ਰੋਸ ਵਜੋਂ ਡੀਐਸਪੀ ਦਫਤਰ ਇਕੱਠੇ ਹੋਣਾ ਸ਼ੁਰੂ ਹੋ ਗਏ ਕਾਂਗਰਸੀ , ਕਿਹਾ ਚੁੱਪ-ਚਾਪ ਬਰਦਾਸ਼ਤ ਨਹੀਂ ਕਰਾਂਗੇ ਸਰਕਾਰ ਦਾ ਧੱਕੇਸ਼ਾਹੀ
ਹਰਿੰਦਰ ਨਿੱਕਾ , ਬਰਨਾਲਾ 18 ਨਵੰਬਰ 2023
ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ‘ਤੇ ਸਰਕਾਰ ਧਿਰ ਦੇ ਕਥਿਤ ਅੱਤਿਆਚਾਰ ਦੇ ਖਿਲਾਫ ਡਟ ਕੇ ਅਵਾਜ ਬੁਲੰਦ ਕਰਨ ਵਾਲੇ ਬਲਾਕ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਅਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ ਨੂੰ ਅੱਜ ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਨੇ ਮੂੰਹ ਹਨ੍ਹੇਰੇ ਹੀ ਗਿਰਫਤਾਰ ਕਰ ਲਿਆ। ਲੋਟਾ ਤੋਂ ਇਲਾਵਾ ਪੁਲਿਸ ਨੇ ਸ਼ਹਿਰ ਦੀ ਪ੍ਰਸਿੱਧ ਧਾਰਮਿਕ ਸੰਸਥਾ ਸ਼ਿਵ ਸੇਵਾ ਸੰਘ ਦੇ ਮੋਹਰੀ ਆਗੂ ਭਾਰਤ ਮਿੱਤਲ ਉਰਫ ਘੋਨਾ ਸ਼ੈਲਰ ਵਾਲਾ ਨੂੰ ਵੀ ਗਿਰਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਕੀਤੀਆਂ ਇੱਨ੍ਹਾਂ ਗਿਰਫਤਾਰੀਆਂ ਤੋਂ ਬਾਅਦ ਸ਼ਹਿਰ ਦੇ ਵਪਾਰੀਆਂ ਅਤੇ ਕਾਂਗਰਸੀਆਂ ਵਿੱਚ ਰੋਹ ਫੈਲ ਗਿਆ। ਜਦੋਂ ਦੋਵਾਂ ਨੂੰ ਗਿਰਫਤਾਰ ਕੀਤੇ ਜਾਣ ਦੀ ਭਿਣਕ ਸ਼ਹਿਰੀਆਂ ਨੂੰ ਪਈ ਤਾਂ ਸਵੇਰ ਤੋਂ ਹੀ ਲੋਕ ਥਾਣਾ ਸਿਟੀ 2 ਬਰਨਾਲਾ ਦੇ ਬਾਹਰ ਪਹੁੰਚਣਾ ਸ਼ੁਰੂ ਹੋ ਗਏ। ਸੀਨੀਅਰ ਕਾਂਗਰਸੀ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ ਅਤੇ ਕ੍ਰਾਂਤੀਕਾਰੀ ਵਪਾਰ ਮੰਡਲ ਦੇ ਆਗੂ ਨੀਰਜ ਜਿੰਦਲ ਨੇ ਕਿਹਾ ਕਿ ਪ੍ਰਸ਼ਾਸ਼ਨ ਦੀ ਧੱਕੇਸ਼ਾਹੀ ਦੇ ਖਿਲਾਫ ਲੋਕ ਸੜਕਾਂ ਤੇ ਉਤਰਨ ਨੂੰ ਮਜਬੂਰ ਹੋਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਮਹੇਸ਼ ਲੋਟਾ, ਭਾਰਤ ਮਿੱਤਲ ਘੋਨਾ, ਪੁਲਿਸ ਦੇ ਰਿਟਾਇਰਡ ਥਾਣੇਦਾਰ ਦੇ ਪੁੱਤਰ ਟਿੰਕੂ ਖਾਨ ਅਤੇ ਲਕਸ਼ੈ ਆਦਿ ਦੇ ਖਿਲਾਫ ਪੁਲਿਸ ਨੇ ਲੜਾਈ ਝਗੜਾ ,ਸੋਨੇ ਦੀ ਚੈਨੀ ਖੋਹਣ ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਡੀਐਸਪੀ ਸਤਵੀਰ ਸਿੰਘ ਬੈਂਸ ਨੇ ਵੀ ਕਰ ਦਿੱਤੀ ਹੈ।
ਪਤਾ ਲੱਗਿਆ ਹੈ ਕਿ ਲੰਘੀ ਰਾਤ ਰੈਡੀਐਂਟ ਪਲਾਜ਼ਾ ਹੋਟਲ ਦੇ ਬਾਹਰ ਭਾਜਪਾ ਆਗੂ ਰਘਵੀਰ ਪ੍ਰਕਾਸ਼ ਗਰਗ ਦੇ ਕਰੀਬੀ ਰਿਸ਼ਤੇਦਾਰ ਪੰਕਜ਼ ਬਾਂਸਲ ਦੇ ਨਾਲ ਲਕਸ਼ੈ ਅਤੇ ਟਿੰਕੂ ਦੀ ਕੋਈ ਰੁਪੱਈਆਂ ਦੇ ਲੈਣ ਦੇਣ ਦੇ ਸਬੰਧ ਮਾਮੂਲੀ ਝਗੜਾ ਹੋਇਆ ਸੀ। ਰੈਡੀਐਂਟ ਪਲਾਜ਼ਾ ਹੋਟਲ ਵਿੱਚ ਇੱਕ ਵਿਆਹ ਸਮਾਗਮ ਦੀ ਤਿਆਰੀ ਵਿੱਚ ਲੱਗੇ ਮਹੇਸ਼ ਲੋਟਾ ਅਤੇ ਭਾਰਤ ਮਿੱਤਲ ਘੋਨਾ ਵੀ ਝਗੜਾ ਹੁੰਦਾ ਵੇਖ ਕੇ ਉੱਥੇ ਪਹੁੰਚ ਗਏ। ਜਦੋਂਕਿ ਪੰਕਜ ਕੁਮਾਰ ਸਿਵਲ ਹਸਪਤਾਲ ਵਿੱਚ ਪਹੁੰਚ ਗਿਆ। ਪੁਲਿਸ ਨੇ ਲੋੜੋਂ ਵੱਧ ਫੁਰਤੀ ਦਿਖਾਉਂਦਿਆਂ ਪੰਕਜ ਬਾਂਸਲ ਦੇ ਬਿਆਨ ਪਰ, ਮਹੇਸ਼ ਲੋਟਾ ਹੋਰਾਂ ਦੇ ਖਿਲਾਫ ਖੋਹ ਅਤੇ ਕੁੱਟਮਾਰ ਆਦਿ ਜੁਰਮ ਤਹਿਤ ਝੱਟਪੱਟ ਕੇਸ ਦਰਜ ਕਰ ਲਿਆ ਅਤੇ ਸਵੱਖਤੇ ਕਰੀਬ 6 ਵਜੇ ਹੀ ਮਹੇਸ਼ ਲੋਟਾ ਅਤੇ ਭਾਰਤ ਮਿੱਤਲ ਨੂੰ ਉਨ੍ਹਾਂ ਦੇ ਘਰਾਂ ਚੋਂ ਗਿਰਫਤਾਰ ਵੀ ਕਰ ਲਿਆ। ਪੁਲਿਸ ਦੀ ਅਜਿਹੀ ਕਾਰਵਾਈ ਤੋਂ ਬਾਅਦ ਸ਼ਹਿਰੀਆਂ ਅੰਦਰ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਡੀਐਸਪੀ ਬਰਨਾਲਾ ਸਤਵੀਰ ਸਿੰਘ ਬੈਂਸ ਦੇ ਦਫਤਰ, ਪਹੁੰਚੇ ਟਰੱਸਟ ਦੇ ਸਾਬਕਾ ਚੇਅਰਮੈਟ ਮੱਖਣ ਸ਼ਰਮਾ, ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਸਾਬਕਾ ਕੌਂਸਲਰ ਜਸਵਿੰਦਰ ਟਿੱਲੂ ਆਦਿ ਆਗੂਆਂ ਨੇ ਪੁਲਿਸ ਕਾਰਵਾਈ ਨੂੰ ਬਦਲਾ ਲਊ ਕਾਰਵਾਈ ਕਰਾਰ ਦਿੰਦਿਆਂ ਕਿਹਾ, ਦੋ ਧਿਰਾਂ ਦਰਮਿਆਨ ਹੋਈ ਲੜਾਈ ਵਿੱਚ ਕਾਂਗਰਸੀ ਆਗੂ ਅਤੇ ਸ਼ਹਿਰ ਦੇ ਮੋਹਤਬਰ ਵਿਅਕਤੀ ਲੋਟਾ ਅਤੇ ਭਾਰਤ ਮਿੱਤਲ ਘੋਨਾ ਦੇ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦਰਅਸਲ ਸਰਕਾਰੀ ਧਿਰ ਵੱਲੋਂ ਮਹੇਸ਼ ਲੋਟਾ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕਾਂਗਰਸ ਦੇ ਹਲਕਾ ਇੰਚਾਰਜ ਮਨੀਸ਼ ਬਾਂਸਲ ਅਤੇ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਧਾਨ ਸਭਾ ਵਿੱਚ ਵਿਰੋਧੀ ਦੇ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਸਰਕਾਰ ਦੀ ਸ਼ਹਿ ਤੇ ਮਹੇਸ਼ ਲੋਟਾ ਅਤੇ ਭਾਰਤ ਮਿੱਤਲ ਘੋਨਾ ਨੂੰ ਝੂਠੇ ਦਰਜ਼ ਕੀਤੇ ਕੇਸ ਵਿੱਚੋਂ ਨਾ ਛੱਡਿਆ ਤਾਂ ਪਾਰਟੀ ਆਗੂਆਂ ਦੇ ਹੁਕਮਾਂ ਤੇ ਸੜਕਾਂ ਦੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਕਾਂਗਰਸ ਦੇ ਜਿਲਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ । ਸਰਪੰਚ ਸਤਨਾਮ ਸਿੰਘ ਅਤੇ ਹੋਰ ਕਾਂਗਰਸੀ ਆਗੂ ਵੀ ਮੌਜੂਦ ਰਹੇ। ਉੱਧਰ ਵਪਾਰ ਮੰਡਲ ਦੇ ਪ੍ਰਧਾਨ ਨੀਰਜ ਜਿੰਦਲ ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਪੁਲਿਸ ਵੱਲੋਂ ਦਰਜ਼ ਕੀਤੇ ਕੁੱਝ ਝੂਠੇ ਕੇਸਾਂ ਨੂੰ ਲੈ ਕੇ ਸ਼ਹਿਰੀਆਂ ਅੰਦਰ ਕਾਫੀ ਰੋਸ ਫੈਲਿਆ ਹੋਇਆ ਹੈ। ਜਲਦ ਹੀ ਵਪਾਰ ਮੰਡਲ ਵੱਲੋਂ ਸ਼ਹਿਰੀਆਂ ਦੀ ਮੀਟਿੰਗ ਬੁਲਾ ਕੇ, ਪ੍ਰਸ਼ਾਸ਼ਨ ਖਿਲਾਫ ਮੋਰਚਾ ਖੋਲ੍ਹਿਆ ਜਾਵੇਗਾ। ਟਰੱਸਟ ਦੇ ਸਾਬਕਾ ਚੇਅਰਮੈਟ ਮੱਖਣ ਸ਼ਰਮਾ ਨੇ ਕਿਹਾ ਕਿ 3 ਵਾਰ ਕੌਂਸਲਰ ਰਹਿ ਚੁੱਕੇ ਕਾਂਗਰਸੀ ਆਗੂ ਮਹੇਸ਼ ਲੋਟਾ ਦੇ ਖਿਲਾਫ , ਉਸ ਵਿਅਕਤੀ ਪੰਕਜ ਬਾਂਸਲ ਦੇ ਬਿਆਨ ਉੱਤੇ ਦਰਜ ਕੀਤਾ ਗਿਆ ਹੈ, ਜਿਹੜਾ ਦੜੇ ਸੱਟੇ ਦਾ ਧੰਦਾ , ਪ੍ਰਸ਼ਾਸ਼ਨ ਦੀ ਸ਼ਹਿ ਤੇ ਸ਼ਰੇਆਮ ਚਲਾਉਂਦਾ ਆ ਰਿਹਾ ਹੈ । ਡੀਐਸਪੀ ਬਰਨਾਲਾ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਲੰਘੀ ਰਾਤ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਪੰਕਜ ਬਾਂਸਲ ਦੀ ਕੁੱਟਮਾਰ ਕੀਤੀ ਗਈ ਸੀ ਅਤੇ ਉਸ ਨੇ ਆਪਣੀ ਸੋਨੇ ਦੀ ਚੈਨ ਖੋਹ ਲੈਣ ਸਬੰਧੀ ਬਿਆਨ ਦਰਜ ਕਰਵਾਇਆ। ਮੁਦਈ ਅਨੁਸਾਰ ਦੋਸ਼ੀਆਂ ਕੋਲ ਅਸਲਾ ਵੀ ਸੀ, ਜਿੰਨ੍ਹਾਂ ਉਸ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ । ਪੁਲਿਸ ਨੇ ਮਹੇਸ਼ ਲੋਟਾ, ਭਾਰਤ ਮਿੱਤਲ ਉਰਫ ਘੋਨਾ ਸ਼ੈਲਰ ਵਾਲਾ, ਟਿੰਕੂ ਖਾਨ ਅਤੇ ਲਕਸ਼ੈ ਦੇ ਖਿਲਾਫ ਕੁੱਟਮਾਰ ਤੋਂ ਇਲਾਵਾ 379 ਬੀ/324/323/506/148/149/ ਆਈਪੀਸੀ ਅਤੇ 25/54/59 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।