ਰਿਚਾ ਨਾਗਪਾਲ,ਪਟਿਆਲਾ,18 ਸਤੰਬਰ 2023
ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸਮਾਣਾ ਵਿਖੇ ਇਲਾਕੇ ਦੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਸਹੁੰ ਚੁਕਾਈ। ਇਸ ਮੌਕੇ ਐਮ.ਐਲ.ਏ. ਸ਼ੁਤਰਾਣਾ ਕੁਲਵੰਤ ਸਿੰਘ ਤੇ ਐਸ.ਡੀ.ਐਮ. ਸਮਾਣਾ ਚਰਨਜੀਤ ਸਿੰਘ ਵੀ ਮੌਜੂਦ ਸਨ। ਇਸ ਮੌਕੇ ਚੇਤਨ ਸਿੰਘ ਜੌੜਾਮਾਜਰਾ ਨੇ ਹੋਰਨਾਂ ਕਿਸਾਨਾਂ ਨਾਲ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਅਹਿਦ ਲੈਦਿਆਂ ਕਿਹਾ ਕਿ ਵਾਤਾਵਰਨ ਬਚਾਉਣ ਲਈ ਹੁਣ ਸਾਰਿਆਂ ਨੂੰ ਰਲ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਪਰਾਲੀ ਨੂੰ ਖੇਤਾਂ ਵਿਚ ਅੱਗ ਲਗਾਉਣ ਨਾਲ ਅਸੀਂ ਆਪਣੇ ਖਰਚਿਆਂ ਵਿਚ ਵਾਧਾ ਕਰਦੇ ਹਾਂ ਕਿਉਂਕਿ ਕੁਝ ਪੈਸੇ ਬਚਾਉਣ ਦੇ ਚੱਕਰ ਵਿਚ ਅਸੀਂ ਵਾਤਾਵਰਣ ਗੰਧਲਾ ਕਰ ਕੇ ਬਿਮਾਰੀ ਨੂੰ ਸੱਦਾ ਦਿੰਦੇ ਹਾਂ ਤੇ ਫੇਰ ਪੈਸਾ ਦਵਾਈ ਉਤੇ ਜ਼ਿਆਦਾ ਖਰਚ ਕਰ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਅਸਥਮਾ ਆਦਿ ਦੀਆਂ ਸਮੱਸਿਆਵਾਂ ਹਨ ਜਾਂ ਫੇਰ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਧੂੰਏਂ ਕਾਰਨ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਉਨ੍ਹਾਂ ਪਰਿਵਾਰਾਂ ਨੂੰ ਪਰਾਲੀ ਨੂੰ ਅੱਗ ਲੱਗਣ ਦਾ ਨੁਕਸਾਨ ਸਾਰੀ ਜ਼ਿੰਦਗੀ ਭੁਗਤਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਸ ਪਰਾਲੀ ਦਾ ਸਹੀ ਤਰ੍ਹਾਂ ਪ੍ਰਬੰਧਨ ਕਰੀਏ ਤਾਂ ਇਹ ਖੇਤਾਂ ਨੂੰ ਨੁਕਸਾਨ ਕਰਨ ਦੀ ਥਾਂ ਖਾਦ ਦੇ ਰੂਪ ਵਿੱਚ ਖੇਤਾਂ ਨੂੰ ਉਪਜਾਊ ਬਣਾ ਸਕਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਰੱਖਿਅਤ ਭਵਿੱਖ ਲਈ ਸਾਨੂੰ ਸੁਚੇਤ ਹੋਣਾ ਜ਼ਰੂਰੀ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਰਾਲੀ ਪ੍ਰਬੰਧਨ ਦੀਆਂ ਦੱਸੀਆਂ (ਈਨ ਸੀਟੂ ਤੇ ਐਕਸ ਸੀਟੂ) ਤਕਨੀਕਾਂ ਨੂੰ ਵਰਤਕੇ ਪਰਾਲੀ ਦਾ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਪਰਾਲੀ ਦੀ ਵਰਤੋਂ ਬਾਲਣ ਦੇ ਰੂਪ ਵਿੱਚ ਇੰਡਸਟਰੀ ਵੱਲੋਂ ਵੀ ਕੀਤੀ ਜਾਂਦੀ ਹੈ ਤੇ ਉਹ ਪਰਾਲੀ ਨੂੰ ਖੇਤਾਂ ਵਿੱਚੋਂ ਆਪ ਹੀ ਇਕੱਠੀ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਸਮਾਣਾ ਖੇਤਰ ਵਿੱਚ ਵੀ ਪਰਾਲੀ ਨੂੰ ਇਕੱਠਾ ਕਰਨ ਵਾਲੇ ਯੂਨਿਟ ਮੌਜੂਦ ਹਨ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਗੁਰਨਾਮ ਸਿੰਘ ਨੇ ਕਿਸਾਨਾਂ ਨੂੰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਖੇਤੀਬਾੜੀ ਅਫ਼ਸਰ ਸਤੀਸ਼ ਕੁਮਾਰ ਅਤੇ ਖੇਤੀਬਾੜੀ ਵਿਕਾਸ ਅਫ਼ਸਰ ਜੇ.ਐਸ. ਗਿੱਲ, ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਸਰਕਲ ਇੰਚਾਰਜ ਸੁਰਜੀਤ ਸਿੰਘ ਫ਼ੌਜੀ, ਅਮਰਦੀਪ ਸਿੰਘ ਸੋਨੂ ਥਿੰਦ ਵੀ ਮੌਜੂਦ ਸਨ।