ਰਘਬੀਰ ਹੈਪੀ, ਬਰਨਾਲਾ, 20 ਨਵੰਬਰ 2023
ਪਿੰਡ ਉਗੋਕੇ, ਜ਼ਿਲ੍ਹਾ ਬਰਨਾਲਾ ਦਾ ਕਿਸਾਨ ਜਰਨੈਲ ਸਿੰਘ ਪਿਛਲੇ 3 ਸਾਲਾਂ ਤੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਸੰਭਾਲ ਰਿਹਾ ਹੈ। ਖੇਤਾਂ ‘ਚ ਨਿਰੰਤਰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਆਪਣੀ ਡਿਊਟੀ ਨਿਭਾ ਰਹੇ ਉੱਪ ਮੰਡਲ ਮਜਿਸਟ੍ਰੇਟ ਬਰਨਾਲਾ ਗੋਪਾਲ ਸਿੰਘ ਨਾਲ ਇਸ ਸਬੰਧੀ ਗੱਲ ਬਾਤ ਸਾਂਝੀ ਕਰਦਿਆਂ ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਪਰਾਲੀ ਦੀਆਂ ਗੱਠਾਂ ਬਣਾ ਕੇ ਵੇਚ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੀ 12 ਏਕੜ ਜ਼ਮੀਨ ਵਿੱਚ ਪਰਾਲੀ ਪ੍ਰਬੰਧਨ ਕਰ ਰਹੇ ਹਨ ਅਤੇ ਨਾਮ ਹੀ ਇਸ ਵਿਚੋਂ ਕਮਾਈ ਕਰ ਰਹੇ ਹਨ ।
ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਕਿਹਾ ਕਿ ਜਰਨੈਲ ਸਿੰਘ ਵਰਗੇ ਕਿਸਾਨ ਹੋਰਨਾਂ ਕਿਸਾਨਾਂ ਲਈ ਚਾਨਣ ਮੁਨਾਰਾ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲਿਸ ਮੁੱਖੀ ਸ੍ਰੀ ਸੰਦੀਪ ਮਲਿਕ ਦੀ ਅਗਵਾਈ ਹੇਠ ਪੁਲਿਸ ਟੀਮਾਂ ਨਿਰੰਤਰ ਪਿੰਡਾਂ ‘ਚ ਪਰਾਲੀ ਨੂੰ ਅੱਗ ਲਗਾਉਣ ਖਿਲਾਫ ਕਿਸਾਨਾਂ ਨੂੰ ਜਾਗਰੂਕ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਗਾ ਕੇ ਮੌਕੇ ਉੱਤੇ ਉਸ ਦਾ ਪ੍ਰਬੰਧਨ ਕਰ ਰਹੇ ਹਨ। ਵੱਖ ਵੱਖ ਖੇਤੀ ਸੰਦਾਂ ਦੀ ਸਹਾਇਤਾ ਨਾਲ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ। ਇਸ ਤਹਿਤ ਖੇਤੀਬਾੜੀ ਵਿਭਾਗ ਸਰਕਲ ਕੁਤਬਾ ਬਲਾਕ ਮਹਿਲ ਕਲਾਂ ਦੇ ਪਿੰਡ ਛਾਪਾ ਵਿਖੇ ਕਿਸਾਨ ਅਮਰੀਕ ਸਿੰਘ ਨੇ ਤਾਲਮੇਲ ਨਾਲ ਹੈਪੀ ਸੀਡਰ ਵਿਧੀ ਨਾਲ 35 ਏਕੜ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ।
ਕਿਸਾਨ ਜਗਮੀਤ ਸਿੰਘ ਪਿੰਡ ਪੰਡੋਰੀ ਕਾਨੂੰਗੋ ਸਰਕਲ ਮਹਿਲ ਕਲਾਂ ਵਿਖੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਿਨਾਂ 19 ਏਕੜ ਰਕਬੇ ਵਿੱਚ ਕਣਕ ਦੀ ਬਿਜਾਈ ਸੁਪਰਸੀਡਰ ਨਾਲ ਕਰ ਰਿਹਾ ਹੈ। ਇਸੇ ਤਰ੍ਹਾਂ ਕਲਸਟਰ ਟੀਮ ਸੰਘੇੜਾ ਵੱਲੋਂ ਪਿੰਡ ਸੇਖਾ ਵਿੱਖੇ ਕਿਸਾਨ ਸੁਖਵਿੰਦਰ ਸਿੰਘ ਦੇ 9 ਏਕੜ ਰਕਬੇ ਵਿੱਚ ਪਰਾਲੀ ਨੂੰ ਬਿਨਾਂ ਅੱਗ ਲਾਏ ਮਲਚਿੰਗ ਵਿਧੀ ਨਾਲ ਕਣਕ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਗਿਆ l ਨਾਲ ਹੀ ਵੱਖ ਵੱਖ ਸਿਵਲ ਪ੍ਰਸ਼ਾਸਨ ਅਤੇ ਪੁਲਸ ਦੇ ਅਹੁਦੇਦਾਰਾਂ ਵੱਲੋਂ ਲਗਾਤਾਰ ਨਜ਼ਰ ਸਾਨੀ ਅਤੇ ਜਾਗਰੂਕਤਾ ਜਾਰੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮਦਦ ਨਾਲ ਪਰਾਲੀ ਨੂੰ ਅੱਗ ਲਗਾਉਣ ਵਾਲੀਆਂ ਘਟਨਾਵਾਂ ਉੱਤੇ ਠੱਲ੍ਹ ਪਾਈ ਜਾ ਰਹੀ ਹੈ।