ਅਸ਼ੋਕ ਵਰਮਾ, ਬਠਿੰਡਾ,2 ਨਵੰਬਰ 2023
ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਠਿੰਡਾ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿੱਚ ਪਲਾਟ ਖ਼ਰੀਦਣ ਦੇ ਮਾਮਲੇ ਵਿੱਚ ਬਠਿੰਡਾ ਵਿਕਾਸ ਅਥਾਰਟੀ ਦੇ ਰਿਕਾਰਡ ’ਚ ਕਥਿਤ ਤੌਰ ਤੇ ਭੰਨਤੋੜ ਕਰਨ ਸਬੰਧੀ ਨਾਮਜ਼ਦ ਬੀਡੀਏ ਦੇ ਤੱਤਕਾਲੀ ਪ੍ਰਸ਼ਾਸਕ, ਅਤੇ ਪੀਸੀਐਸ ਅਫਸਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੰਤਿਰਮ ਜ਼ਮਾਨਤ ਦੇ ਦਿੱਤੀ ਹੈ। ਹਾਈਕੋਰਟ ਨੇ ਸ਼ੇਰਗਿੱਲ ਨੂੰ ਵਿਜੀਲੈਂਸ ਤਫਤੀਸ਼ ਵਿੱਚ ਸ਼ਾਮਲ ਹੋਣ ਅਤੇ ਜਾਂਚ ਅਧਿਕਾਰੀਆਂ ਨੂੰ ਪੜਤਾਲ ਦੌਰਾਨ ਸਹਿਯੋਗ ਦੇਣ ਲਈ ਕਿਹਾ ਹੈ। ਮਨਪ੍ਰੀਤ ਬਾਦਲ ਅਤੇ ਸ਼ੇਰਗਿੱਲ ਵੱਲੋਂ ਰਾਹਤ ਹਾਸਲ ਕਰਨ ਨੂੰ ਵਿਜੀਲੈਂਸ ਜਾਂਚ ਲਈ ਝਟਕਾ ਮੰਨਿਆ ਜਾ ਰਿਹਾ ਹੈ ਜੋ ਵਰੰਟ ਜਾਰੀ ਕਰਵਾਉਣ ਦੇ ਬਾਵਜੂਦ ਵੀ ਦੋਵਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਸੀ।,
ਇਸ ਤੋਂ ਪਹਿਲਾਂ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਬਠਿੰਡਾ ਨੇ ਬਿਕਰਮਜੀਤ ਸਿੰਘ ਸ਼ੇਰਗਿੱਲ ਦੀ ਅਗਾਊਂ ਜ਼ਮਾਨਤ ਦੀ ਅਰਜੀ ਰੱਦ ਕਰ ਦਿੱਤੀ ਸੀ। ਅਦਾਲਤ ਦੇ ਇੰਨ੍ਹਾਂ ਆਦੇਸ਼ਾਂ ਖਿਲਾਫ ਸ਼ੇਰਗਿੱਲ ਨੇ ਹਾਈਕੋਰਟ ਦਾ ਰੁੱਖ ਕੀਤਾ ਸੀ ਜਿੱਥੋਂ ਹੁਣ ਉਨ੍ਹਾਂ ਨੂੰ ਰਾਹਤ ਮਿਲ ਗਈ ਹੈ ਜਿਸ ਦੀ ਪੁਸ਼ਟੀ ਅਧਿਕਾਰੀਆਂ ਨੇ ਕੀਤੀ ਹੈ। ਇਸ ਮਾਮਲੇ ’ਚ ਬੀਡੀਏ ਦਾ ਸੁਪਰਡੈਂਟ ਪੰਕਜ਼ ਕਾਲੀਆ ਫਰਾਰ ਚੱਲਿਆ ਆ ਰਿਹਾ ਹੈ ਜਿਸ ਦੀ ਆਗਾਂਊ ਜਮਾਨਤ ਦੀ ਅਰਜ਼ੀ ਬਠਿੰਡਾ ਅਦਾਲਤ ਨੇ ਖਾਰਜ਼ ਕਰ ਦਿੱਤੀ ਸੀ। ਮੰਨਿਆ ਜਾ ਰਿਹਾ ਹੈ ਕਿ ਪੰਕਜ਼ ਕਾਲੀਆ ਵੀ ਜਲਦੀ ਹੀ ਹਾਈਕੋਰਟ ’ਚ ਆਪਣੀ ਪਟੀਸ਼ਨ ਦਾਇਰ ਕਰ ਸਕਦੇ ਹਨ। ਮਨਪ੍ਰੀਤ ਬਾਦਲ ਅਤੇ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਅਧਾਰ ਤੇ ਪੰਕਜ਼ ਕਾਲੀਆ ਨੂੰ ਵੀ ਅਦਾਲਤ ਤੋਂ ਰਾਹਤ ਦੀ ਉਮੀਦ ਹੈ।
ਵਿਜੀਲੈਂਸ ਬਿਊਰੋ ਪੰਜਾਬ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਬਠਿੰਡਾ ਵਿਕਾਸ ਅਥਾਰਟੀ ਦੇ ਤੱਤਕਾਲੀ ਪ੍ਰਸ਼ਾਸਕ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਬੀਡੀਏ ਦੇ ਸੁਪਰਡੈਂਟ ਪੰਕਜ ਕਾਲੀਆ ਤੋਂ ਇਲਾਵਾ ਤਿੰਨ ਪ੍ਰਾਈਵੇਟ ਵਿਅਕਤੀਆਂ ਕਾਰੋਬਾਰੀ ਰਾਜੀਵ ਕੁਮਾਰ, ਸ਼ਰਾਬ ਕਾਰੋਬਾਰੀ ਦੇ ਮੁਲਾਜ਼ਮ ਅਮਨਦੀਪ ਸਿੰਘ ਅਤੇ ਵਿਕਾਸ ਕੁਮਾਰ ਖਿਲਾਫ਼ ਲੰਘੀ 24 ਸਤੰਬਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਧਾਰਾ 409, 420, 467, 468, 471, 120 5ਬੀ, 66 ਸੀ ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਵਿਚ ਹੋਟਲ ਕਾਰੋਬਾਰੀ ਰਾਜੀਵ ਕੁਮਾਰ, ਵਪਾਰੀ ਵਿਕਾਸ ਅਰੋੜਾ ਤੇ ਮੁਲਾਜਮ ਅਮਨਦੀਪ ਸਿੰਘ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਹੁਣ ਉਹ ਬਠਿੰਡਾ ਜੇਲ੍ਹ ਵਿਚ ਬੰਦ ਹਨ।
ਦੱਸਣਯੋਗ ਹੈ ਕਿ ਸਤੰਬਰ 2021 ਦੌਰਾਨ ਕਾਂਗਰਸ ਸਰਕਾਰ ਦੇ ਰਾਜ ’ਚ ਵਿੱਤ ਮੰਤਰੀ ਹੁੰਦਿਆਂ ਬਠਿੰਡਾ ’ਚ ਆਪਣੀ ਰਿਹਾਇਸ਼ ਬਨਾਉਣ ਲਈ ਮਨਪ੍ਰੀਤ ਬਾਦਲ ਨੇ ਦੋ ਪਲਾਟ ਖਰੀਦੇ ਸਨ। ਇੰਨ੍ਹਾਂ ਪਲਾਟਾਂ ਦੀ ਖਰੀਦੋ ਫਰੋਖਤ ਦੌਰਾਨ ਆਪਣੇ ਸਿਆਸੀ ਪ੍ਰਭਾਵ ਦੀ ਵਰਤੋਂ ਕਰਕੇ ਮਨਪ੍ਰੀਤ ਬਾਦਲ ਦੇ ਕਹਿਣ ਤੇ ਹੋਈਆਂ ਕਥਿਤ ਬੇਨਿਯਮੀਆਂ ਦਾ ਹਵਾਲਾ ਦੇਕੇ ਬੀਜੇਪੀ ਦੇ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਸਰਕਾਰ ਨੂੰ ਸ਼ਕਾਇਤ ਕਰ ਦਿੱਤੀ। ਸੱਤਾ ਬਦਲਣ ਤੋਂ ਬਾਅਦ ਵਿਜੀਲੈਂਸ ਪੜਤਾਲ ਦੌਰਾਨ ਕਈ ਤਰਾਂ ਦੇ ਤੱਥ ਸਾਹਮਣੇ ਆ ਗਏ ਜਿਸ ਤੋਂ ਮਗਰੋਂ ਵਿਜੀਲੈਂਸ ਨੇ ਕੇਸ ਦਰਜ ਕੀਤਾ ਸੀ । ਅੰਤ ਨੂੰ ਸਾਬਕਾ ਵਿੱਤ ਮੰਤਰੀ ਹਾਈਕੋਰਟ ਚੋਂ ਅੰਤਿਰਮ ਜ਼ਮਾਨਤ ਲੈਣ ’ਚ ਸਫਲ ਹੋ ਗਏ ਸਨ। ਇਸੇ ਅਧਾਰ ਤੇ ਹੁਣ ਹਾਈਕੋਰਟ ਵੱਲੋਂ ਪੀਸੀਐਸ ਅਫਸਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਅੰਤਿਰਮ ਜ਼ਮਾਨਤ ਮਿਲੀ ਹੈ।