ਅਸ਼ੋਕ ਵਰਮਾ ਬਠਿੰਡਾ,7 ਜੂਨ 2020
ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋਫੈਸਰ ਰੁਪਿੰਦਰ ਕੌਰ ਰੂਬੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਚੈਰੀਟੇਬਲ ਬਲੱਡ ਬੈਂਕ, ਬਠਿੰਡਾ ਵਿਖੇ ਲਗਾਏ ਗਏ ਖ਼ੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਦੇ ਤੌਰ ਉੱਤੇ ਸ਼ਿਰਕਤ ਕੀਤੀ। ਜਿੱਥੇ ਸਮਾਜ ਸੇਵੀ ਸੰਸਥਾਵਾਂ ਅਤੇ ਸੇਵਾ ਸੋਸਾਇਟੀਆਂ ਦੇ ਵਲੰਟੀਅਰਾਂ ਨੇ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੀਤਾ। ਇਸ ਬਲੱਡ ਬੈਂਕ ਬਾਰੇ ਜਾਣਕਾਰੀ ਦਿੰਦੇ ਹੋਏ ਬਲੱਡ ਬੈਂਕ ਦੇ ਡਾਇਰੈਕਟਰ ਡਾ. ਅਜੀਤ ਸਿੰਘ ਨੇ ਦੱਸਿਆ ਕਿ ਇਹ ਪੰਜਾਬ ਦਾ ਸਭ ਤੋਂ ਆਧੁਨਿਕ ਤਕਨੀਕ ਨਾਲ ਤਿਆਰ ਅਤੇ ਸਸਤਾ ਬਲੱਡ ਬੈਂਕ ਹੈ, ਜਿੱਥੇ ਸਿਰਫ਼ 500 ਰੁਪਏ ਖੂਨ ਟੈਸਟ ਕਰਨ ਦੀ ਫੀਸ ਲੈ ਕੇ ਮਰੀਜਾਂ ਨੂੰ ਖੂਨ ਦਿੱਤਾ ਜਾਂਦਾ ਹੈ। ਵਿਧਾਇਕਾ ਰੂਬੀ ਵੱਲੋਂ ਖੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰੋਫੈਸਰ ਰੁਪਿੰਦਰ ਕੌਰ ਰੂਬੀ ਨੇ ਵਲੰਟੀਅਰਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਕਿਹਾ ਕਿ ਖੂਨਦਾਨ ਮਹਾਂ ਦਾਨ ਹੈ। ਇਸ ਤੋਂ ਇਲਾਵਾ ਮਨੁੱਖਤਾ ਦੇ ਭਲੇ ਲਈ ਕੋਈ ਹੋਰ ਦਾਨ ਨਹੀਂ ਹੋ ਸਕਦਾ ਹੈ ਇਸ ਲਈ ਤੁਸੀਂ ਸਾਰੇ ਮਨੁੱਖਤਾ ਲਈ ਸਭ ਤੋਂ ਉੱਤਮ ਅਤੇ ਵਧੀਆ ਕੰਮ ਕਰ ਰਹੇ ਹੋ। ਇਸ ਖੂਨਦਾਨ ਕੈਂਪ ਵਿੱਚ ਦੋ ਲੱਤਾਂ ਤੋਂ ਅਪਾਹਜ ਵਲੰਟੀਅਰਾਂ ਨੇ ਵੀ ਖ਼ੂਨਦਾਨ ਕੀਤਾ । ਇਸ ਮੌਕੇ ਵਿਧਾਇਕਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਅਮ੍ਰਿਤ ਲਾਲ ਅਗਰਵਾਲ ਹਲਕਾ ਇੰਚਾਰਜ ਬਠਿੰਡਾ ਅਤੇ ਪ੍ਰਦੀਪ ਕਾਲੀਆ ਜਰਨਲ ਸਕੱਤਰ ਹਲਕਾ ਬਠਿੰਡਾ ਆਦਿ ਹਾਜਰ ਸਨ।