ਬਿੱਟੂ ਜਲਾਲਾਬਾਦੀ, ਫਾਜਿ਼ਲਕਾ, 3 ਸਤੰਬਰ 2023
ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਗੁਰਮੀਤ ਸਿੰਘ ਖੂੱਡੀਆਂ ਨੇ ਅੱਜ ਫਾਜਿ਼ਲਕਾ ਜਿ਼ਲ੍ਹੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਵੱਖ ਵੱਖ ਥਾਂਵਾਂ ਤੇ ਜਾ ਕੇ ਨਰਮੇ ਦੀ ਫਸਲ ਦਾ ਜਾਇਜ਼ਾ ਲਿਆ ਅਤੇ ਨਾਲ ਹੀ ਉਨ੍ਹਾਂ ਨੇ ਸਰਹੱਦੀ ਪਿੰਡਾਂ ਦੇ ਹੜ੍ਹ ਪੀੜਤ ਕਿਸਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸਕਿਲਾਂ ਵੀ ਸੁਣੀਆਂ।
ਖੇਤੀਬਾੜੀ ਮੰਤਰੀ ਸ: ਗੁਰਮੀਤ ਸਿੰਘ ਖੂੱਡੀਆਂ ਨੇ ਪਿੰਡ ਮਾਹੂਆਣਾ ਬੋਦਲਾ ਅਤੇ ਕਮਾਲ ਵਾਲਾ ਵਿਚ ਨਰਮੇ ਦੇ ਖੇਤਾਂ ਵਿਚਕਾਰ ਜਾ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਫਸਲ ਦੀ ਤਾਜਾ ਸਥਿਤੀ ਦਾ ਜਾਇਜਾ ਲਿਆ। ਉਨ੍ਹਾਂ ਨੇ ਕਿਸਾਨਾਂ ਅਤੇ ਆਪਣੇ ਵਿਭਾਗ ਦੇ ਅਧਿਕਾਰੀਆਂ ਤੋਂ ਨਰਮੇ ਦੀ ਤਾਜਾ ਸਥਿਤੀ, ਗੁਲਾਬੀ ਸੁੰਡੀ ਦੇ ਹਮਲੇ ਦੀ ਜਾਣਕਾਰੀ ਲਈ।
ਇਸ ਮੌਕੇ ਕਿਸਾਨਾਂ ਨੇ ਇਸ ਵਾਰ ਪਾਣੀ ਦੀ ਕੋਈ ਘਾਟ ਨਾ ਆਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮਹਿਕਮੇ ਨੇ ਉਨ੍ਹਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਚੰਗੇ ਉਪਰਾਲੇ ਕੀਤੇ ਹਨ। ਕੈਬਨਿਟ ਮੰਤਰੀ ਨੇ ਇਸ ਮੌਕੇ ਕਿਸਾਨਾਂ ਨੂੰ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਕੈਬਨਿਟ ਮੰਤਰੀ ਨੇ ਇਸ ਮੌਕੇ ਕਿਸਾਨਾਂ ਤੋਂ ਉਨ੍ਹਾਂ ਦੇ ਵਿਚਾਰ ਲਏ ਕਿ ਪੰਜਾਬ ਵਿਚ ਨਰਮੇ ਦੀ ਫਸਲ ਨੂੰ ਕਿਸ ਤਰਾਂ ਹੋਰ ਹੁਲਾਰਾ ਦਿੱਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਰਮੇ ਦੀ ਫਸਲ ਨੂੰ ਪ੍ਰਫੁਲਿਤ ਕਰਨ ਲਈ ਦ੍ਰਿੜ ਸੰਕਲਪਿਤ ਹੈ। ਉਨ੍ਹਾਂ ਨੇ ਕਿਹਾ ਕਿ ਯਕੀਨੀ ਬਣਾਇਆ ਜਾਵੇਗਾ ਕਿ ਕਿਸਾਨਾਂ ਨੂੰ ਮਿਆਰੀ ਬੀਜ, ਖਾਦਾਂ ਅਤੇ ਕੀਟਨਾਸ਼ਕ ਮਿਲਣ। ਉਨ੍ਹਾਂ ਨੇ ਇਸ ਮੌਕੋ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੁਆਲਟੀ ਕੰਟਰੋਲ ਪ੍ਰਤੀ ਕੋਈ ਢਿੱਲ ਨਾ ਵਰਤੀ ਜਾਵੇ।
ਸ: ਖੂੱਡੀਆਂ ਨੇ ਇਸ ਮੌਕੇ ਦੁਹਰਾਇਆ ਕਿ ਪੰਜਾਬ ਸਰਕਾਰ ਨੇ ਇਸ ਸਾਲ ਨਰਮੇ ਦੀ ਬਿਜਾਈ ਲਈ ਦਿੱਤੇ ਨਹਿਰੀ ਪਾਣੀ ਸਦਕਾ ਨਰਮੇ ਦੀ ਫਸਲ ਦਾ ਚੰਗਾ ਵਾਧਾ ਹੋਇਆ ਹੈ।ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਫਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਨਰਮੇ ਦੀ ਖੇਤੀ ਨੂੰ ਹੋਰ ਉਤਸਾਹਿਤ ਕਰੇਗੀ। ਬਾਅਦ ਵਿਚ ਉਨ੍ਹਾਂ ਨੇ ਪਿੰਡ ਗਾਗਨਕੇ ਦੇ ਕਮਿਊਨਿਟੀ ਹਾਲ ਦਾ ਉਦਘਾਟਨ ਕਰਕੇ ਇੱਥੇ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ। ਜਿਸ ਉਪਰੰਤ ਉਨ੍ਹਾਂ ਨੇ ਕਾਂਵਾਂ ਵਾਲੀ ਪੱਤਨ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਹਰ ਸੰਭਵ ਮਦਦ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਔਖੇ ਸਮੇਂ ਵਿਚ ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਅਤੇ ਗਿਰਦਾਵਰੀ ਕਰਵਾਕੇ ਨਾਲੋ ਨਾਲ ਮੁਆਵਜਾ ਦਿੱਤਾ ਜਾ ਰਿਹਾ ਹੈ।ਇਸ ਲਈ ਲੋੜੀਂਦੇ ਫੰਡ ਪਹਿਲਾਂ ਹੀ ਜਿ਼ਲ੍ਹੇ ਵਿਚ ਭੇਜ਼ੇ ਜਾ ਚੁੱਕੇ ਹਨ।
ਇਸ ਮੌਕੇ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਵੀ ਸੰਬੋਧਨ ਕੀਤਾ ਅਤੇ ਸਰਕਾਰ ਵੱਲੋਂ ਹੜ੍ਹ ਦੌਰਾਨ ਲੋਕਾਂ ਦੀ ਕੀਤੀ ਗਈ ਮਦਦ ਦੇ ਬਾਰੇ ਵਿਚ ਜਾਣਕਾਰੀ ਦੇਣ ਦੇ ਨਾਲ ਨਾਲ ਕੈਬਨਿਟ ਮੰਤਰੀ ਅੱਗੇ ਆਪਣੇ ਇਲਾਕੇ ਦੇ ਕਿਸਾਨਾਂ ਦੀਆਂ ਮੰਗਾਂ ਵੀ ਰੱਖੀਆਂ।
ਇਸ ਮੌਕੇ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਇਸਤੋਂ ਪਹਿਲਾਂ ਕੈਬਨਿਟ ਮੰਤਰੀ ਦਾ ਇੱਥੇ ਪੁੱਜਣ ਤੇ ਸਵਾਗਤ ਕੀਤਾ। ਇਸ ਮੌਕੇ ਐਸਡੀਐਮ ਸ੍ਰੀ ਨਿਕਾਸ ਖੀਂਚੜ, ਸਮਾਜ ਸੇਵੀ ਸ੍ਰੀ ਕਰਨ ਗਿਲਹੋਤਰਾ, ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਗੁਰਮੀਤ ਸਿੰਘ ਚੀਮਾ, ਸ੍ਰੀ ਮਨਜੋਤ ਸਿੰਘ ਖੇੜਾ, ਸ੍ਰੀ ਦੇਵ ਰਾਜ ਸ਼ਰਮਾ, ਅਤੇ ਹੋਰ ਆਗੂ ਵੀ ਹਾਜਰ ਸਨ।