ਅਸ਼ੋਕ ਵਰਮਾ,ਬਠਿੰਡਾ, 13 ਸਤੰਬਰ 2023
ਬਠਿੰਡਾ ਪੁਲਿਸ ਦੇ ਸੀਆਈਏ ਸਟਾਫ਼ ਵਨ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਥਾਣਾ ਨਥਾਣਾ ਦੇ ਇਲਾਕੇ ਵਿੱਚੋਂ ਇੱਕ ਕੈਂਟਰ ਅਤੇ ਦੋ ਕਾਰਾਂ ਵਿੱਚੋਂ 3 ਕੁਇੰਟਲ 20 ਕਿਲੋ ਭੁੱਕੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਅਨੁਸਾਰ ਇਹ ਭੁੱਕੀ ਰਾਜਸਥਾਨ ਚੋਂ ਪੰਜਾਬ ਵਿੱਚ ਵੇਚਣ ਲਈ ਲਿਆਂਦੀ ਗਈ ਸੀ ਪਰ ਇਸ ਤੋਂ ਪਹਿਲਾਂ ਹੀ ਨਸ਼ਾ ਤਸਕਰ ਪੁਲਿਸ ਦੇ ਹੱਥ ਚੜ੍ਹ ਗਏ। ਬਠਿੰਡਾ ਪੁਲਿਸ ਵੱਲੋਂ ਨਸ਼ੇ ਦੀ ਇਸ ਬਰਾਮਦਗੀ ਨੂੰ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। ਥਾਣਾ ਨਥਾਣਾ ਵਿਖੇ ਸਬ ਇੰਸਪੈਕਟਰ ਹਰਜੀਵਨ ਸਿੰਘ ਦੇ ਬਿਆਨਾਂ ਤੇ ਧਾਰਾ 15ਸੀ, 61,85 ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬਠਿੰਡਾ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਪ੍ਰੈਸ਼ ਨੋਟ ਜਾਰੀ ਕਰਕੇ ਦਿੱਤੀ ਜਾਣਕਾਰੀ ਮੁਤਾਬਕ ਥਾਣਾ ਵਿਖੇ ਦਰਜ਼ ਮੁਕੱਦਮੇ ਵਿੱਚ ਬਲਜੀਤ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਭਦੌੜ, ਮਨਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕੋਟੜਾ ਕੌੜਾ, ਗੁਰਜੀਤ ਸਿੰਘ ਪੁੱਤਰ ਰਾਮ ਦਿਆਲ ਵਾਸੀ ਚਾਉਕੇ ਅਤੇ ਸੁਰਿੰਦਰ ਸਿੰਘ ਪੁੱਤਰ ਬਲੌਰ ਸਿੰਘ ਵਾਸੀ ਫਰੀਦਕੋਟ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਹੈ। ਪੁਲਿਸ ਨੇ ਬਰਾਮਦ ਕੀਤੀ ਭੁੱਕੀ, ਕੈਂਟਰ ਅਤੇ ਦੋ ਕਾਰਾਂ ਕਬਜ਼ੇ ਵਿੱਚ ਲੈ ਲਈਆਂ ਹਨ। ਹਾਲਾਂਕਿ ਪੜਤਾਲ ਪ੍ਰਭਾਵਿਤ ਹੋਣ ਦੇ ਡਰੋਂ ਪੁਲਿਸ ਅਧਿਕਾਰੀ ਬਹੁਤਾ ਕੁਝ ਬੋਲਣ ਨੂੰ ਨਹੀਂ ਤਿਆਰ ਹੋਏ ਪਰ ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਨਸ਼ਿਆਂ ਦੀ ਤਸਕਰੀ ਵਿੱਚ ਜੁਟੇ ਮੁਲਾਜਮਾਂ ਵੱਲੋਂ ਇਸ ਕੈਂਟਰ ਨੂੰ ਕੋਰੀਅਰ ਵਜੋਂ ਡਿਲੀਵਰੀ ਦੇਣ ਲਈ ਵਰਤਿਆ ਜਾਂਦਾ ਹੈ।
ਪੁਲਿਸ ਨੂੰ ਅੰਦੇਸ਼ਾ ਹੈ ਕਿ ਇਹ ਭੁੱਕੀ ਵੀ ਕੋਰੀਅਰ ਦੇ ਤੌਰ ਤੇ ਹੀ ਰਾਜਸਥਾਨ ਤੋਂ ਮੰਗਵਾਈ ਗਈ ਸੀ। ਪੁਲਿਸ ਵੱਲੋਂ ਬਰਾਮਦ ਕੀਤੀ ਗਈ ਭੁੱਕੀ ਦੀ ਅੱਗੇ ਦਿੱਤੀ ਜਾ ਰਹੀ ਸੀ ਪਰ ਪੁਲਿਸ ਨੂੰ ਸੂਹ ਲੱਗ ਗਈ । ਪਤਾ ਲੱਗਿਆ ਹੈ ਕਿ ਇਹ ਭੁੱਕੀ ਫਾਰਚੂਨਰ ਤੇ ਸਵਿਫਟ ਕਾਰ ਵਿੱਚ ਰੱਖੀ ਜਾ ਰਹੀ ਸੀ ਤਾਂ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਸੀ ਆਈ ਏ ਸਟਾਫ ਵਨ ਦੀ ਪੁਲਿਸ ਪਾਰਟੀ ਨੇ ਛਾਪਾ ਮਾਰ ਲਿਆ। ਪੁਲਿਸ ਨੇ ਇਸ ਛਾਪੇਮਾਰੀ ਦੌਰਾਨ 3 ਕੁਇੰਟਲ ਵੀਹ ਕਿਲੋ ਭੁੱਕੀ ਸਮੇਤ ਬਲਜੀਤ ਕੁਮਾਰ ਵਾਸੀ ਭਦੌੜ, ਮਨਪ੍ਰੀਤ ਸਿੰਘ ਵਾਸੀ ਕੋਟੜਾ ਕੌੜਾ, ਗੁਰਜੀਤ ਸਿੰਘ ਵਾਸੀ ਚਾਉਕੇ ਨੂੰ ਗਿਰਫ਼ਤਾਰ ਕਰ ਲਿਆ ਹੈ ਜਦੋਂ ਕਿ ਕੈਂਟਰ ਡਰਾਈਵਰ ਸੁਰਿੰਦਰ ਸਿੰਘ ਪੁੱਤਰ ਬਲੌਰ ਸਿੰਘ ਵਾਸੀ ਫਰੀਦਕੋਟ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਿਆ ਹੈ ਜਿਸ ਨੂੰ ਇਸ ਸਾਰੇ ਮਾਮਲੇ ਦਾ ਕਿੰਗਪਿੰਨ ਮੰਨਿਆ ਜਾ ਰਿਹਾ ਹੈ।
ਪੁਲਿਸ ਵੱਲੋਂ ਹੁਣ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਪੁਲਿਸ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛ ਪੜਤਾਲ ਕਰਕੇ ਕੈਂਟਰ ਦੇ ਮਾਲਕ ਸਬੰਧੀ ਪਤਾ ਲਾਇਆ ਜਾਏਗਾ। ਇਸ ਤੋਂ ਇਲਾਵਾ ਪੁਲਿਸ ਭੁੱਕੀ ਦੇ ਲਿਆਉਣ ਅਤੇ ਪੈਸੇ ਦੇ ਲੈਣ ਦੇਣ ਸਬੰਧੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਚਰਚਾ ਹੈ ਕਿ ਕੈਂਟਰ ਦਾ ਮਾਲਕ ਕਿਸੇ ਮਾਮਲੇ ਨੂੰ ਲੈ ਕੇ ਜੇਲ੍ਹ ਵਿੱਚ ਬੰਦ ਹੈ। ਜਾਂਚ ਟੀਮਾਂ ਮੁਲਜ਼ਮਾਂ ਕੋਲੋਂ ਇਹ ਵੀ ਜਾਨਣ ਦੀ ਕੋਸ਼ਿਸ਼ ਕਰਨਗੀਆਂ ਕਿ ਕਿਧਰੇ ਕੈਂਟਰ ਦਾ ਮਾਲਕ ਹੀ ਜੇਲ੍ਹ ਵਿੱਚੋਂ ਨਸ਼ਾ ਤਸਕਰੀ ਦਾ ਧੰਦਾ ਤਾਂ ਨਹੀਂ ਚਲਾ ਰਿਹਾ। ਪੁਲਿਸ ਨੇ ਹੁਣ ਕੈਂਟਰ ਦੇ ਡਰਾਈਵਰ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਖਿੱਚ ਦਿੱਤੀ ਹੈ ਜਿਸ ਦੇ ਕਾਬੂ ਆਉਣ ਤੋਂ ਬਾਅਦ ਨਸ਼ਾ ਤਸਕਰੀ ਦੇ ਇਸ ਮਾਮਲੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਕੈਨੇਡਾ ਤੋਂ ਵਾਪਸ ਪਰਤਿਆ ਸੀ ਬਲਜੀਤ
ਬਠਿੰਡਾ ਪੁਲਿਸ ਦੇ ਸੀਆਈਏ ਸਟਾਫ ਵਨ ਦੇ ਇੰਚਾਰਜ ਇੰਸਪੈਕਟਰ ਤਿਰਲੋਚਨ ਸਿੰਘ ਦਾ ਕਹਿਣਾ ਸੀ ਕਿ ਫ਼ਾਰਚੂਨਰ ਕਾਰ ਵਿਚ ਸਵਾਰ ਹੋ ਕੇ ਭੁੱਕੀ ਲੈਣ ਆਇਆ ਬਲਜੀਤ ਕੁਮਾਰ ਕੁੱਝ ਸਮਾਂ ਪਹਿਲਾਂ ਹੀ ਕੈਨੇਡਾ ਵਿਚੋਂ ਵਾਪਸ ਆਇਆ ਸੀ । ਉਨ੍ਹਾਂ ਦੱਸਿਆ ਕਿ ਜਲਦੀ ਅਮੀਰ ਬਣਨ ਦੇ ਲਾਲਚ ਵਿੱਚ ਉਹ ਨਸ਼ਾ ਤਸਕਰੀ ਦੇ ਧੰਦੇ ਨਾਲ ਜੁੜ ਗਿਆ।
ਉਹਨਾਂ ਦੱਸਿਆ ਕਿ ਕੈਂਟਰ ਵਿੱਚ ਰਾਜਸਥਾਨ ਤੋਂ ਲਿਆਂਦੇ ਕੋਇਲੇ ਦੀ ਆੜ ਹੇਠ ਭੁੱਕੀ ਦੀਆਂ ਸੋਲ੍ਹਾਂ ਬੋਰੀਆਂ ਰੱਖੀਆਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਇਸ ਸੰਬੰਧ ਵਿੱਚ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਅਧਾਰ ਤੇ ਇਹ ਛਾਪਾ ਮਾਰਿਆ ਅਤੇ ਭੁੱਕੀ ਸਮੇਤ ਕਾਬੂ ਕਰ ਲਏ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਕੈਂਟਰ ਡਰਾਈਵਰ ਸੁਰਿੰਦਰ ਸਿੰਘ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਉਹ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ।
ਪੁਲਿਸ ਦੇ ਡੰਡੇ ਨੇ ਵਧਾਏ ਭੁੱਕੀ ਦੇ ਭਾਅ
ਪੰਜਾਬ ਵਿੱਚ ਨਸ਼ਿਆਂ ਖਿਲਾਫ਼ ਪੁਲਿਸ ਵੱਲੋਂ ਵਰਤੀ ਜਾ ਰਹੀ ਸਖਤੀ ਨੇ ਨਸ਼ੇੜੀਆਂ ਲਈ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਨਸ਼ੇ ਦੀ ਸਪਲਾਈ ਲਾਈਨ ਟੁੱਟਣ ਕਰਕੇ ਹਰ ਕਿਸਮ ਦੇ ਨਸ਼ਿਆਂ ਦੀ ਕੀਮਤ ਵਿੱਚ ਵਾਧਾ ਹੋਇਆ ਹੈ ਪਰ ਰਾਜਸਥਾਨ ਚੋ ਆਉਣ ਕਰਕੇ ਭੁੱਕੀ ਨੂੰ ਵੱਧ ਮਾਰ ਪਈ ਹੈ। ਸੂਤਰ ਦੱਸਦੇ ਹਨ ਕਿ ਪੰਜਾਬ ਪੁਲਿਸ ਦੇ ਡੰਡੇ ਕਾਰਨ ਭੁੱਕੀ ਦੀ ਕੀਮਤ ਅਸਮਾਨੀ ਚੜ੍ਹਨ ਲੱਗ ਪਈ ਹੈ। ਪੋਸਤ ਦੀ ਵਰਤੋਂ ਕਰਨ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਭੁੱਕੀ ਨਾ ਮਿਲਣ ਕਾਰਨ ਪਹਿਲਾਂ ਉਹ ਨਸ਼ੇ ਪੱਤੇ ਲਈ ਮੈਡੀਕਲ ਨਸ਼ਿਆਂ ਦੀ ਵਰਤੋਂ ਕਰ ਲੈਂਦੇ ਸਨ ਪਰ ਹੁਣ ਪੁਲਿਸ ਦਾ ਪੈਦਾ ਕਰੜਾ ਹੋਣ ਕਰਕੇ ਨਸ਼ੀਲੀਆਂ ਗੋਲੀਆਂ ਵਗੈਰਾ ਮਿਲਣ ਵਿੱਚ ਦਿੱਕਤਾਂ ਆਉਣ ਲੱਗੀਆਂ ਹਨ।