ਯੂ. ਡੀ. ਆਈ. ਡੀ . ਕਾਰਡ ਬਣਾਉਣ ‘ਚ ਜ਼ਿਲ੍ਹਾ ਬਰਨਾਲਾ ਪੰਜਾਬ ‘ਚ ਮੋਹਰੀ

Advertisement
Spread information
ਰਘਬੀਰ ਹੈਪੀ, ਬਰਨਾਲਾ, 8 ਸਤੰਬਰ 2023


     ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਨੂੰ ਜਾਰੀ ਕੀਤੇ ਜਾਣ ਵਾਲੇ ਯੂ. ਡੀ. ਆਈ. ਡੀ . ਕਾਰਡ ਬਣਾਉਣ ‘ਚ ਜ਼ਿਲ੍ਹਾ ਬਰਨਾਲਾ ਸੂਬੇ ਭਰ ਵਿਚ ਮੋਹਰੀ ਹੈ ਜਿਥੇ ਹੁਣ ਤੱਕ 67.37 ਫ਼ੀਸਦੀ ਲੋਕਾਂ ਦੇ ਕਾਰਡ ਬਣਾਏ ਜਾ ਚੁੱਕੇ ਹਨ।
     ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਸਬੰਧੀ ਨੈਸ਼ਨਲ ਟ੍ਰਸ੍ਟ ਭਾਰਤ ਸਰਕਾਰ ਦੀ ਜ਼ਿਲ੍ਹਾ ਪੱਧਰੀ ਫੋਰਸ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋ ਨਿਰੰਤਰ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਕੰਮ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਦਿਵਿਆਂਗਜਨ ਨੌਜਵਾਨਾਂ ਲਈ ਰੋਜ਼ਗਾਰ ਦੇ ਦਰ ਖੋਲ੍ਹਣ ਦੀ ਪਹਿਲ ਕੀਤੀ ਗਈ ਹੈ, ਜਿਸ ਬਦੌਲਤ ਪਹਿਲੇ ਪੜਾਅ ਵਿੱਚ 12 ਨੌਜਵਾਨਾਂ ਨੂੰ ਟ੍ਰਾਈਡੈਂਟ ਵਿੱਚ ਰੋਜ਼ਗਾਰ ਮਿਲਿਆ ਹੈ, ਇਨ੍ਹਾਂ ਵਿੱਚੋਂ 10 ਨੌਜਵਾਨ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਹਨ।                 
     ਇਸ ਲੜੀ ਤਹਿਤ ਹਰ ਬੁੱਧਵਾਰ ਨੂੰ ਕੈਂਪ ਲਗਾਏ ਜਾਂਦੇ ਹਨ, ਜਿਸ ਵਿਚ ਲੋਕਾਂ ਨੂੰ ਦਿਵਿਆਂਗਾਂ ਅਤੇ ਉਨ੍ਹਾਂ ਨੂੰ ਮਿਲਣ ਵਾਲਿਆਂ ਸਰਕਾਰੀ ਸਹਾਇਤਾ ਬਾਰੇ ਦੱਸਿਆ ਜਾਂਦਾ ਹੈ। ਭਾਰਤ ਸਰਕਾਰ ਵਲੋਂ ਦਿਵਿਆਂਗਾਂ ਦੇ 21 ਵਰਗ ਬਣਾਏ ਗਏ ਹਨ, ਜਿਸ ਅਨੁਸਾਰ ਉਨ੍ਹਾਂ ਨੂੰ ਵੱਖ-ਵੱਖ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ।
     ਉਨ੍ਹਾਂ ਦੱਸਿਆ ਕਿ ਸਰਕਾਰ ਦੀ ਘਰੌਂਦਾ ਸਕੀਮ ਤਹਿਤ ਦਿਵਿਆਂਗ ਲੋਕਾਂ ਲਈ ਕੰਮ ਕਰਨ ਵਾਲੇ ਸੇਲਫ਼ ਹੈਲਪ ਗਰੁੱਪਾਂ ਨੂੰ ਦਿਵਿਆਂਗ  ਸੈਂਟਰ ਬਣਾਉਣ ਲਈ ਮਾਲੀ ਮਦਦ ਦਿੱਤੀ ਜਾਂਦੀ ਹੈ। ਇਹ ਮਦਦ ਕੇਵਲ ਉਨ੍ਹਾਂ ਸੰਸਥਾਵਾਂ ਨੂੰ ਦਿੱਤੀ ਜਾਂਦੀ ਹੈ, ਜਿਨ੍ਹਾਂ ਚ ਸਰੇਬਰਲ ਪਾਲਸੀ, ਔਟਿਜ਼ਮ, ਮੰਦ-ਬੁੱਧੀ ਜਾਂ ਮਲਟੀਪਲ ਅਪਾਹਜਤਾ ਵਾਲੇ ਵਿਅਕਤੀ ਹੋਣ। ਇਸੇ ਤਰ੍ਹਾਂ ਸਰਕਾਰ ਵਲੋਂ ਦਿਵਿਆਂਗ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਵੀ ਦਿੱਤੀ ਜਾਂਦੀ ਹੈ, ਜਿਸ ਲਈ ਕੋਈ ਵੀ ਦਿਵਿਆਂਗ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ, ਤਹਿਸੀਲ ਕੰਪਲੈਕਸ ਜਾਂ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਵਿਖੇ ਪਹੁੰਚ ਕਰ ਸਕਦਾ ਹੈ।                         
     ਇਸੇ ਤਰ੍ਹਾਂ ਸਰਕਾਰ ਵੱਲੋਂ ਨਿਰਮਾਇਆ ਸਕੀਮ ਚਲਾਈ ਜਾਂਦੀ ਹੈ, ਜਿਸ ਤਹਿਤ ਦਿਵਿਆਂਗ ਬੱਚਿਆਂ ਨੂੰ 18 ਸਾਲ ਦੀ ਉਮਰ ਤੱਕ ਮੁਫ਼ਤ ਸਿਹਤ ਬੀਮਾ ਰੁ 1 ਲੱਖ ਤੱਕ (ਕੇਵਲ ਸਰੇਬਰਲ ਪਾਲਸੀ, ਔਟਿਜ਼ਮ, ਮੰਦ-ਬੁੱਧੀ ਜਾਂ ਮਲਟੀਪਲ ਅਪਾਹਜਤਾ ਵਾਲੇ ਵਿਅਕਤੀ) ਦਿੱਤਾ ਜਾਂਦਾ ਹੈ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਨਿਰਦੇਸ਼ ਦਿੱਤੇ ਕਿ ਉਹ ਸਾਰੇ ਦਿਵਿਆਂਗਾਂ ਲਈ ਪੀਣ ਵਾਲੇ ਪਾਣੀ ਅਤੇ ਪਖਾਨਿਆਂ ਤੱਕ ਪਹੁੰਚਣ ਲਈ ਰੈਂਪ ਬਣਵਾਉਣ।
     ਉਨ੍ਹਾਂ ਹਦਾਇਤ ਕੀਤੀ ਕਿ ਸਰਕਾਰੀ ਦਫ਼ਤਰਾਂ ਚ ਇਕ-ਇਕ ਵਹੀਲਚੇਅਰ ਰੱਖੀ ਜਾਵੇ ਤਾਂ ਜੋ ਦਿਵਿਆਂਗ ਲੋਕ ਇਸ ਦਾ ਇਸਤੇਮਾਲ ਕਰ ਸਕਣ। ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਦਿਵਿਆਂਗ ਲੋਕਾਂ ਨੂੰ ਬੱਸ ਸਟੈਂਡ, ਵੇਰਕਾ ਅਤੇ ਮਾਰਕਫੈਡ ਬੂਥ ਦਵਾਉਣ ਲਈ ਵਿਸ਼ੇਸ਼ ਤੌਰ ਉੱਤੇ ਇਨ੍ਹਾਂ ਏਜੇਂਸੀਆਂ ਨਾਲ ਰਾਬਤਾ ਕੀਤਾ ਜਾਵੇ। ਨਾਲ ਹੀ ਇਹ ਵੀ ਹਦਾਇਤ ਕੀਤੀ ਗਈ ਕਿ ਬੈਂਕਾਂ ਨੂੰ ਕਿਹਾ ਜਾਵੇ ਕਿ ਉਹ ਆਪਣੇ ਹਰ ਇੱਕ ਏ. ਟੀ. ਐੱਮ. ਉੱਤੇ ਰੈਂਪ ਦੀ ਉਸਾਰੀ ਯਕੀਨੀਂ ਬਣਾਉਣ।
    ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਤੇਅਵਾਸਪ੍ਰੀਤ ਕੌਰ ਨੇ ਦੱਸਿਆ ਕਿ ਪਹਿਲਾਂ ਹੀ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਅਡਿਪ ਸਕੀਮ ਤਹਿਤ ਕੈਂਪ ਲਗਾਕੇ ਦਿਵਿਆਂਗ ਲੋਕਾਂ ਨੂੰ ਵੱਖ-ਵੱਖ ਸਹਾਈ ਮਸ਼ੀਨਾਂ, ਵਹੀਲਚੇਅਰ ਆਦਿ ਹਲਕਾ ਵਾਈਜ਼ ਵੰਡੇ ਗਏ ਹਨ। ਜੇਕਰ ਕੋਈ ਵੀ ਦਿਵਿਆਂਗ ਸਹਾਈ ਮਸ਼ੀਨਾਂ ਲੈਣਾ ਚਾਹੁੰਦਾ ਹੈ, ਤਾਂ ਉਹ ਇਸ ਸਬੰਧੀ ਅਰਜ਼ੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਜਾਂ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਿਖੇ ਦੇ ਸਕਦਾ ਹੈ।  
     ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸਤਵੰਤ ਸਿੰਘ, ਸਹਾਇਕ ਕਮਿਸ਼ਨਰ ਸੁਖਪਾਲ ਸਿੰਘ, ਸਹਾਇਕ ਸਿਵਲ ਸਰਜਨ ਡਾ ਮਨੋਹਰ ਲਾਲ, ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਮਸ਼ੇਰ ਸਿੰਘ, ਜ਼ਿਲ੍ਹਾ ਅਟਾਰਨੀ ਗਗਨਦੀਪ ਭਾਰਦਵਾਜ, ਸਕੱਤਰ ਰੇਡ ਕਰਾਸ ਸਰਵਣ ਸਿੰਘ, ਮੈਂਬਰ ਗੁਰਬਾਜ਼ ਸਿੰਘ ਅਤੇ ਹੋਰ ਲੋਕ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!