ਅਸ਼ੋਕ ਵਰਮਾ, ਬਠਿੰਡਾ, 8 ਸਤੰਬਰ 2023
ਅੰਨਦਾਤਾ ਕਹਾਉਣ ਵਾਲਾ ਪੰਜਾਬ ਦਾ ਕਿਸਾਨ ਦੇਸ਼ ਭਰ ਚੋਂ ਸਭ ਤੋਂ ਵੱਧ ਕਰਜ਼ਾਈ ਹੋ ਗਿਆ ਹੈ। ਹੁਣ ਕਿਸਾਨਾਂ ਲਈ ਬੈਂਕਾਂ ਦਾ ਕਰਜ਼ਾ ਗਲੇ ਦਾ ਫੰਦਾ ਬਣਨ ਲੱਗਾ ਹੈ। ਪੰਜਾਬ ਦੇ ਕਿਸਾਨਾਂ ਸਿਰ ਔਸਤਨ 3 ਲੱਖ ਰੁਪਏ ਇਕੱਲਾ ਬੈਂਕ ਕਰਜ਼ਾ ਹੈ ਜਦੋਂ ਕਿ ਸ਼ਾਹੂਕਾਰਾਂ ਦਾ ਕਰਜ਼ਾ ਇਸ ਤੋਂ ਵੱਖਰਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੂਬੇ ਗੁਜ਼ਰਾਤ ਦੇ ਕਿਸਾਨ ਵੀ ਕਰਜ਼ੇ ਦੇ ਮਾਮਲੇ ਵਿਚ ਪੰਜਾਬ ਦੇ ਕਿਸਾਨਾਂ ਤੋਂ ਕੋਈ ਬਹੁਤੀ ਦੂਰ ਨਹੀਂ ਹਨ ਜਿਨ੍ਹਾਂ ਦਾ ਦੂਸਰਾ ਨੰਬਰ ਹੈ ਜੋ ਪੰਜਾਬ ਤੋਂ ਬਾਅਦ ਹੈ।’ਦੈਨਿਕ ਭਾਸਕਰ ਵੱਲੋਂ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਦੇ ਹਵਾਲੇ ਨਾਲ਼ ਪ੍ਰਕਾਸ਼ਤ ਰਿਪੋਰਟ ਦੌਰਾਨ ਇਹ ਗੰਭੀਰ ਤੱਥ ਸਾਹਮਣੇ ਆਏ ਹਨ। ਇਸ ਰਿਪੋਰਟ ਵਿੱਚ ਸ਼ਾਹੂਕਾਰਾਂ ਅਤੇ ਗੈਰਸੰਸਥਾਗਤ ਅਦਾਰਿਆਂ ਤੋਂ ਲਏ ਕਰਜੇ ਦਾ ਬਿਓਰਾ ਸ਼ਾਮਲ ਨਹੀਂ ਹੈ।
ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨਾਂ ਸਿਰ ਸਮੁੱਚਾ ਕਰਜਾ 1 ਲੱਖ ਕਰੋੜ ਤੱਕ ਹੈ ਜਦੋਂ ਕਿ ਕਿਸਾਨ ਧਿਰਾਂ ਇਸ ਨੂੰ ਇਸ ਤੋਂ ਕਿਤੇ ਜ਼ਿਆਦਾ ਦੱਸ ਰਹੀਆਂ ਹਨ। ਨਾਬਾਰਡ ਅਨੁਸਾਰ ਇਸ ਵੇਲੇ ਕਿਸਾਨਾਂ ਸਿਰ ਵਪਾਰਿਕ ਬੈਂਕਾਂ, ਸਹਿਕਾਰੀ ਬੈਂਕਾਂ ਅਤੇ ਖੇਤਰੀ ਪੇਂਡੂ ਬੈਂਕਾਂ ਦਾ ਕਰਜ਼ਾ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਪੰਜਾਬ ਦੇ ਕਿਸਾਨਾਂ ਸਿਰ ਪਹਿਲਾਂ ਸ਼ਾਹੂਕਾਰਾਂ ਦਾ ਵੱਡਾ ਕਰਜ਼ ਸਿਰ ਦਰਦੀ ਬਣਿਆ ਹੋਇਆ ਹੈ ਜਦੋਂ ਕਿ ਹੁਣ ਬੈਂਕ ਕਰਜ਼ ਕਿਸਾਨਾਂ ਲਈ ਸਿਰਦਰਦੀ ਬਣਨ ਲੱਗਾ ਹੈ। ਨਾਬਾਰਡ ਵੱਲੋਂ ਜਾਰੀ ਵੇਰਵਿਆਂ ਅਨੁਸਾਰ ਪੰਜਾਬ ਦੇ 24 ਲੱਖ 92 ਹਜ਼ਾਰ 663 ਕਿਸਾਨਾਂ ਸਿਰ ਇਕੱਲੇ ਬੈਂਕਾਂ ਦਾ 73 ਹਜ਼ਾਰ 673 ਕਰੋੜ ਦਾ ਕਰਜ਼ਾ ਹੈ ਜਿਸ ਦੀ ਔਸਤਨ ਪ੍ਰਤੀ ਕਿਸਾਨ 2.95 ਲੱਖ ਰੁਪਏ ਬਣਦੀ ਹੈ। ਜਾਣਕਾਰੀ ਅਨੁਸਾਰ ਪਿਛਲੇ ਸਾਲਾਂ ਦੌਰਾਨ ਬੈਂਕ ਕਰਜਾ ਅਮਰਵੇਲ ਵਾਂਗ ਵਧਿਆ ਹੈ।
ਰਿਪੋਰਟ ਅਨੁਸਾਰ ਪੰਜਾਬ ਦੇ ਕਿਸਾਨਾਂ ਸਿਰ ਸਭ ਤੋਂ ਵੱਡਾ ਕਰਜ਼ਾ ਵਪਾਰਿਕ ਬੈਂਕਾਂ ਦਾ ਹੈ ਜੋਕਿ 21 ਲੱਖ 42 ਹਜ਼ਾਰ 931 ਕਿਸਾਨਾਂ ਸਿਰ 64 ,694 ਕਰੋੜ ਦਾ ਕਰਜ਼ਾ ਹੈ ਜੋ ਕਿ ਪ੍ਰਤੀ ਕਿਸਾਨ ਔਸਤਨ 3.20 ਲੱਖ ਰੁਪਏ ਬਣਦਾ ਹੈ। ਸਹਿਕਾਰੀ ਬੈਂਕਾਂ ਦਾ 50,635ਕਿਸਾਨਾਂ ਸਿਰ 1130 ਕਰੋੜ ਦਾ ਕਰਜ਼ਾ ਹੈ। ਰਿਪੋਰਟ ਅਨੁਸਾਰ 2 ਲੱਖ 99 ਹਜ਼ਾਰ 97 ਕਿਸਾਨਾਂ ਸਿਰ ਗ੍ਰਾਮੀਣ ਬੈਂਕਾਂ ਦਾ 7849 ਕਰੋੜ 96 ਲੱਖ ਕਰਜ਼ਾ ਚੜ੍ਹਿਆ ਹੋਇਆ ਹੈ। ਨਾਬਾਰਡ ਦੀ ਰਿਪੋਰਟ ਮੁਤਾਬਕ ਗੁਜਰਾਤ ਦੇ ਕਿਸਾਨ ਸਿਰ ਔਸਤ ਕਰਜ਼ਾ 2 ਲੱਖ 28 ਹਜ਼ਾਰ ਹੈ।ਹਰਿਆਣਾ ‘ਚ ਪ੍ਰਤੀ ਕਿਸਾਨ ਔਸਤ 2.11 ਲੱਖ ਰੁਪਏ ਦਾ ਬੈਂਕ ਕਰਜ਼ਾ ਹੈ। ਇਸੇ ਤਰ੍ਹਾਂ ਹੀ ਹਿਮਾਚਲ ਪ੍ਰਦੇਸ਼ ਵਿੱਚ ਪ੍ਰਤੀ ਕਿਸਾਨ1 ਲੱਖ 78 ਹਜ਼ਾਰ ਅਤੇ ਆਂਧਰਾ ਪ੍ਰਦੇਸ਼ ਵਿੱਚ ਇਹ ਔਸਤ 1ਲੱਖ 72ਹਜ਼ਾਰ ਹੈ।
ਸਟੇਟ ਬੈਂਕ ਆਫ ਇੰਡੀਆ ਦੇ ਇੱਕ ਸੀਨੀਅਰ ਮੈਨੇਜਰ ਦਾ ਕਹਿਣਾ ਸੀ ਕਿ ਵਪਾਰਿਕ ਬੈਂਕਾਂ ਨੇ ਦਿਹਾਤੀ ਖੇਤਰ ਵਿਚ ਕਰਜ਼ਾ ਜਿਆਦਾ ਦੇਣਾ ਸ਼ੁਰੂ ਕੀਤਾ ਹੈ ਜਿਸ ਦੇ ਨਤੀਜੇ ਵਜੋਂ ਕਿਸਾਨਾਂ ਸਿਰ ਬੈਂਕ ਕਰਜ਼ਾ ਚੜ੍ਹਿਆ ਹੈ। ਉਨ੍ਹਾਂ ਆਖਿਆ ਕਿ ਸੱਚ ਇਹ ਵੀ ਹੈ ਕਿ ਸਹਿਕਾਰੀ ਬੈਂਕ ਕਿਸਾਨਾਂ ਨੂੰ ਸਸਤਾ ਕਰਜ਼ਾ ਮੁਹੱਈਆ ਨਹੀਂ ਕਰਾ ਸਕੇ ਹਨ ਜਿਸ ਕਰਕੇ ਵੀ ਕਿਸਾਨਾਂ ਦਾ ਰੁਝਾਨ ਸਰਕਾਰੀ ਵਪਾਰਕ ਬੈਂਕਾਂ ਵੱਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬੈਂਕਾਂ ਦਾ ਕਰਜਾ ਵਧਣ ਦਾ ਇੱਕ ਕਾਰਨ ਇਹ ਵੀ ਹੈ ਕਿ ਪੰਜਾਬ ਦਾ ਕਿਸਾਨ ਲੋੜੋਂ ਵੱਧ ਕਰਜ਼ਾ ਚੁੱਕਦਾ ਹੈ ਅਤੇ ਅਤੇ ਕਾਫੀ ਮਾਮਲਿਆਂ ਵਿੱਚ ਸਮਾਜਿਕ ਕਾਰਜਾਂ ਲਈ ਵੀ ਬੈਂਕਾਂ ਤੇ ਨਿਰਭਰਤਾ ਨਜ਼ਰ ਆਉਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਕਰਜ਼ੇ ਦੀ ਸਹੀ ਵਰਤੋਂ ਕਰਨ ਤਾਂ ਬੈਂਕ ਕਰਜ਼ਾ ਸਭ ਤੋਂ ਵਧੀਆ ਹੈ।
ਕਰਜੇ ਨੇ ਖੁਦਕੁਸ਼ੀਆਂ ਦਾ ਸੌਦਾ ਬਣਾਈ ਖੇਤੀ
ਕਿਸਾਨਾਂ ਸਿਰ ਚੜ੍ਹੇ ਕਰਜ਼ੇ ਕਾਰਨ ਪੰਜਾਬ ਵਿੱਚ ਖੇਤੀ ਹੁਣ ਖੁਦਕੁਸ਼ੀਆਂ ਦਾ ਸੌਦਾ ਬਣ ਗਈ ਹੈ| ਨਿੱਤ ਰੋਜ਼ ਦਮ ਤੋੜ ਰਹੀ ਖੇਤੀ ਨੇ ਕਿਸਾਨਾਂ ਦੀ ਜ਼ਿੰਦਗੀ ਨੂੰ ਬੰਜਰ ਬਣਾ ਦਿੱਤਾ ਹੈ। ਪਿਛਲੇ ਲੰਬੇ ਸਮੇਂ ਤੋਂ ਕਪਾਹ ਪੱਟੀ ਦਾ ਕਿਸਾਨ ਅੱਛੇ ਦਿਨਾਂ ਦੀ ਉਡੀਕ ਵਿੱਚ ਹੈ। ਕਦੇ ਅਮਰੀਕਨ ਸੁੰਡੀ ਤੇ ਕਦੇ ਚਿੱਟਾ ਮੱਛਰ , ਕਦੇ ਗੁਲਾਬੀ ਸੁੰਡੀ ਅਤੇ ਉਪਰੋਂ ਕੁਦਰਤੀ ਕਹਿਰ ਕਿਸਾਨ ਦੇ ਘਰਾਂ ਵਿੱਚ ਵਿਛਦੇ ਸੱਥਰਾਂ ਦੀ ਲੜੀ ਨੂੰ ਟੁੱਟਣ ਨਹੀਂ ਦੇ ਰਿਹਾ| ਕਿਸਾਨ ਆਗੂ ਜਗਸੀਰ ਸਿੰਘ ਝੁੰਬਾ ਦਾ ਕਹਿਣਾ ਸੀ ਕਿ ਜੰਮਦੇ ਨਿਆਣਿਆਂ ਸਿਰ ਕਰਜ਼ਾ, ਚਿੱਟੀਆਂ ਚੁੰਨੀਆਂ ਦਾ ਵਧਣਾ ਤੇ ਜ਼ਿੰਦਗੀ ਦੇ ਆਖਰੀ ਪਹਿਰ ਬਜ਼ੁਰਗਾਂ ਦਾ ਸੜਕਾਂ ਤੇ ਉਤਰਨਾ ਪੰਜਾਬ ਦੀ ਖੇਤੀ ਨੂੰ ਪਏ ਸੋਕੇ ਦੀ ਤਸਵੀਰ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਕਿਸਾਨਾਂ ਦੀ ਬਾਂਹ ਫੜ੍ਹਨ।
ਕਰਜੇ ਨੇ ਵਿਛਾਏ ਕਿਸਾਨਾਂ ਦੇ ਘਰੀਂ ਸੱਥਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦਾ ਤਾਂ ਕੋਈ ਹਿਸਾਬ ਹੀ ਨਹੀਂ ਰਹਿ ਗਿਆ ਹੈ। ਉਨ੍ਹਾਂ ਆਖਿਆ ਕਿ ਜੇਕਰ ਸਮੁੱਚੇ ਕਰਜ਼ੇ ਦਾ ਹਿਸਾਬ ਲਾਈਏ ਤਾਂ ਇਹ ਔਸਤ ਕੁੱਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਨੀਤੀਆਂ ਨੇ ਪੰਜਾਬ ਦੀ ਕਿਸਾਨੀ ਨੂੰ ਕਰਜ਼ੇ ਵਿਚ ਵਿੰਨਿਆ ਹੈ ਅਤੇ ਕੋਈ ਨੀਤੀ ਕਿਸਾਨ ਪੱਖੀ ਨਹੀਂ ਬਣੀ ਜੋ ਉਨ੍ਹਾਂ ਦੇ ਪਸੀਨੇ ਦਾ ਮੁੱਲ ਮੋੜਦੀ ਹੋਵੇ। ਉਨ੍ਹਾਂ ਕਿਹਾ ਕਿ ਮਾਲਵੇ ਦੇ ਹਜ਼ਾਰਾਂ ਕਿਸਾਨਾਂ ਤੋਂ ਕਰਜ਼ ਨੇ ਹੀ ਜ਼ਿੰਦਗੀ ਖੋਹੀ ਹੈ ਅਤੇ ਕਰਜ਼ੇ ਦੀ ਪੰਡ, ਜੋ ਪਹਿਲਾਂ ਪਿਓ-ਦਾਦੇ ਦੇ ਸਿਰ ‘ਤੇ ਸੀ, ਹੁਣ ਨਿਆਣੀ ਉਮਰੇ ਬੱਚਿਆਂ ਦੇ ਸਿਰ ‘ਤੇ ਟਿਕਣ ਲੱਗੀ ਹੈ|ਉਨ੍ਹਾਂ ਆਖਿਆ ਕਿ ਸਰਕਾਰਾਂ ਦੀ ਸੰਜੀਦਗੀ ਹੁੰਦੀ ਤਾਂ ਵੱਖਰਾ ਖੇਤੀ ਬਜਟ ਬਣਾਇਆ ਜਾਂਦਾ ਅਤੇ ਕਿਸਾਨੀ ਨੂੰ ਲੀਹ ਤੇ ਲਿਆਉਣ ਲਈ ਵਸੀਲੇ ਜੁਟਾਏ ਜਾਂਦੇ।