ਰਿਚਾ ਨਾਗਪਾਲ, ਪਟਿਆਲਾ, 4 ਸਤੰਬਰ 2030
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਪੁਤਲੀਆਂ ਖਰਾਬ ਹੋਣ ਕਰਕੇ ਆਪਣੀ ਨਜ਼ਰ ਗਵਾਉਣ ਵਾਲੇ ਵਿਅਕਤੀਆਂ ਨੂੰ ‘ਦ੍ਰਿਸ਼ਟੀ ਦਾ ਤੋਹਫਾ’ ਦੇਣ ਲਈ ਅੱਖਾਂ ਦਾਨ ਦਾ ਪ੍ਰਣ ਕਰਨ ਲਈ ਅੱਗੇ ਆਉਣ।
38ਵੇਂ ਨੇਤਰ ਦਾਨ ਪੰਦਰਵਾੜੇ ਦੇ ਇੱਥੇ ਸਰਕਾਰੀ ਡੈਂਟਲ ਕਾਲਜ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਮੌਕੇ ਡਾ. ਬਲਬੀਰ ਸਿੰਘ, ਨੇ ਕੇਰਟੋਪਲਾਸਟੀ ਸਰਜਰੀ ਨਾਲ ਅੱਖਾਂ ਦੀਆਂ ਪੁਤਲੀਆਂ ਟਰਾਂਸਪਲਾਂਟ ਕਰਕੇ ਨਜ਼ਰ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨੂੰ ਮਿਲਦਿਆਂ ਕਿਹਾ ਕਿ ਕੋਰਨੀਆ ਖ਼ਰਾਬ ਹੋਣ ਕਰਕੇ ਹੋਣ ਵਾਲਾ ਅੰਨ੍ਹਾਂਪਣ (ਕੋਰਨੀਅਲ ਬਲਾਈਂਡਨੈਸ) ਇੱਕ ਇਲਾਜਯੋਗ ਰੋਗ ਹੈ, ਇਸ ਲਈ ਕਿਸੇ ਨੂੰ ਵੀ ਪੁਤਲੀਆਂ ਖਰਾਬ ਹੋਣ ਕਰਕੇ ਅੰਨ੍ਹਾਂ ਨਹੀਂ ਹੋਣ ਦਿੱਤਾ ਜਾ ਸਕਦਾ।
ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਨੇ ਹਰੇਕ ਮੈਡੀਕਲ ਵਿਦਿਆਰਥੀ ਨੂੰ ਅੱਖਾਂ ਦੀ ਸੱਟ ਦਾ ਮੁਢਲਾ ਇਲਾਜ ਕਰਨ ਤੇ ਅੱਖਾਂ ਦੇ ਹਰ ਡਾਕਟਰਾਂ ਨੂੰ ਪੁਤਲੀਆਂ ਬਦਲਣ ਦੀ ਸਰਜਰੀ ਲਈ ਸਿੱਖਿਅਤ ਕਰਨ ‘ਤੇ ਜ਼ੋਰ ਦਿੰਦਿਆਂ ਦੱਸਿਆ ਕਿ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਮੈਡੀਕਲ ਕਾਲਜਾਂ ਨੂੰ ਏਮਜ ਦੀ ਤਰਜ ‘ਤੇ ਵਿਕਸਤ ਕਰ ਰਹੀ ਹੈ।
ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਆਦਰਸ਼ਪਾਲ ਕੌਰ, ਸਟੇਟ ਪ੍ਰੋਗਰਾਮ ਅਫ਼ਸਰ (ਐਨ.ਪੀ.ਸੀ.ਬੀ.ਐਂਡ.ਵੀ.ਆਈ) ਡਾ. ਨੀਤੀ ਸਿੰਗਲਾ, ਮੈਡੀਕਲ ਕਾਲਜਾਂ ਦੇ ਅੱਖਾਂ ਦੇ ਵਿਭਾਗਾਂ ਦੇ ਮੁਖੀ ਡਾ. ਕਰਮਜੀਤ ਸਿੰਘ ਤੇ ਡਾ. ਅਨੰਦ ਅਗਰਵਾਲ ਨੇ ਵੀ ਸੰਬੋਧਨ ਕੀਤਾ।
ਸਮਾਗਮ ਮੌਕੇ ਡਾ. ਬਲਬੀਰ ਸਿੰਘ ਨੇ ਆਮ ਆਦਮੀ ਕਲੀਨਿਕਾਂ ਨੂੰ ਪੇਪਰ ਲੈਸ ਕਰਨ ਲਈ ਇਲਾਜ ਕਰਵਾਉਣ ਆਉਂਦੇ ਮਰੀਜਾਂ ਦੀ ਸਹੂਲਤ ਲਈ ਐਸ.ਐਮ.ਐਸ. ਸੇਵਾ ਦੀ ਸ਼ੁਰੂਆਤ ਕਰਵਾਈ। ਸਿਹਤ ਮੰਤਰੀ ਨੇ ਰਾਜ ਵਿੱਚ ਪੁਤਲੀਆਂ ਬਦਲਣ ਅਤੇ ਚਿੱਟਾ ਮੋਤੀਆ ਦੇ ਸਫ਼ਲ ਆਪਰੇਸ਼ਨ ਕਰਕੇ ਸ਼ਲਾਘਾਯੋਗ ਕੰਮ ਕਰਨ ਵਾਲੇ ਡਾਕਟਰਾਂ ਦਾ ਸਨਮਾਨ ਵੀ ਕੀਤਾ।
ਇਸ ਤੋਂ ਪਹਿਲਾਂ ਫੋਕਲ ਪੁਆਇੰਟ ਇੰਡਸਟ੍ਰੀਜ ਐਸੋਸੀਏਸ਼ਨ ਵੱਲੋਂ ਜੀ.ਐਸ.ਏ ਇੰਡਸਟ੍ਰੀਜ ਦੌਲਤਪੁਰ ਵਿਖੇ ਕਰਵਾਏ ਸਨਅਤਕਾਰਾਂ ਨਾਲ ਮਿਲਣੀ ਪ੍ਰੋਗਰਾਮ ਮੌਕੇ ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਕਿ ਫੋਕਲ ਪੁਆਇੰਟ ਪਟਿਆਲਾ ਵਿਖੇ ਇੰਡਸਟਰੀ ਵਰਕਰਾਂ ਲਈ 50 ਬਿਸਤਰਿਆਂ ਦਾ ਈ.ਐਸ.ਆਈ. ਹਸਪਤਾਲ ਖੋਲ੍ਹਿਆ ਜਾਵੇਗਾ।
ਸਿਹਤ ਮੰਤਰੀ ਨੇ ਫੋਕਲ ਪੁਆਇੰਟ ਤੇ ਦੌਲਤਪੁਰ ਨੇੜੇ ਨਦੀ ਦਾ ਪੁਲ, ਨਵੀਂ ਸੜਕ ਦੀ ਉਸਾਰੀ ਤੇ ਬਿਜਲੀ ਦੀ ਸਮੱਸਿਆ ਦੇ ਹੱਲ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਨਅਤਕਾਰ ਦੇਸ਼ ਦੇ ਉਸਰੱਈਏ ਹਨ, ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਇਨ੍ਹਾਂ ਨੂੰ ਦਰਪੇਸ਼ ਹਰ ਮੁਸ਼ਕਿਲ ਦਾ ਹੱਲ ਕਰੇਗੀ। ਇਸ ਮੌਕੇ ਜੀ.ਐਸ.ਏ. ਇੰਡਸਟਰੀ ਨੇ 5 ਲੱਖ 51 ਹਜ਼ਾਰ ਰੁਪਏ ਤੇ ਰਾਕੇਸ਼ ਗੁਪਤਾ ਨੇ ਰੋਗੀ ਕਲਿਆਣ ਸੰਮਤੀ ਮਾਤਾ ਕੌਸ਼ੱਲਿਆ ਹਸਪਤਾਲ ਲਈ 51 ਹਜਾਰ ਰੁਪਏ ਦਾ ਚੈਕ ਵੀ ਸਿਹਤ ਮੰਤਰੀ ਨੂੰ ਸੌਂਪਿਆ।
ਇਸ ਮੌਕੇ ਐਸ.ਐਸ.ਪੀ. ਵਰੁਣ ਸ਼ਰਮਾ, ਕਰਨਲ ਜੇਵਿੰਦਰ ਸਿੰਘ, ਏ.ਡੀ.ਸੀ ਅਨੁਪ੍ਰਿਤਾ ਜੌਹਲ, ਸਰਕਾਰੀ ਮੈਡੀਕਲ ਕਾਲਜਾਂ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਤੇ ਡਾ. ਰਾਜੀਵ ਦੇਵਗਨ, ਏਮਜ ਮੋਹਾਲੀ ਦੇ ਪ੍ਰਿੰਸੀਪਲ ਡਾ. ਭਵਨੀਤ ਕੌਰ, ਪ੍ਰਿੰਸੀਪਲ ਡੈਂਟਲ ਕਾਲਜ ਡਾ. ਮਾਨ, ਸਹਾਇਕ ਡਾਇਰੈਕਟਰ ਡਾ. ਜਤਿੰਦਰ ਕਾਂਸਲ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਮੈਡੀਕਲ ਸੁਪਰਡੈਂਟ ਰਾਜਿੰਦਰਾ ਹਸਪਤਾਲ ਡਾ. ਐਚ.ਐਸ.ਰੇਖੀ, ਡਾ. ਜਗਪਾਲਇੰਦਰ ਸਿੰਘ, ਸਮੇਤ ਮੈਡੀਕਲ ਕਾਲਜਾਂ ਦੇ ਵਿਦਿਆਰਥੀ ਵੀ ਮੌਜੂਦ ਸਨ।