗਿਆ ?
ਬਾਬੂ ਕ੍ਰਿਸ਼ਨਨ ਬੋਲਿਆ, ਮੇਰੇ 7 ਲੱਖ ਵੀ ਗਏ ,ਮੈਨੂੰ ਹੀ ਬਣਾਇਆ ਦੋਸ਼ੀ
ਮੈ :ਜੈ ਪੈਨਸਨਜ ਇਲੈਕਟ੍ਰੋ ਮੈਕ ਇੰਜੀਨਿਅਰਿੰਗ ਜਾਮਨਗਰ ਦੇ ਐਮ.ਡੀ. ਬਾਬੂ ਕ੍ਰਿਸ਼ਨਨ ਨੇ ਬਰਨਾਲਾ ਟੂਡੇ ਨਾਲ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਸ ਨਾਲ ਟ੍ਰਾਈਡੈਂਟ ਦੀ ਮਸ਼ੀਨ ਖਰੀਦ ਸਬੰਧੀ ਡੀਲ ਜੈ ਵੀਰ ਸਿੰਘ ਨੇ ਹੀ ਕਰਵਾਈ ਸੀ । ਉਸ ਨੇ ਟ੍ਰਾਈਡੈਂਟ ਦਾ ਸੇਲ ਲੈਟਰ ਭੇਜਿਆ। ਜੈਵੀਰ ਸਿੰਘ ਦੀ ਬੇਟੀ ਅੰਚੁਲ ਚੌਹਾਨ ਅਤੇ ਦੇਵੇਂਦਰ ਗੁਪਤਾ ਦੇ ਖਾਤਿਆ ਚ, ਹੀ 7 ਲੱਖ ਰੁਪਏ ਪਾਏ ਗਏ ਸਨ । ੳਸ ਨੇ ਕਿਹਾ ਕਿ ਮੈਂ ਇਹ ਸੋਚ ਕੇ ਹੈਰਾਨ ਹੋ ਰਿਹਾ ਹਾਂ ਕਿ ਮੇਰੇ 7 ਲੱਖ ਰੁਪਏ ਵੀ ਚਲੇ ਗਏ, ਪੁਲਿਸ ਨੇ ਪੜਤਾਲ ਚ, ਰੁਪਏ ਪ੍ਰਾਪਤ ਕਰਨ ਵਾਲਿਆ ਨੂੰ ਦੋਸ਼ੀ ਬਣਾਉਣ ਦੀ ਬਜਾਏ ਮੈਨੂੰ ਹੀ ਦੋਸ਼ੀ ਬਣਾ ਧਰਿਆ । ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਰੁਪਏ ਮੰਗਣ ਤੇ ਹੀ ਪੁਲਿਸ ਨੇ ਫਿਰੌਤੀ ਮੰਗਣ ਵਾਲਾ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਗੁਜਰਾਤੀ ਹਾਂ, ਚੁੱਪ ਕਰਕੇ ਜੁਲਮ ਸਹਿਣ ਵਾਲਾ ਨਹੀਂ, ਇਹ ਸਾਰਾ ਮਾਮਲਾ ਪ੍ਰਧਾਨਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੇ ਧਿਆਨ ਚ, ਵੀ ਲਿਆਵਾਂਗਾ।
—