ਚੋਰੀ ਕੀਤਾ .32 ਬੋਰ ਦਾ ਲਾਇਸੰਸੀ ਰਿਵਾਲਵਰ ਤੇ 4 ਕਾਰਤੂਸ ਵੀ ਬਰਾਮਦ-ਸਿੱਧੂ
ਹਰਿੰਦਰ ਨਿੱਕਾ ਪਟਿਆਲਾ 4 ਜੂਨ 2020
ਪਟਿਆਲਾ ਪੁਲਿਸ ਨੇ ਦੋ ਸਾਲ ਪੁਰਾਣਾ ਚੋਰੀ ਦਾ ਮਾਮਲਾ ਹੱਲ ਕਰਦਿਆਂ ਰਾਜਪੁਰਾ ਵਿਖੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਕੋਲੋਂ ਚੋਰੀ ਕੀਤਾ .32 ਬੋਰ ਦਾ ਇੱਕ ਲਾਇਸੰਸੀ ਰਿਵਾਲਵਰ ਅਤੇ 4 ਕਾਰਤੂਸ ਵੀ ਬਰਾਮਦ ਹੋਏ ਹਨ, ਜਦੋਂਕਿ ਦੂਸਰਾ ਉਹ ਸੁਨਿਆਰ ਹੈ, ਜਿਸ ਨੇ ਚੋਰੀ ਦਾ ਸੋਨਾ ਖਰੀਦਿਆ ਸੀ। ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਮਾਸਕ ਆਦਿ ਸਮੇਤ ਹੋਰ ਹਦਾਇਤਾਂ ਦੇ ਮੱਦੇਨਜ਼ਰ ਕੀਤੀ ਜਾ ਰਹੀ ਚੈਕਿੰਗ ਦੌਰਾਨ ਆਈ.ਟੀ.ਆਈ. ਚੌਕ ਰਾਜਪੁਰਾ ਵਿਖੇ ਪੁਲਿਸ ਵੱਲੋਂ ਲਗਾਏ ਨਾਕੇ ਦੌਰਾਨ ਇਹ ਗ੍ਰਿਫ਼ਤਾਰੀ ਹੋਈ ਹੈ।
ਸ. ਸਿੱਧੂ ਨੇ ਦੱਸਿਆ ਕਿ ਇਸ ਨਾਕੇ ‘ਤੇ ਜਦੋਂ ਇੱਕ ਵਿਅਕਤੀ ਨੂੰ ਮਾਸਕ ਨਾ ਪਾਉਣ ਦੀ ਉਲੰਘਣਾ ਕਰਨ ਕਰਕੇ ਚੈਕਿੰਗ ਲਈ ਰੋਕਿਆ ਤਾਂ ਇਸ ਵਿਅਕਤੀ ਨੇ ਰੁਕਣ ਦੀ ਥਾਂ ਵਾਪਸ ਮੁੜਨ ਦੀ ਕੋਸ਼ਿਸ਼ ਕੀਤੀ ਪਰੰਤੂ ਇਸ ਨੂੰ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਕੁਝ ਮੀਟਰ ਦੀ ਦੂਰੀ ‘ਤੇ ਹੀ ਰੋਕ ਲਿਆ ਗਿਆ। ਇਸ ਦੀ ਚੈਕਿੰਗ ਦੌਰਾਨ ਇਸ ਕੋਲੋਂ ਇੱਕ ਇੰਡੀਅਨ ਆਰਡੀਨੈਂਸ ਫੈਕਟਰੀ ਦਾ ਬਣਿਆਂ .32 ਰਿਵਾਲਵਰ ਬਰਾਮਦ ਹੋਇਆ।
ਐਸ.ਐਸ.ਪੀ. ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਸ ਦੀ ਪਛਾਣ ਅਮਿਤ ਕੁਮਾਰ ਵਾਸੀ ਅੰਬਾਲਾ ਕੈਂਟ ਵਜੋਂ ਹੋਈ ਅਤੇ ਇਸ ਨੇ ਦੋ ਸਾਲ ਪਹਿਲਾਂ ਐਸ.ਬੀ.ਐਸ. ਕਲੋਨੀ ਰਾਜਪੁਰਾ ਤੋਂ 30 ਗ੍ਰਾਮ ਸੋਨਾ ਅਤੇ 18 ਹਜ਼ਾਰ ਦੀ ਨਗ਼ਦੀ ਚੋਰੀ ਕੀਤੀ ਸੀ ਅਤੇ ਇਹ ਉਦੋਂ ਤੋਂ ਹੀ ਅੰਬਾਲਾ ਰਹਿ ਰਿਹਾ ਸੀ। ਜਦੋਂਕਿ ਇਸ ਤੋਂ ਪਹਿਲਾਂ ਇਹ ਰਾਜਪੁਰਾ ਵਿਖੇ ਸੰਦੀਪ ਕੁਮਾਰ ਨਾਂ ਦੇ ਇੱਕ ਹੋਰ ਵਿਅਕਤੀ ਨਾਲ ਸਬਜੀ ਵੇਚਣ ਦਾ ਕੰਮ ਕਰਦਾ ਸੀ। ਇਸ ਨੇ ਚੋਰੀ ਕੀਤਾ ਸੋਨਾ ਸੁਨਿਆਰ ਰਮੇਸ਼ ਕੁਮਾਰ ਨੂੰ 12 ਹਜ਼ਾਰ ਵਿੱਚ ਵੇਚਿਆ ਸੀ ਅਤੇ ਇਸ ਨੇ ਇਹ ਸਾਰਾ ਪੈਸਾ ਖ਼ਰਚ ਦਿੱਤਾ ਸੀ।
ਸ. ਸਿੱਧੂ ਨੇ ਹੋਰ ਦੱਸਿਆ ਕਿ ਅੱਜ ਇਹ ਅਮਿਤ ਕੁਮਾਰ ਸਬਜ਼ੀ ਵੇਚਣ ਦਾ ਕੰਮ ਕਰਦੇ ਸੰਦੀਪ ਕੁਮਾਰ ਵਾਸੀ ਡਾਲਿਮਾ ਵਿਹਾਰ ਰਾਜਪੁਰਾ ਨੂੰ ਮਿਲਣ ਜਾ ਰਿਹਾ ਸੀ ਅਤੇ ਰਸਤੇ ਵਿੱਚ ਹੀ ਪੁਲਿਸ ਦੀ ਗ੍ਰਿਫ਼ਤ ‘ਚ ਆ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸੰਦੀਪ ਜਵੈਲਰ ਦੇ ਰਮੇਸ਼ ਚੰਦ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਅਗਲੇਰੀ ਪੜਤਾਲ ਐਸ.ਐਚ.ਓ. ਸਿਟੀ ਰਾਜਪੁਰਾ ਐਸ.ਆਈ. ਬਲਵਿੰਦਰ ਸਿੰਘ ਨੂੰ ਸੌਂਪੀ ਗਈ ਹੈ। ਸ. ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਬੀਤੇ ਦਿਨ ਵੀ ਨਾਕਾਬੰਦੀ ਦੌਰਾਨ ਨਸ਼ਿਆਂ ਦੇ ਮਾਮਲਿਆਂ ‘ਚ ਲੋੜੀਂਦੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ।