ਹਰਿੰਦਰ ਨਿੱਕਾ, ਬਰਨਾਲਾ 30 ਸਤੰਬਰ 2023
ਆਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਕਰੀਬ 6 ਮਹੀਨਿਆਂ ਤੋਂ ਬੰਦ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਮੁੱਦੇ ਤੇ ਸਾਬਕਾ ਐਮ.ਪੀ. ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਇੱਕੋ ਤੀਰ ਨਾਲ ਵਿੰਨ੍ਹ-ਵਿੰਨ ਕੇ ਤਿੰਨ ਨਿਸ਼ਾਨੇ ਲਾ ਕੇ ਮੁੱਖ ਮੰਤਰੀ ਭਗਵੰਤ ਮਾਨ, ਐਸ.ਜੀ.ਪੀ.ਸੀ. ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਤਿੱਖਾ ਰਾਜਸੀ ਹੱਲਾ ਬੋਲਿਆ ਹੈ। ਆਪਣੀ ਰਿਹਾਇਸ਼ ਤੇ ਅੱਜ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਭਾਈ ਅਮ੍ਰਿਤਪਾਲ ਸਿੰਘ ‘ਤੇ ਉਸ ਦੇ ਸਾਥੀਆਂ ਨੇ ਜੇਲ੍ਹ ਬੰਦੀ ਨੂੰ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਹੁਣ ਉਹ 27 ਸਤੰਬਰ ਤੋਂ ਜੇਲ੍ਹ ਦੀਆਂ ਬੈਰਕਾਂ ਦੇ ਦਰਾਂ ਦੇ ਵਿਚਾਲੇ ਬਹਿ ਕੇ ਰੋਸ ਪ੍ਰਗਟ ਕਰ ਰਹੇ ਹਨ। ਐਡਵੋਕੇਟ ਖਾਲਸਾ ਨੇ ਅਮ੍ਰਿਤਪਾਲ ਸਿੰਘ ਵੱਲੋਂ ਲਿਖੀ ਚਿੱਠੀ ਦੇ ਹਵਾਲੇ ਨਾਲ ਇਸ ਰੋਸ ਪ੍ਰਦਰਸ਼ਨ ਦੀ ਵਜ੍ਹਾ ਬਿਆਨ ਕਰਦਿਆਂ ਦੱਸਿਆ ਕਿ ਭਾਈ ਅਮ੍ਰਿਤਪਾਲ ਸਿੰਘ ਨੇ ਜੇਲ੍ਹਰ ਅਤੇ ਡੀਸੀ ਡਿਬਰੂਗੜ ਅਤੇ ਡੀਸੀ ਅਮ੍ਰਿਤਸਰ ਸਾਹਿਬ ਨੂੰ ਤਿੰਨ ਚਿੱਠੀਆਂ ਲਿਖ ਕੇ ਕਿਹਾ ਹੈ ਕਿ ਜੇਲ੍ਹ ਪ੍ਰਸ਼ਾਸ਼ਨ , ਡੀਸੀ ਅਮ੍ਰਿਤਸਰ ਵੱਲੋਂ ਭਗਵੰਤ ਮਾਨ ਦੇ ਇਸ਼ਾਰਿਆਂ ਤੇ ਉਨ੍ਹਾਂ ਦੇ ਵਕੀਲ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੂੰ ਮੁਲਾਕਾਤ ਕਰਨ ਤੋਂ ਗੈਰਕਾਨੂੰਨੀ ਤਰੀਕੇ ਨਾਲ ਰੋਕਿਆ ਜਾ ਰਿਹਾ ਹੈ। ਜਦੋਂਕਿ ਰਾਜਦੇਵ ਸਿੰਘ ਖਾਲਸਾ ਜੇਲ੍ਹ ਨਿਯਮਾਂ ਤੇ ਹਦਾਇਤਾਂ ਦੀ ਪਾਲਣਾ ਕਰਕੇ,ਵਕੀਲ ਵਜੋਂ ਉਨ੍ਹਾਂ ਨੂੰ ਮਿਲਣ ਲਈ ਡਿਬਰੂਗੜ੍ਹ ਜੇਲ੍ਹ ਪਹੁੰਚੇ ਪਰੰਤੂ,ਉਨ੍ਹਾਂ ਨੂੰ ਡੀਸੀ ਵੱਲੋਂ ਮਿਲਣ ਦੀ ਮੰਜੂਰੀ ਨਾ ਦੇ ਕੇ ਇੱਕ ਤੋਂ ਵੱਧ ਵਧੀਕੀ ਕੀਤੀ ਜਾ ਰਹੀ ਹੈ। ਜਿਸ ਦੇ ਰੋਸ ਵਜੋਂ ਪੰਜਾਬ ਦੇ ਜੇਲ੍ਹ ਬੰਦੀਆਂ ਨੇ ਬੰਦੀ ਨੂੰ ਮੰਨਣ ਤੋਂ ਨਾਂਹ ਕਰ ਦਿੱਤੀ ਹੈ।
ਭਾਈ ਅਮ੍ਰਿਤਪਾਲ ਸਿੰਘ ਦੇ ਵਕੀਲ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਉਹ ਭਾਈ ਸਾਹਿਬ ਦੇ ਵਕੀਲ ਦੇ ਤੌਰ ਤੇ ਪਹਿਲਾਂ ਵੀ ਡਿਬਰੂਗੜ੍ਹ ਜੇਲ੍ਹ ‘ਚ ਅਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਕਰ ਚੁੱਕੇ ਹਨ। ਇਸ ਮੁਲਾਕਾਤ ਦੀ ਲਿਖਤੀ ਪ੍ਰਵਾਨਗੀ ਦਾ ਪੱਤਰ ਤਤਕਾਲੀਨ ਡੀਸੀ ਅਮ੍ਰਿਤਸਰ ਸ੍ਰੀ ਹਰਪ੍ਰੀਤ ਸੂਦਨ ਨੇ ਦਿੱਤਾ ਹੋਇਆ ਹੈ। ਜਿਸ ਦਾ ਪਾਲਣ ਕਰਨ ਲਈ ਡੀਸੀ ਅਮ੍ਰਿਤਸਰ ਕਾਨੂੰਨੀ ਤੌਰ ਤੇ ਪਾਬੰਦ ਹਨ। ਪਰੰਤੂ ਮੌਜੂਦਾ ਡੀਸੀ ਅਮਿਤ ਤਲਵਾੜ, ਭਗਵੰਤ ਮਾਨ ਦੇ ਇਸ਼ਾਰਿਆਂ ਤੇ ਮੁਲਾਕਾਤ ਕਰਨ ਵਿੱਚ ਬੇਲੋੜੇ ਅੜਿੱਕੇ ਪਾ ਰਹੇ ਹਨ। ਖਾਲਸਾ ਨੇ ਹਵਾਈ ਸਫਰ ਤੇ ਰੇਲ ਸਫਰ ਦੀਆਂ ਟਿਕਟਾਂ ਮੀਡੀਆ ਨੂੰ ਦਿਖਾਉਂਦਿਆਂ ਕਿਹਾ ਕਿ ਮੈਂ ਜੇਲ੍ਹ ਪ੍ਰਸ਼ਾਸ਼ਨ ਨੂੰ ਬਕਾਇਦਾ ਈਮੇਲ ਰਾਹੀਂ ਫਾਰਮ ਏ ਭੇਜ ਕੇ ਮੁਲਾਕਾਤ ਦਾ ਸਮਾਂ 28 ਸਤੰਬਰ ਨੂੰ ਲਿਆ ਹੋਇਆ ਸੀ। 27 ਸਤੰਬਰ ਨੂੰ ਮੈਂ ਬਰਨਾਲਾ ਤੋਂ ਬਾਇਆ ਟਰੇਨ ਅਤੇ ਦਿੱਲੀ ਤੋਂ ਬਾਇਆ ਹਵਾਈ ਜਹਾਜ ਡਿਬਰੂਗੜ ਪਹੁੰਚਿਆ ਸੀ। ਪਰੰਤੂ ਉੱਥੇ ਪਹੁੰਚ ਕੇ ਜੇਲ੍ਹ ਸੁਪਰਡੈਂਟ ਮਿਸਟਰ ਗੰਗੋਈ ਤੋਂ ਪਤਾ ਲੱਗਿਆ ਕਿ ਡੀਸੀ ਅਮ੍ਰਿਤਸਰ ਅਮਿਤ ਤਲਵਾੜ ਨੇ ਇਹ ਕਹਿ ਕੇ ਮੁਲਾਕਾਤ ਦੀ ਮੰਜੂਰੀ ਨਹੀਂ ਦਿੱਤੀ ਕਿ ਅਮ੍ਰਿਤਪਾਲ ਸਿੰਘ ਦਾ ਵਕੀਲ ਐਡਵੋਕੇਟ ਨਵਕਿਰਨ ਸਿੰਘ ਹੈ। ਜਦੋਂਕਿ ਸੱਚ ਇਹ ਹੈ ਕਿ ਅਮ੍ਰਿਤਪਾਲ ਸਿੰਘ ਦਾ ਮੈਂ ਇਕੱਲਾ ਹੀ ਵਕੀਲ ਹਾਂ । ਇਸ ਸਬੰਧੀ ਬਕਾਇਦਾ ਲਿਖਤੀ ਚਿੱਠੀ ਵੀ ਡੀਸੀ ਕੋਲ ਭਾਈ ਅਮ੍ਰਿਤਪਾਲ ਸਿੰਘ ਵੱਲੋਂ ਭੇਜੀ ਹੋਈ ਹੈ। ਉਨ੍ਹਾਂ ਕਿਹਾ ਕਿ ਡੀਸੀ ਦਾ ਅਜਿਹਾ ਰੁੱਖ ਸਾਬਿਤ ਕਰਦਾ ਹੈ ਕਿ ਉਹ ਭਗਵੰਤ ਮਾਨ ਦੇ ਇਸ਼ਾਰੇ ਤੇ ਜੇਲ੍ਹ ਬੰਦੀ ਦੇ ਅਧਿਕਾਰਾਂ ਦਾ ਉਲੰਘਣ ਕਰ ਰਿਹਾ ਹੈ।
ਹਾਈਕੋਰਟ ਵਿੱਚ ਦਾਇਰ ਕਰਾਂਗਾ ਰਿੱਟ- ਖਾਲਸਾ
ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਮੈਂ ਡੀਸੀ ਅਮ੍ਰਿਤਸਰ ਦੇ ਖਿਲਾਫ ਮੇਰੀ ਮੁਲਾਕਾਤ ਰੋਕ ਕੇ ਮੈਨੂੰ ਹਰਾਸ਼ ਤੇ ਜਲੀਲ ਕਰਨ ਦੇ ਵਿਰੁੱਧ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਜਲਦ ਹੀ ਰਿੱਟ ਦਾਇਰ ਕਰਾਂਗਾ। ਤਾਂਕਿ ਮੇਰੀ ਹਰਾਸ਼ਮੈਂਟ ਦਾ ਹਰਜਾਨਾ ਅਤੇ ਸਫਰ ਖਰਚ ਅਤੇ ਹੋਰ ਨੁਕਸਾਨ ਦੀ ਪੂਰਤੀ ਡੀਸੀ ਅਮਿਤ ਤਲਵਾੜ ਤੋਂ ਕੀਤੀ ਜਾ ਸਕੇ। ਐਡਵੋਕੇਟ ਖਾਲਸਾ ਨੇ ਕਿਹਾ ਕਿ ਇਹ ਸਭ ਕੁੱਝ ਮੁੱਖ ਮੰਤਰੀ ਭਗਵੰਤ ਮਾਨ ਜਾਨ ਬੁੱਝ ਕੇ ਸਿੱਖ ਕੌਮ ਦੇ ਵਾਹਿਦ ਆਗੂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਹੋਰ ਪ੍ਰੇਸ਼ਾਨ ਕਰ ਰਹੇ ਹਨ। ਜਿਸ ਦਾ ਖਾਮਿਆਜਾ ਭਗਵੰਤ ਮਾਨ ਨੂੰ ਭੁਗਤਣਾ ਪਵੇਗਾ।
SGPS & ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਾਜਿਸ਼ੀ ਚੁੱਪ ਕੌਮ ਲਈ ਖਤਰਨਾਕ
ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਐਸ.ਪੀ.ਜੀ.ਸੀ ਸਿੱਖ ਪੰਥ ਦੀ ਸਿਰਮੌਰ ਧਾਰਮਿਕ ਸੰਸਥਾ ਹੈ । ਇਸੇ ਤਰਾਂ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦੀ ਸ਼ਕਤੀ ਦਾ ਪ੍ਰਤੀਕ ਹੈ। ਇੱਨ੍ਹਾਂ ਦੋਵਾਂ ਮਹਾਨ ਸੰਸਥਾਵਾਂ ਦੇ ਮੁਖੀ ਕ੍ਰਮਨੁਸਾਰ ਹਰਜਿੰਦਰ ਸਿੰਘ ਧਾਮੀ ਅਤੇ ਸਿੰਘ ਸਾਹਿਬ ਜਥੇਦਾਰ ਗਿਆਨੀ ਰਘਵੀਰ ਸਿੰਘ ਦੀ ਅਮ੍ਰਿਤਪਾਲ ਸਿੰਘ ਉੱਤੇ ਹੋ ਰਹੇ ਅੱਤਿਆਚਾਰਾਂ ਬਾਰੇ ਧਾਰੀ ਸਾਜਿਸ਼ੀ ਚੁੱਪ ਕੌਮ ਲਈ ਬਹਤ ਖਤਰਨਾਕ ਹੈ। ਇਨ੍ਹਾਂ ਦੋਵਾਂ ਸ਼ਖਸ਼ੀਅਤਾਂ ਨੂੰ ਇਸ ਮੁੱਦੇ ਤੇ ਬੋਲਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਹਾਲੇ ਵੀ ਸਮਾਂ ਹੈ, ਇਹ ਨਾ ਹੋਵੇ ਕਿ ਸਿੱਖ ਕੌਮ ਦੋਵਾਂ ਸੰਸਥਾਵਾਂ ਤੋਂ ਬਾਗੀ ਨਾ ਹੋ ਜਾਵੇ। ਉਨਾਂ ਸਿੰਘ ਸਾਹਿਬ ਬਾਰੇ ਕਿਹਾ ਕਿ ਸਿੰਘ ਸਾਹਿਬ ਕੌਮ ਦੀ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਨ, ਉਹ ਭਗਤੀ ਦੇ ਪ੍ਰੀਤਕ ਨਹੀਂ। ਜਦੋਂਕਿ ਇਹ ਸਿਰਫ ਭਗਤੀ ਵੱਲ ਹੀ ਧਿਆਨ ਦੇ ਰਹੇ ਹਨ। ਖਾਲਸਾ ਨੇ ਕਿਹਾ ਕਿ ਉਹ ਹਾਈਕੋਰਟ ਵਿੱਚ ਭਾਈ ਅਮ੍ਰਿਤਪਾਲ ਸਿੰਘ ਦੀ ਤਰਫੋਂ ਰਿੱਟ ਦਾਇਰ ਕਰਨਗੇ ਕਿ ਡਿਬਰੂਗੜ ਜੇਲ੍ਹ ‘ਚ ਮੁਲਾਕਾਤ ਲਈ ਡੀਸੀ ਅਮ੍ਰਿਤਸਰ ਦੀ ਥਾਂ ਡੀਸੀ ਡਿਬਰੂਗੜ੍ਹ ਨੂੰ ਮੁਕਰਰ ਕੀਤਾ ਜਾਵੇ,ਕਿਉਂਕਿ ਡੀਸੀ ਅਮ੍ਰਿਤਸਰ ਦਾ ਉਸ ਜੇਲ੍ਹ ਦੇ ਪ੍ਰਬੰਧ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸ ਮੌਕੇ ਐਡਵੋਕੇਟ ਦੀਪਕ ਜਿੰਦਲ, ਐਡਵੋਕੇਟ ਗੁਲਸ਼ਨ ਕੁਮਾਰ, ਖਾਲਸਾ ਦੇ ਪੀਏ ਅਵਤਾਰ ਸਿੰਘ ਸੰਧੂ ਤੇ ਹੋਰ ਵਿਅਕਤੀ ਵੀ ਮੌਜੂਦ ਸਨ।