ਡਾਕਟਰ ਬਖਸ਼ਿਆ ,ਬਾਕੀ 4 ਜਣਿਆਂ ਖਿਲਾਫ ਕੇਸ ਦਰਜ
ਅਸ਼ੋਕ ਵਰਮਾ ਬਠਿੰਡਾ,7 ਜੂਨ 2020
ਬਠਿੰਡਾ ਸ਼ਹਿਰ ਦੇ ਇੰਦਰਾਨੀ ਹਸਪਤਾਲ ’ਚ ਨਾਜਾਇਜ਼ ਤਰੀਕੇ ਨਾਲ ਲਿੰਗ ਜਾਂਚ ਕੀਤੇ ਜਾਣ ਦੇ ਮਾਮਲੇ ’ਚ ਬਠਿੰਡਾ ਪੁਲਿਸ ਹਸਪਤਾਲ ਦੇ ਮਾਲਕ ਡਾਕਟਰ ਤੇ ਮਿਹਰਬਾਨ ਹੋ ਗਈ ਹੈ। ਥਾਣਾ ਸਿਵਲ ਲਾਈਨ ਪੁਲਿਸ ਨੇ 5 ਜੂਨ ਨੂੰ ਬੇਪਰਦ ਹੋਏ ਇਸ ਕਾਰੋਬਾਰ ਨੂੰ ਲੈਕੇ ਡਾ ਆਤਿਨ ਗੁਪਤਾ ਖਿਲਾਫ ਫਿਲਹਾਲ ਕੋਈ ਕਾਰਵਾਈ ਨਹੀਂ ਕੀਤੀ ਹੈ । ਜਦੋਂਕਿ ਬਾਕੀ ਮੁਲਜਮਾਂ ਜੁਗਰਾਜ ਸਿੰਘ ਪੁੱਤਰ ਹਰਦੇਵ ਸਿੰਘ,ਰੁਪਿੰਦਰ ਕੌਰ ਪਤਨੀ ਜੁਗਰਾਜ ਸਿੰਘ ਵਾਸੀਅਨ ਬੋਹੜਾ ਰਤੀਆ ਜਿਲ੍ਹਾ ਫਤਿਹਾਬਾਦ ,ਜਗਤਾਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਰਸ ਰਾਮ ਨਗਰ ਬਠਿੰਡਾ, ਬਜਰੰਗ ਲਾਲ ਪੁੱਤਰ ਸਰਜਾ ਰਾਮ ਵਾਸੀ ਮਤੀਦਾਸ ਨਗਰ ਅਤੇ ਗੁਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਫ੍ਚਸ ਮੰਡੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਬਠਿੰਡਾ ਪੁਲਿਸ ਨੇ ਫਾਰਮਾਸਿਸਟ ਦੀਪਕ ਕੁਮਾਰ ਵਾਸੀ ਸਿਰਸਾ ਵੱਲੋਂ ਦਿੱਤੀ ਸ਼ਕਾਇਤ ਦੇ ਅਧਾਰ ਤੇ ਮੁਲਜਮਾਂ ਨੂੰ ਧਾਰਾ 3 ਏ,ਪੀਐਡੀਟੀ ਐਕਟ 1994,ਧਾਰਾ 420 ਅਤੇ 120 ਬੀ ਤਹਿਤ ਨਾਮਜਦ ਕੀਤਾ ਹੈ। ਹਾਲਾਂਕਿ ਡਾ ਆਤਿਨ ਗੁਪਤਾ ਨੇ ਛਾਪੇ ਵਾਲੇ ਦਿਨ ਖੁਦ ਨੂੰ ਬੇਕਸੂਰ ਅਤੇ ਇਸ ਨੂੰ ਹਸਪਤਾਲ ਦਾ ਵਕਾਰ ਖਰਾਬ ਕਰਨ ਦੀ ਸਾਜਿਸ਼ ਦੱਸਿਆ ਸੀ ਫਿਰ ਵੀ ਪੁਲਿਸ ਦੀ ਇਸ ਕਾਰਵਾਈ ਨੂੰ ਲੈਕੇ ਲਿੰਗ ਜਾਂਚ ਵਰਗੇ ਸੰਗੀਨ ਮਾਮਲੇ ਤੇ ਸਵਾਲ ਖੜ੍ਹੇ ਅਤੇ ਭਾਂਤ ਭਾਂਤ ਦੇ ਚਰਚੇ ਛਿੜ ਗਏ ਹਨ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਥਾਂ ਤੇ ਕੋਈ ਗੈਰਕਾਨੂੰਨੀ ਕੰਮ ਕੀਤਾ ਜਾਂਦਾ ਸਾਹਮਣੇ ਆਉਂਦਾ ਹੈ ਤਾਂ ਪੁਲਿਸ ਅਕਸਰ ਉਸ ਥਾਂ ਦੇ ਮਾਲਕ ਨੂੰ ਵੀ ਕੇਸ ’ਚ ਸ਼ਾਮਲ ਕਰਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਪੜਤਾਲ ਦੌਰਾਨ ਕੋਈ ਦੋਸ਼ ਸਾਹਮਣੇ ਨਾਂ ਆਵੇ ਤਾਂ ਸਬੰਧਤ ਵਿਅਕਤੀ ਖਿਲਾਫ ਕੇਸ ਖਾਰਜ ਵੀ ਕੀਤਾ ਜਾ ਸਕਦਾ ਹੈ। ਗੌਰਤਲਬ ਹੈ ਕਿ ਪੰੰੰਜ ਜੂਨ ਨੂੰ ਹਰਿਆਣਾ ਦੇ ਸਿਰਸਾ ਅਤੇ ਬਠਿੰਡਾ ਦੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪੁਲਿਸ ਨੂੰ ਨਾਲ ਲੈਕੇ ਲਿੰਗ ਜਾਂਚ ਦੇ ਮਾਮਲੇ ’ਚ ਭੱਟੀ ਰੋਡ ਦੇ ਨਜ਼ਦੀਕ ਇੰਦਰਾਨੀ ਹਸਪਤਾਲ ’ਚ ਛਾਪੇਮਾਰੀ ਕੀਤੀ ਗਈ ਸੀ । ਜਿਸ ਦੌਰਾਨ ਤਿੰਨ ਕਥਿਤ ਏਜੰਟਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ। ਇਸ ਸਬੰਧ ’ਚ ਸਿਵਲ ਸਰਜਨ ਸਿਰਸਾ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ ਜਿਸ ’ਚ ਮੁੰਡਾ ਜਾਂ ਕੁੜੀ ਦਾ ਪਤਾ ਲਾਉਣ ਲਈ ਲਿੰਗ ਜਾਂਚ ਟੈਸਟ ਕਰਵਾਉਣ ਵਾਲੇ ਗਿਰੋਹ ਦੇ ਸਰਗਰਮ ਹੋਣ ਸਬੰਧੀ ਜਾਣਕਾਰੀ ਦਿੱਤੀ ਗਈ ਸੀ। ਪੁਲਿਸ ਨੇ ਇੱਕ ਗਰਭਵਤੀ ਆਸ਼ਾ ਵਰਕਰ ਨੂੰ ਫਰਜ਼ੀ ਗਾਹਕ ਬਣਾਇਆ ਅਤੇ ਏਜੰਟ ਨਾਲ 42 ਹਜਾਰ ਰੁਪਏ ’ਚ ਗੱਲ ਮੁਕਾ ਲਈ ਜੋ ਉਨ੍ਹਾਂ ਨੂੰ ਇੰਦਰਾਣੀ ਹਸਪਤਾਲ ਲੈ ਗਿਆ। ਉੱਥੇ ਲਿੰਗ ਟੈਸਟ ਕਰਨ ਉਪਰੰਤ ਲੜਕਾ ਦੱਸਿਆ ਗਿਆ। ਇਸੇ ਦੌਰਾਨ ਹੀ ਘਾਤ ਲਾਈ ਬੈਠੀਆਂ ਸਿਹਤ ਵਿਭਾਗ ਦੀਆਂ ਟੀਮਾਂ ਅਤੇ ਪੁਲਿਸ ਨੇ ਏਜੰਟਾਂ ਨੂੰ ਦਬੋਚ ਲਿਆ। ਪੁਲਿਸ ਵੱਲੋਂ ਨਾਮਜਦ ਕੀਤੇ ਗੁਰਜੀਤ ਸਿੰਘ ਵਾਸੀ ਫੂਸ ਮੰਡੀ ਨੇ ਦੱਸਿਆ ਸੀ ਕਿ ਉਸ ਨੇ 34 ਹਜਾਰ ਰੁਪਿਆ ਹਾਸਲ ਕੀਤਾ ਹੈ ਜਿਸ ਚੋਂ ਆਪਣਾ ਹਿੱਸਾ 12 ਹਜਾਰ ਰੱਖ ਕੇ 22 ਹਜਾਰ ਰੁਪਏ ਜਗਤਾਰ ਸਿੰਘ ਨੂੰ ਦਿੱਤੇ ਹਨ। ਪਤਾ ਲੱਗਿਆ ਹੈ ਕਿ ਨਾਮਜਦ ਬਜਰੰਗ ਲਾਲ ਇੱਥ ਆਰਐਮਪੀ ਡਾਕਟਰ ਹੈ ਜਿਸ ਨੂੰ ਜਗਤਾਰ ਸਿੰਘ ਨੇ ਸੱਦ ਕੇ ਲਿੰਗ ਜਾਂਚ ਕਰਵਾਈ ਸੀ।
ਬਰਾਮਦ ਹੋਈ ਈਕੋ ਕਾਰਡੀਆਲੋਜੀ ਮਸ਼ੀਨ
ਜਾਣਕਾਰੀ ਅਨੁਸਾਰ ਛਾਪਾ ਮਰਨ ਵਾਲੀ ਟੀਮ ਨੇ ਜੋ ਮਸ਼ੀਨ ਮੌਕੇ ਤੋਂ ਬਰਾਮਦ ਕੀਤੀ ਹੈ ਉਹ ਈਕੋ ਕਾਰਡੀਆਲੋਜੀ ਮਸ਼ੀਨ ਹੈ ਜਿਸ ਦੀ ਵਰਤੋਂ ਦਿਲ ਦੇ ਰੋਗਾਂ ਦੀ ਜਾਂਚ ਲਈ ਕੀਤੀ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਇਸ ਨਾਲ ਗਰਭਵਤੀ ਦੇ ਭਰੂਣ ਦੀ ਜਾਂਚ ਵੀ ਕੀਤੀ ਜਾ ਸਕਦੀ ਹੈ ਜਿਸ ਕਰਕੇ ਇਹ ਪੀਐਨਡੀਟੀ ਤਹਿਤ ਆਉਂਦੀ ਹੈ।
ਡਾਕਟਰ ਦੀ ਭੂਮਿਕਾ ਦੀ ਜਾਂਚ:ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ ਨਾਨਕ ਸਿੰਘ ਦਾ ਕਹਿਣਾ ਸੀ ਕਿ ਅਸਲ ’ਚ ਜੋ ਪੱਤਰ ਪੁਲਿਸ ਨੂੰ ਭੇਜਿਆ ਗਿਆ ਹੈ । ਉਸ ’ਚ ਚਾਰਾਂ ਮੁਲਜਮਾਂ ਖਿਲਾਫ ਮੁਕੱਦਮਾ ਦਰਜ ਕਰਨ ਲਈ ਆਖਿਆ ਗਿਆ ਹੈ । ਜਦੋਂ ਕਿ ਇਸ ਮਾਮਲੇ ’ਚ ਡਾਕਟਰ ਦੀ ਭੁਮਿਕਾ ਦੀ ਜਾਂਚ ਕਰਨ ਬਾਰੇ ਕਿਹਾ ਹੈ। ਉਨ੍ਹਾਂ ਆਖਿਆ ਕਿ ਪੁਲਿਸ ਵੱਲੋਂ ਕਾਨੂੰਨ ਦੇ ਉਲਟ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਬਖਸ਼ਣ ਦਾ ਸਵਾਲ ਹੀ ਨਹੀਂ ਹੈ। ਉਨ੍ਹਾਂ ਆਖਿਆ ਕਿ ਪੜਤਾਲ ਦੌਰਾਨ ਜੇਕਰ ਕੁੱਝ ਵੀ ਗੈਰਕਾਨੂੰਨੀ ਸਾਹਮਣੇ ਆਇਆ ਤਾਂ ਹਸਪਤਾਲ ਦੇ ਡਾਕਟਰ ਨੂੰ ਵੀ ਨਾਮਜਦ ਕਰ ਲਿਆ ਜਾਏਗਾ।