ਬੀ.ਟੀ.ਐਨ. ਦਿੱਲੀ , 21 ਸਤੰਬਰ 2023
ਕੈਨੇਡਾ ‘ਚ ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐੱਫ.) ਦੇ ਖਾੜਕੂ ਹਰਦੀਪ ਨਿੱਝਰ ਦੀ ਹੱਤਿਆ ਤੋਂ ਬਾਅਦ ਭਾਰਤ ‘ਤੇ ਕੈਨੇਡਾ ਦਰਮਿਆਨ ਵਧਿਆ ਤਣਾਅ ਹਾਲੇ ਘੱਟਦਾ ਨਜ਼ਰ ਨਹੀਂ ਆ ਰਿਹਾ। ਦੂਜੇ ਪਾਸੇ ਅੱਜ ਫਿਰ ਖਾਲਿਸਤਾਨੀ ਖਾੜਕੂ ਅਰਸ਼ ਡੱਲਾ ਦੇ ਕਰੀਬੀ ਭਾਰਤੀ ਏ ਸ਼੍ਰੇਣੀ ਦੇ ਗੈਂਗਸਟਰ ਸੁੱਖਾ ਦੁੱਨੇਕੇ ਦਾ ਕੈਨੇਡਾ ‘ਚ ਕਤਲ ਕਰ ਦਿੱਤਾ ਗਿਆ ਹੈ। ਦੁੱਨੇਕੇ ਸਾਲ 2017 ਵਿੱਚ ਜਾਅਲੀ ਪਾਸਪੋਰਟ ਬਣਵਾ ਕੇ ਪੰਜਾਬ ਤੋਂ ਕੈਨੇਡਾ ਭੱਜ ਗਿਆ ਸੀ। ਸੁੱਖਾ ਦੁੱਨੇਕੇ ਦੇ ਕਤਲ ਦੀ ਜਿੰਮੇਵਾਰੀ,ਸ਼ੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਾਰੈਂਸ ਗੈਂਗ ਨੇ ਲੈ ਲਈ ਹੈ। ਸ਼ੋਸ਼ਲ ਮੀਡੀਆ ਤੇ ਪਾਈ ਪੋਸਟ ਵਿੱਚ ਕਿਹਾ ਗਿਆ ਹੈ ਕਿ ਸੁੱਖਾ ਦੁੱਨੇਕੇ ਬਰਾੜ ਮਿੱਡੂਖੇੜਾ ਅਤੇ ਨੰਗਲ ਅੰਬੀਆਂ ਦੇ ਕਤਲ ਵਿੱਚ ਸ਼ਾਮਿਲ ਸੀ।
ਸ਼ੁਰੂਆਤੀ ਵੇਰਵਿਆਂ ਅਨੁਸਾਰ ਸੁੱਖਾ ਦੁੱਨੇਕੇ ਨੂੰ ਕੈਨੇਡਾ ਦੇ ਵਿਨੀਪੈਗ ‘ਚ ਗੋਲੀ ਮਾਰੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੁਨੱਕੇ ਉੱਤੇ ਕਰੀਬ 15 ਰਾਉਂਡ ਫਾਇਰਿੰਗ ਹੋਈ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਕਤਲ ਕੀਤਾ ਗਿਆ ਗੈਂਗਸਟਰ ਸੁੱਖਾ ਖਾਲਿਸਤਾਨੀ ਖਾੜਕੂ-ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਦਾ ਸੱਜਾ ਹੱਥ ਮੰਨਿਆ ਜਾਂਦਾ ਸੀ। ਉਹ ਕੈਨੇਡਾ ਵਿੱਚ ਬੈਠ ਕੇ ਭਾਰਤ ਵਿੱਚ ਆਪਣੇ ਸਾਥੀਆਂ ਤੋਂ ਜਬਰੀ ਵਸੂਲੀ ਕਰਵਾਉਂਦਾ ਸੀ।
Moga ਦੇ ਡੀਸੀ ਦਫ਼ਤਰ ਵਿੱਚ ਕੰਮ ਕਰਦਾ ਸੀ ਸੁੱਖਾ ਦੁਨੱਕੇ,,,
ਗੈਂਗਸਟਰ ਸੁੱਖਾ ਦੁੱਨੇਕੇ ਪੰਜਾਬ ਦੇ ਮੋਗਾ ਜਿਲ੍ਹੇ ਦੇ ਪਿੰਡ ਦੁੱਨੇਕੇ ਕਲਾਂ ਦਾ ਰਹਿਣ ਵਾਲਾ ਹੈ। ਕੈਟਾਗਰੀ ‘ਏ’ ਦਾ ਗੈਂਗਸਟਰ ਸੁੱਖਾ ਦੁੱਨੇਕੇ ਅਪਰਾਧ ਦੀ ਦੁਨੀਆਂ ‘ਚ ਆਉਣ ਤੋਂ ਪਹਿਲਾਂ ਮੋਗਾ ਦੇ ਡੀਸੀ ਦਫ਼ਤਰ ‘ਚ ਕੰਮ ਕਰਦਾ ਸੀ। ਉਹ ਪੁਲਿਸ ਦੀ ਮੱਦਦ ਨਾਲ ਜਾਅਲੀ ਦਸਤਾਵੇਜ਼ਾਂ ‘ਤੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਹਾਸਿਲ ਕਰਕੇ 2017 ‘ਚ ਕੈਨੇਡਾ ਭੱਜ ਗਿਆ ਸੀ। ਉਸ ਸਮੇਂ ਉਸ ਵਿਰੁੱਧ ਸੱਤ ਅਪਰਾਧਿਕ ਮਾਮਲੇ ਚੱਲ ਰਹੇ ਸਨ। ਇਹ ਸਾਰੇ ਮਾਮਲੇ ਸਥਾਨਕ ਗਰੋਹਾਂ ਦੀਆਂ ਗਤੀਵਿਧੀਆਂ ਨਾਲ ਸਬੰਧਤ ਸਨ। ਕੈਨੇਡਾ ਭੱਜਣ ਤੋਂ ਬਾਅਦ ਉਸ ਵਿਰੁੱਧ ਚਾਰ ਕਤਲਾਂ ਸਮੇਤ 11 ਹੋਰ ਕੇਸ ਦਰਜ ਕੀਤੇ ਗਏ ਸਨ। ਜਿਸ ਨਾਲ ਉਸ ਦੇ ਖਿਲਾਫ ਕੇਸਾਂ ਦੀ ਕੁੱਲ ਗਿਣਤੀ 18 ਹੋ ਗਈ ਸੀ। ਪੁਲੀਸ ਅਨੁਸਾਰ ਦੁੱਨੇਕੇ ਬਦਨਾਮ ਸ਼ਾਰਪਸ਼ੂਟਰ ਦਵਿੰਦਰ ਬੰਬੀਹਾ ਗਰੋਹ ਦਾ ਸਾਥੀ ਹੈ ਅਤੇ ਮੁੱਖ ਤੌਰ ’ਤੇ ਮਾਲਵਾ ਜ਼ਿਲ੍ਹਿਆਂ ਵਿੱਚ ਕੰਮ ਕਰਦਾ ਸੀ ।