ਰਿਚਾ ਨਾਗਪਾਲ, ਪਟਿਆਲਾ, 2 ਨਵੰਬਰ 2023
ਪਟਿਆਲਾ ਜ਼ਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਕਰਨ ਵਾਲੀਆਂ ਮਸ਼ੀਨਾਂ ਕਿਸਾਨਾਂ ਤੱਕ ਪੁੱਜਦੀਆਂ ਕਰਨ ਤੇ ਕਿਸਾਨਾਂ ਨੂੰ ਮਸ਼ੀਨਰੀ ਦੀ ਤਕਨੀਕੀ ਜਾਣਕਾਰੀ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਅੱਜ ਬਲਾਕ ਭੁਨਰਹੇੜੀ ਵਿਖੇ ਪੰਚਾਇਤਾਂ ਨੂੰ ਸਰਫ਼ੇਸ ਸੀਡਰ ਮਸ਼ੀਨਾਂ ਦੀ ਵੰਡ ਕੀਤੀ ਗਈ। ਗ੍ਰਾਮ ਪੰਚਾਇਤ ਸਲੇਮਪੁਰ ਵਾਲੀਆ, ਖਰਾਬਗੜ, ਭੁਨਰਹੇੜੀ, ਗੁਥਮੜਾ, ਦੌਲਤਪੁਰ ਫਕੀਰਾਂ ਦੀਆਂ ਪੰਚਾਇਤਾਂ ਨੂੰ ਸਰਫ਼ੇਸ ਸੀਡਰ ਮਸ਼ੀਨਾਂ ਦੀ ਵੰਡ ਮੌਕੇ ਪੁੱਜੇ ਐਸ.ਡੀ.ਐਮ ਪਟਿਆਲਾ ਡਾ. ਇਸਮਿਤ ਵਿਜੈ ਸਿੰਘ ਅਤੇ ਐਸ.ਡੀ.ਐਮ ਦੁਧਨਸਾਧਾ ਕ੍ਰਿਪਾਲਵੀਰ ਸਿੰਘ ਨੇ ਕਿਹਾ ਕਿ ਕਿ ਸਰਫ਼ੇਸ ਸੀਡਰ ਮਸ਼ੀਨ ਹੋਰ ਮਸ਼ੀਨਾਂ ਨਾਲੋਂ ਵੱਖਰੀ ਕਿਸਮ ਦੀ ਮਸ਼ੀਨ ਹੈ ।
ਕਿਉਕਿ ਇਹ 35 ਹਾਰਸ ਪਾਵਰ ਟਰੈਕਟਰ ਨਾਲ ਚੱਲ ਸਕਦੀ ਅਤੇ 1 ਘੰਟੇ ਵਿੱਚ 2 ਏਕੜ ਕਣਕ ਦੀ ਬਿਜਾਈ ਕਰ ਸਕਦੀ ਹੈ। ਇਹ ਮਸ਼ੀਨ ਕੰਬਾਈਨ ਨਾਲ ਕੱਟੇ ਝੋਨੇ ਦੇ ਖੇਤ ਵਿੱਚ ਇੱਕੋ ਸਮੇਂ ਬੀਜ ਅਤੇ ਖਾਦ ਪਾ ਦਿੰਦੀ ਹੈ ਅਤੇ ਨਾਲੋ-ਨਾਲ ਝੋਨੇ ਦੇ ਵੱਢ ’ਚ ਖੜੇ੍ਹ ਕਰਚੇ (4-5 ਇੰਚ ਤੱਕ ਉੱਚੀਆਂ) ਕੱਟ ਕੇ ਇਕਸਾਰ ਖਿਲਾਰ ਦਿੰਦੀ ਹੈ। ਕੱਟਿਆ ਹੋਇਆ ਪਰਾਲ ਬੀਜ ਨੂੰ ਢੱਕ ਲੈਂਦਾ ਹੈ ਜੋ ਕਿ ਬਾਅਦ ਵਿੱਚ ਮਲਚਿੰਗ ਦਾ ਕੰਮ ਕਰਦਾ ਹੈ, ਜਿਸ ਨਾਲ ਨਦੀਨ ਘੱਟ ਹੁੰਦੇ ਹਨ ਅਤੇ ਜ਼ਮੀਨ ਦਾ ਤਾਪਮਾਨ ਵੀ ਅਨੁਕੂਲ ਬਣਿਆ ਰਹਿੰਦਾ ਹੈ।
ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਣਕ ਦੀ ਬਿਜਾਈ ਸਮੇ ਸਰਫ਼ੇਸ ਸੀਡਰ ਮਸ਼ੀਨ ਨੂੰ ਜ਼ਮੀਨ ਤੋ 4 ਤੋਂ 5 ਇੰਚ ਉੱਚਾ ਰੱਖ ਕੇ ਸਹੀ ਰਫਤਾਰ ’ਤੇ ਚਲਾਇਆ ਜਾਵੇ ਤਾਂ ਜੋ ਬੀਜ ਅਤੇ ਖਾਦ ਇਕਸਾਰ ਅਤੇ ਸਹੀ ਮਾਤਰਾ ਵਿੱਚ ਪੈ ਸਕੇ। ਉਨ੍ਹਾਂ ਦੱਸਿਆ ਕਿ ਸਰਫ਼ੇਸ ਸੀਡਰ ਨਾਲ ਬਿਜਾਈ ਸਮੇਂ ਖੇਤ ਖੁਸ਼ਕ ਹੁੰਦਾ ਹੈ ਤੇ ਕਣਕ ਦੇ ਬੀਜ ਦੀ ਸੋਧ ਕੇ ਹੀ ਬਿਜਾਈ ਕੀਤੀ ਜਾਵੇ ਅਤੇ ਬਿਜਾਈ ਤੋਂ ਬਾਅਦ ਖੇਤ ਵਿੱਚ ਹਲਕਾ ਪਾਣੀ ਲਗਾਇਆ ਜਾਵੇ।