ਪ੍ਰਿੰਸੀਪਲ ਖਿਲਾਫ ਕੇਸ ਦਰਜ਼ ਕਰਵਾਉਣ ਥਾਣੇ ਪਹੁੰਚੀਆਂ ਸਕੂਲ ਟੀਚਰ
ਡੀਐਸਪੀ ਬਰਾੜ ਨੇ ਦਿੱਤਾ ਭਰੋਸਾ, ਦੋਵਾਂ ਧਿਰਾਂ ਨੂੰ ਸੁਣ ਕੇ ਕਾਰਵਾਈ ਕਰੂਗੀ ਪੁਲਿਸ
ਹਰਿੰਦਰ ਨਿੱਕਾ / ਮਨੀ ਗਰਗ ਬਰਨਾਲਾ 4 ਜੂਨ 2020 ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਦੀ ਟੀਚਰ ਰਵਿੰਦਰ ਕੌਰ ਨੇ ਸਕੂਲ ਪ੍ਰਿੰਸੀਪਲ ਤੇ ਬੁਰੀ ਨਜ਼ਰ ਰੱਖਣ ਅਤੇ ਉਸ ਨੂੰ ਅਤੇ ਹੋਰ ਅਧਿਆਪਿਕਾਵਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਾ ਕੇ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਰਵਿੰਦਰ ਕੌਰ ਦਾ ਸਾਥ ਦੇਣ ਲਈ ਹੋਰ ਮਹਿਲਾ ਟੀਚਰ ਵੀ ਰਾਤ ਦੇ ਕਰੀਬ 10:40 ਵਜੇ ਤੱਕ ਥਾਣਾ ਸਿਟੀ 2 ਚ, ਮੌਜੂਦ ਰਹੀਆਂ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸਕੂਲ ਟੀਚਰ ਰਵਿੰਦਰ ਕੌਰ ਪਤਨੀ ਕਰਮਜੀਤ ਸਿੰਘ ਨਿਵਾਸੀ ਗੁਰਦੇਵ ਨਗਰ ਬਰਨਾਲਾ ਨੇ ਦੋਸ਼ ਲਾਇਆ ਹੈ ਕਿ ਉਹ ਪਿਛਲੇ ਕਰੀਬ 7 ਵਰ੍ਹਿਆਂ ਤੋਂ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮੇਨ ਬ੍ਰਾਂਚ ਬਰਨਾਲਾ ਵਿਖੇ ਬਤੌਰ ਟੀਚਰ ਨੌਕਰੀ ਕਰ ਰਹੀ ਹੈ। ਉਸ ਦੇ ਨਾਲ ਅਮ੍ਰਿਤਪਾਲ ਕੌਰ ਨਿਵਾਸੀ ਢਿੱਲੋਂ ਨਗਰ ਬਰਨਾਲਾ , ਰਮਨਦੀਪ ਕੌਰ ਨਿਵਾਸੀ ਬੀਜੀਐਸ ਸਕੂਲ ਦੇ ਕੁਆਟਰ ਬਰਨਾਲਾ , ਪ੍ਰਭਜੀਤ ਕੌਰ ਤੇ ਸੁਖਜੀਤ ਕੌਰ ਵਾਸੀਆਨ ਗੁਰੂ ਰਾਮ ਦਾਸ ਨਗਰ ਬਰਨਾਲਾ ,ਸੀਮਾ ਮਿੱਤਲ ਵਾਸੀ ਅਨਾਜ ਮੰਡੀ ਰੋਡ ਬਰਨਾਲਾ ਤੇ ਹੋਰ ਵੀ ਟੀਚਰ ਨੌਕਰੀ ਕਰਦੀਆਂ ਹਨ।
ਸਕੂਲ ਪ੍ਰਿੰਸੀਪਲ ਕਰਨਲ ਸੁਮਾਂਚੀ ਸ੍ਰੀ ਨਿਵਾਸਲੂ ਨੇ 11 ਅਪ੍ਰੈਲ ਨੂੰ ਜੂਮ ਐਪ ਡਾਉਨ ਲੋਡ ਕਰਨ ਲਈ ਕਿਹਾ ਸੀ, ਕੁਝ ਟੀਚਰਾਂ ਨੇ ਇਹ ਐਪ ਡਾਊਨਲੋਡ ਕਰ ਲਈ, ਪਰੰਤੂ ਕਈ ਦੇ ਮੋਬਾਇਲਾਂ ਚ, ਨੈਟਵਰਕ ਦੀ ਸਮੱਸਿਆ ਕਾਰਣ ਇਹ ਐਪ ਡਾਊਨਲੋਡ ਨਹੀਂ ਹੋ ਸਕੀ। 17 ਅਪ੍ਰੈਲ ਨੂੰ ਪ੍ਰਿੰਸੀਪਲ ਨੇ ਵਟਸਅੱਪ ਮੈਸੇਜ ਭੇਜ ਕੇ ਕਿਹਾ ਕਿ ਜੂਮ ਐਪ ਸਾਡੇ ਲਈ ਅਤੇ ਬੱਚਿਆਂ ਲਈ ਸੇਫਟੀ ਅਤੇ ਪ੍ਰਾਈਵੇਸੀ ਦੇ ਪੱਖ ਤੋਂ ਠੀਕ ਨਹੀਂ ਹੈ। ਜਿਨ੍ਹਾਂ ਨੇ ਇਹ ਐਪ ਡਾਊਨਲੋਡ ਕਰ ਲਈ, ਉਹ ਵੀ ਡਿਲੀਟ ਕਰ ਦਿਉ। ਫਿਰ ਸਕੂਲ ਟੀਚਰ ਸਕੂਲੀ ਬੱਚਿਆਂ ਨੂੰ ਸਕੂਲ ਦਾ ਕੰਮ ਪਹਿਲਾਂ ਦੀ ਤਰਾਂ ਹੀ ਵਟਸਅੱਪ ਗਰੁੱਪਾਂ ਚ, ਮੈਸੇਜ ਪਾ ਕੇ ਹੁਣ ਤੱਕ ਕਰਵਾ ਰਹੀਆਂ ਹਨ।
ਉਨਾਂ ਕਿਹਾ ਕਿ ਫਿਰ ਪ੍ਰਿੰਸੀਪਲ ਨੇ ਕਿਹਾ ਕਿ ਜੋ ਟੀਚਰ ਸਕੂਲ ਆਉਣਾ ਚਾਹੁੰਦੀਆਂ ਹਨ, ਉਹ ਸਕੂਲ ਆ ਜਾਣ ,ਪਰੰਤੂ ਸਕੂਲ ਆਉਣ ਦੀ ਆਗਿਆ ਮੰਗਣ ਦੇ ਬਾਵਜੂਦ ਵੀ ਪ੍ਰਿੰਸੀਪਲ ਨੇ ਟੀਚਰਾਂ ਨੂੰ ਸਕੂਲ ਆਉਣ ਦੀ ਇਜਾਜ਼ਤ ਨਹੀਂ ਦਿੱਤੀ। ਪ੍ਰਿੰਸੀਪਲ ਨੇ ਇਸ ਸਬੰਧੀ ਕੋਈ ਜੁਆਬ ਦੇਣ ਦੀ ਬਜਾਏ, ਗਰੁੱਪਾਂ ਚ, ਮੈਸਜ ਪਾ ਕੇ ਉਲਟਾ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਜੂਮ ਐਪ ਕਲਾਸਾਂ ਲਾਉਣ ਤੋਂ ਜੀ ਚੁਰਾ ਰਹੇ ਹੋ, ਤੁਸੀ ਆਨਲਾਈਨ ਕਲਾਸਾਂ ਲਾਉਣ ਦੇ ਯੋਗ ਨਹੀਂ ਹੋ ਆਦਿ ਲਿਖ ਕੇ ਪੀਡੀਐਫ ਫਾਈਲ ਭੇਜ ਦਿੱਤੀ। ਜਦੋਂ ਟੀਚਰ ਸਕੂਲ ਚੋਂ ਬੱਚਿਆਂ ਨੂੰ ਪੜਾਉਣ ਲਈ ਕਿਤਾਬਾਂ ਲੈਣ ਅਤੇ ਸਕੂਲ ਚ, ਇੰਟ੍ਰੈਕਟਿਵ ਪੜਾਉਣ ਦੀ ਆਗਿਆ ਲੈਦ ਪਹੁੰਚੀਆਂ ਤਾਂ ਪ੍ਰਿੰਸੀਪਲ ਨੇ ਕੋਰਾ ਜੁਆਬ ਦੇ ਦਿੱਤਾ। ਉਲਟਾ ਉਨਾਂ ਟੀਚਰਾਂ ਨੂੰ ਨੌਕਰੀ ਤੋਂ ਫਾਰਗ ਕਰਨ ਦਾ ਫੁਰਮਾਨ ਸੁਣਾ ਦਿੱਤਾ। ਜਦੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ , ਉਹ ਧਮਕੀਆਂ ਦੇਣ ਲੱਗ ਪਏ।
ਰਵਿੰਦਰ ਕੌਰ ਨੇ ਕਿਹਾ ਕਿ 1 ਜੂਨ ਨੂੰ ਪ੍ਰਿੰਸੀਪਲ ਨੇ ਉਸ ਨੂੰ ਤੇ ਹੋਰ ਟੀਚਰਾਂ ਨੂੰ ਕਿਸੇ ਜਰੂਰੀ ਮੈਟਰ ਤੇ ਗੱਲਬਾਤ ਕਰਨ ਦੇ ਬਹਾਨੇ ਸਕੂਲ ਬੁਲਾਇਆ, ਉਹ ਵੀ ਹੋਰ ਟੀਚਰਾਂ ਸਮੇਤ ਸਕੂਲ ਪਹੁੰਚੀ। ਜਦੋਂ ਉਹ ਹੋਰ ਟੀਚਰਾਂ ਤੋਂ ਥੋੜ੍ਹਾ ਜਿਹਾ ਅੱਗੇ, ਸਕੂਲ ਅੰਦਰ ਹੀ ਬਣੀ ਪ੍ਰਿੰਸੀਪਲ ਦੀ ਕੋਠੀ ਦੇ ਬਾਹਰ ਮੇਨ ਗੇਟ ਪਹੁੰਚੀ ਤਾਂ, ਪ੍ਰਿੰਸੀਪਲ ਨੇ ਗੇਟ ਖੋਹਲਦਿਆਂ ਹੀ ਉਸ ਨੂੰ ਗਲਤ ਨਿਗ੍ਹਾ ਨਾਲ ਦੇਖਣਾ ਸ਼ੁਰੂ ਕਰ ਦਿੱਤਾ , ਮੈਨੂੰ ਉਸ ਦੀ ਨੀਯਤ ਠੀਕ ਨਹੀਂ ਲੱਗੀ। ਜਦੋਂ ਉਸ ਦੀਆਂ ਬਾਕੀ ਸਾਥੀ ਟੀਚਰ ਉੱਥੇ ਪਹੁੰਚੀਆਂ, ਤਾਂ ਇਹ ਘਟਨਾ ਉਸ ਨੇ ਹੋਰ ਟੀਚਰਾਂ ਨਾਲ ਵੀ ਸਾਂਝੀ ਕੀਤੀ।
3 ਜੂਨ ਨੂੰ ਫਿਰ ਪ੍ਰਿੰਸੀਪਲ ਨੇ ਧਮਕੀਆਂ ਭਰੇ ਮੈਸੇਜ ਭੇਜ਼ ਕੇ ਟੀਚਰਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਤੇ ਹਰਾਸ਼ ਕਰਨਾ ਸ਼ੁਰੂ ਕਰ ਦਿੱਤਾ। ਰਵਿੰਦਰ ਕੌਰ ਤੇ ਹੋਰ ਟੀਚਰਾਂ ਨੇ ਇਹ ਸੰਯਕਤ ਬਿਆਨ ਐਸਐਚਉ ਨੂੰ ਦੇ ਕੇ ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਕਰੀਬ 6 ਘੰਟੇ ਤੱਕ ਥਾਣੇ ਚ, ਖੜੇ ਰਹਿਣ ਕਾਰਣ ਰਵਿੰਦਰ ਕੌਰ ਦੀ ਸਿਹਤ ਖਰਾਬ ਹੋ ਗਈ, ਜਿਸ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਮਾਹੌਲ ਤਣਾਅਪੂਰਣ ਹੁੰਦਿਆ ਦੇਖ ਡੀਐਸਪੀ ਬਲਜੀਤ ਸਿੰਘ ਬਰਾੜ ਵੀ ਹਸਪਤਾਲ ਪਹੁੰਚ ਗਏ। ਜਿਨ੍ਹਾਂ ਪੀੜਤ ਟੀਚਰਾਂ ਨੂੰ ਭਰੋਸਾ ਦਿੱਤਾ ਕਿ ਉਹ 5 ਜੂਨ ਨੂੰ ਦੋਵਾਂ ਧਿਰਾਂ ਨੂੰ ਬੁਲਾ ਕੇ ਤਹਿਕੀਕਾਤ ਉਪਰੰਤ ਉਚਿਤ ਕਾਨੂੰਨੀ ਕਾਰਵਾਈ ਕਰਨਗੇ।
-ਪ੍ਰਿੰਸੀਪਲ ਨੇ ਫੋਨ ਰਿਸੀਵ ਕਰਨ ਤੋਂ ਵੱਟਿਆ ਟਾਲਾ ਸਕੂਲ ਪ੍ਰਿੰਸੀਪਲ ਕਰਨਲ ਸੁਮਾਂਚੀ ਸ੍ਰੀ ਨਿਵਾਸਲੂ ਦਾ ਉਕਤ ਘਟਨਾ ਸਬੰਧੀ ਪੱਖ ਜਾਣਨ ਲਈ ਵਾਰ ਵਾਰ ਫੋਨ ਕੀਤੇ, ਪਰ ਉਨ੍ਹਾਂ ਫੋਨ ਰਿਸੀਵ ਕਰਨ ਤੋਂ ਟਾਲਾ ਵੱਟੀ ਰੱਖਿਆ।