ਬਿੱਟੂ ਜਲਾਲਾਬਾਦੀ, ਫ਼ਤਿਹਗੜ੍ਹ ਸਾਹਿਬ, 4 ਸਤੰਬਰ 2023
ਰਾਸ਼ਟਰੀ ਮਾਨਸਿਕ ਸਿਹਤ ਪ੍ਰੋਗਰਾਮ ਤਹਿਤ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਅਤੇ ਇਸ ਨੂੰ ਬਿਮਾਰੀਆਂ ਤੋਂ ਬਚਾਅ ਦੀ ਜਾਗਰੂਕਤਾ ਲਈ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ,ਪੰਜਾਬ ਵਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਜਿਲ੍ਹਾ ਹਸਪਤਾਲ਼ ਦੇ ਨਸ਼ਾ ਛੜਾਓ ਕੇਂਦਰ ਵਿਖੇ ਸਵਾਸਥ ਮਨ, ਸਵੱਸਥ ਤਨ ਵਿਸ਼ੇ ਤੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਅੱਜ ਦੀ ਦੌੜ ਭੱਜ ਵਾਲੀ ਜ਼ਿੰਦਗੀ ਵਿੱਚ ਅਨਿਯਮਿਤ ਜੀਵਨ ਸ਼ੈਲੀ ਦੇ ਕਾਰਨ ਥਕਾਨ ਹੋਣਾ ਆਮ ਜਿਹੀ ਗੱਲ ਹੈ।ਮਾਨਸਿਕ ਥਕਾਨ ਸਾਨੂੰ ਮਾਨਸਿਕ ਤੌਰ ਤੇ ਬਿਮਾਰ ਕਰ ਸਕਦੀ ਹੈ।ਜਿਸ ਵੱਲ ਸਾਡਾ ਧਿਆਨ ਨਹੀਂ ਜਾਂਦਾ।ਕਈ ਵਾਰੀ ਪੜ੍ਹਾਈ ਜਾਂ ਕੰਮ ਦੇ ਬੋਝ, ਰਿਸ਼ਤਿਆਂ ਵਿੱਚ ਦਰਾੜ ,ਕੈਰੀਅਰ ਨੂੰ ਲੈ ਕੇ ਚਿੰਤਾ ਸਾਨੂੰ ਤਣਾਅ ਦਿੰਦੀ ਹੈ ਪਰ ਜੇਕਰ ਇਹ ਤਣਾਅ ਲੰਬੇ ਸਮੇਂ ਤੱਕ ਰਹੇ ਤਾਂ ਇਹ ਡਿਪਰੈਸ਼ਨ ਵਿੱਚ ਤਬਦੀਲ ਹੋ ਜਾਂਦੀ ਹੈ।ਕਈ ਵਾਰੀ ਡਿਪ੍ਰੈਸ਼ਨ ਜ਼ਿਆਦਾ ਹੋਣ ਨਾਲ ਵਿਅਕਤੀ ਦੇ ਮਨ ਵਿੱਚ ਆਤਮ ਹੱਤਿਆ ਤੱਕ ਦੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ ਇਸ ਲਈ ਮਾਨਸਿਕ ਸਿਹਤ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ।ਉਹਨਾਂ ਕਿਹਾ ਸਿਹਤ ਦਾ ਮਤਲਬ ਮਨੁੱਖ ਦਾ ਕੇਵਲ ਸ਼ਰੀਰਿਕ ਤੋਰ ਤੇਂ ਹੀ ਸਿਹਤਮੰਦ ਹੋਣਾ ਨਹੀਂ ਬਲਕਿ ਮਾਨਸਿਕ ਤੌਰ ਤੇ ਵੀ ਸਿਹਤਮੰਦ ਹੋਣਾ ਜਰੂਰੀ ਹੈ।
ਉਹਨਾਂ ਕਿਹਾ ਕਿ ਮਾਨਸਿਕ ਰੋਗ ਕਿਸੇ ਵੀ ਉਮਰ ਵਿਚ ਹੋ ਸਕਦਾ ਹੈ ਪਰ ਨੋਜਵਾਨਾਂ ਨੁੰ ਇਹ ਰੋਗ ਹੋਣ ਦੀ ਜਿਆਦਾ ਸੰਭਾਵਨਾ ਹੁੰਦੀ ਹੈ। ਮਾਨਸਿਕ ਰੋਗਾਂ ਦੇ ਮਾਹਿਰ ਡਾ ਸਨਪ੍ਰੀਤ ਕੌਰ ਨੇ ਕਿਹਾ ਕਿ ਬੇਚੈਨੀ, ਨੀਂਦ ਘੱਟ ਜਾਂ ਵੱਧ ਆਉਣਾ, ਸਿਰ ਦਰਦ ਰਹਿਣਾ, ਕੰਨਾਂ ਵਿਚ ਅਵਾਜਾਂ ਪੈਣੀਆਂ, ਦੰਦਲ ਪੈਣਾ, ਯਾਦ ਸ਼ਕਤੀ ਘੱਟਣਾ, ਵਾਰ ਵਾਰ ਹੱਥ ਧੋਣਾ, ਚੀਜ਼ਾਂ ਦੀ ਵਰਤੋਂ ਸਮੇਂ ਵਹਿਮ ਭਰਮ ਰੱਖਣਾ, ਗੁੱਸੇ ਦਾ ਵੱਧਣਾ, ਚਿੜਚੜਾਪਣ, ਗੱਲਾਂ ਭੁੱਲਣੀਆਂ, ਖੁਦਕੁਸ਼ੀ ਦੀ ਕੋਸ਼ਿਸ਼ ਜਾਂ ਧਮਕੀ ਦੇਣਾ ਆਦਿ ਮਾਨਸਿਕ ਰੋਗ ਦੀਆਂ ਨਿਸ਼ਾਨੀਆਂ ਹਨ ਅਤੇ ਜੇਕਰ ਅਜਿਹੇ ਮਰੀਜ਼ ਸਮੇਂ ਸਿਰ ਆਪਣਾ ਇਲਾਜ਼ ਕਰਵਾ ਲੈਣ ਤਾਂ ਜਲਦੀ ਠੀਕ ਹੋ ਕੇ ਉਹ ਇੱਕ ਆਮ ਵਿਅਕਤੀ ਵਾਂਗ ਸਿਹਤਮੰਦ ਜਿੰਦਗੀ ਬਤੀਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਲਈ ਯੋਗਾ, ਕਸਰਤ, ਪਰਾਨਾਯਾਮ ਜਾਂ ਮੈਡੀਟੇਸ਼ਨ ਕੀਤੀ ਜਾ ਸਕਦੀ ਹੈ। ਕਿਸੇ ਵੀ ਕਿਸਮ ਦੀ ਕਿਤਾਬ, ਰਸਾਲੇ, ਮੈਗਜ਼ੀਨ ਚਾਹੇ ਉਹ ਡਿਫੈਂਸ, ਖੇਡਾਂ ਜਾਂ ਧਾਰਮਿਕ ਨਾਲ ਸੰਬੰਧਤ ਹੋਣ ਪੜ੍ਹੇ ਜਾ ਸਕਦੇ ਹਨ।ਇਸ ਮੌਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਸਰਿਤਾ, ਜਿਲ੍ਹਾ ਮਾਸ ਮੀਡੀਆ ਅਫ਼ਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ, ਜਿਲ੍ਹਾ ਬੀ ਸੀ ਸੀ ਅਮਰਜੀਤ ਸਿੰਘ, ਬੀ ਈ ਈ ਮਹਾਵੀਰ ਸਿੰਘ, ਸਮੂਹ ਸਟਾਫ਼ ਤੇ ਹੋਰ ਮੌਜੂਦ ਸਨ।