ਅਸ਼ੋਕ ਵਰਮਾ , ਬਠਿੰਡਾ, 3 ਸਤੰਬਰ 2023
ਮਾਲਵਾ ਪੱਟੀ ‘ਚ ਲੱਗਿਆ ਨਸ਼ਿਆਂ ਦਾ ਗ੍ਰਹਿਣ ਪੁਰਸ਼ਾਂ ਤੋਂ ਹੁੰਦਾ ਹੋਇਆ ਚੁੱਲ੍ਹੇ ਚੌਂਕਿਆਂ ਤੱਕ ਮਾਰ ਕਰਨ ਤੋ ਬਾਅਦ ਹੁਣ ਅੱਲੜ੍ਹ ਉਮਰ ਦੇ ਮੁੰਡੇ ਕੁੜੀਆਂ ਨੂੰ ਲਪੇਟੇ ‘ਚ ਲੈਣ ਲੱਗਿਆ ਹੈ। ਤਾਜ਼ਾ ਮਾਮਲਾ ਨਿਵੇਕਲੀ ਕਿਸਮ ਦੇ ਤੰਬਾਕੂ ਦੀਆਂ ਪੁੜੀਆਂ ਨਾਲ ਜੁੜਿਆ ਹੋਇਆ ਹੈ ਜਿਸ ਦਾ ਵਪਾਰਕ ਨਾਮ ‘ ਕੂਲ ਲਿੱਪ’ ਜਦੋਂ ਕਿ ਦੁਕਾਨਦਾਰ ਇਸ ਨੂੰ ਫਿਲਟਰ ਵਾਲਾ ਜਰਦਾ ਦੱਸਦੇ ਹਨ। ਕਿਸ ਪੁੜੀ ਵਿੱਚੋਂ ਨਿੱਕਲਦੇ ਸਮਾਨ ਨੂੰ ਬੁੱਲਾਂ ਹੇਠ ਰੱਖ ਲਿਆ ਜਾਂਦਾ ਹੈ ਜੋਕਿ ਹੌਲੀ-ਹੌਲੀ ਵੱਖਰੀ ਤਰ੍ਹਾਂ ਦਾ ਸਰੂਰ ਦੇਣ ਲੱਗਦਾ ਹੈ। ਵੱਡੀ ਗੱਲ ਇਹ ਵੀ ਹੈ ਕਿ ਰਵਾਇਤੀ ਜਰਦੇ ਦੀ ਤਰ੍ਹਾਂ ਇਸ ਦੀ ਵਰਤੋਂ ਕਰਨ ਵਾਲਿਆਂ ਦਾ ਪਤਾ ਵੀ ਨਹੀਂ ਲੱਗਦਾ ਹੈ ਜੋ ਕਿ ਇਨ੍ਹਾਂ ਪੁੜੀਆਂ ਦੀ ਮਕਬੂਲੀਅਤ ਦਾ ਵੱਡਾ ਕਾਰਨ ਹੈ।
ਇਸ ਮਾਮਲੇ ਦੀ ਪੜਤਾਲ ਕਰਨ ਉਪਰੰਤ ਜੋ ਤੱਥ ਸਾਹਮਣੇ ਆਏ ਹਨ ਉਹ ਮਨੁੱਖਤਾ ਅਤੇ ਸਮਾਜ ਨੂੰ ਹਲੂਣ ਦੇਣ ਵਾਲੇ ਹਨ। ਤੱਥਾਂ ਮੁਤਾਬਕ ਇਸ ਪੁੜੀ ਦੇ ਦੀਵਾਨੇ ਕੇਵਲ ਨੌਜਵਾਨ ਮੁੰਡੇ ਹੀ ਨਹੀਂ ਬਲਕਿ ਸਕੂਲਾਂ ਕਾਲਜਾਂ ਵਿੱਚ ਪੜ੍ਹਦੀਆਂ ਕੁੜੀਆਂ ਵੀ ਹਨ। ਖਾਸ ਤੌਰ ਤੇ ਬਠਿੰਡਾ ਸ਼ਹਿਰ, ਜਿਲ੍ਹੇ ਦੀਆਂ ਮੰਡੀਆਂ ਅਤੇ ਕਈ ਪਿੰਡ ਇਸ ਨਵੀਂ ਲਾਅਨਤ ਤੋਂ ਪ੍ਰਭਾਵਤ ਹਨ। ਬਠਿੰਡਾ ਦੇ ਬੱਸ ਅੱਡੇ ਦੇ ਨਜ਼ਦੀਕ ਕਈ ਦੁਕਾਨਾਂ ਦੇ ਮਾਲਕਾਂ ਨੇ ਦੱਸਿਆ ਕਿ ਹੁਣ ਤਾਂ ਅਕਸਰ ਉਨ੍ਹਾਂ ਦਾ ਦਿਨ ਕੂਲ ਲਿੱਪੀ ਦੀਆਂ ਪੁੜੀਆਂ ਦੀ ਵਿੱਕਰੀ ਨਾਲ ਸ਼ੁਰੂ ਹੁੰਦਾ ਹੈ।ਇੱਕ ਦੁਕਾਨਦਾਰ ਨੇ ਦੱਸਿਆ ਕਿ ਮੁੰਡੇ ਤਾਂ ਇਸ ਪੁੜੀ ਨੂੰ ਬੇਖ਼ੌਫ਼ ਹੋ ਕੇ ਖਰੀਦਦੇ ਹਨ ਪਰ ਕੁੜੀਆਂ ਚੋਰੀ ਛੁਪੇ ਲਿਜਾਂਦੀਆਂ ਹਨ।
ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਦੁਕਾਨਦਾਰ ਕੋਈ ਹੋਰ ਸੌਦਾ ਬੇਸ਼ੱਕ ਭੁੱਲ ਜਾਵੇ ਪਰ ਇਹ ਪੁੜੀਆਂ ਦੁਕਾਨ ਤੇ ਲਿਆਉਣੀਆਂ ਯਾਦ ਰੱਖਦਾ ਹੈ ਜਿਸ ਬਾਰੇ ਕਈ ਦੁਕਾਨਦਾਰਾਂ ਨੇ ਪੁਸ਼ਟੀ ਕੀਤੀ ਹੈ।ਨਿਵੇਕਲੀ ਕਿਸਮ ਦਾ ਸਰੂਰ ਦੇਣ ਵਾਲੀ ਇਹ ਪੁੜੀਆਂ ਕਰਿਆਨੇ ਅਤੇ ਤੰਬਾਕੂ ਪਦਾਰਥ ਵੇਚਣ ਵਾਲੀਆਂ ਦੁਕਾਨਾਂ ਤਾਂ ਇੱਕ ਪਾਸੇ ਮਾਲਵੇ ਵਿੱਚ ਹੱਟੀ ਭੱਠੀ ਤੇ ਵਿਕ ਰਹੀਆਂ ਹਨ। ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਕੁੱਝ ਮਹੀਨਿਆਂ ਦੌਰਾਨ ਇਸ ਪੁੜੀ ਦੀ ਵਿੱਕਰੀ ਵਿੱਚ ਭਾਰੀ ਵਾਧਾ ਹੋਇਆ ਹੈ। ਇੱਕ ਦੁਕਾਨਦਾਰ ਨੇ ਦੱਸਿਆ ਕਿ ਉਹ ਸਵੇਰੇ ਬੋਹਣੀ ਹੀ ਕੂਲ ਲਿੱਪ ਨਾਲ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਪੁੜੀ ਕਾਰਨ ਕਲੀ ਵਾਲੇ ਜਰਦੇ ਦੀ ਵਿੱਕਰੀ ਘਟੀ ਹੈ।
ਵਿਸ਼ੇਸ਼ ਗੱਲ ਇਹ ਵੀ ਹੈ ਕਿ ਇਨ੍ਹਾਂ ਪੂੜੀਆਂ ਉੱਤੇ ‘ਤੰਬਾਕੂ ਨਾਲ ਦੁੱਖਦਾਈ ਮੌਤ ਹੋ ਸਕਦੀ ਹੈ’ ਸਬੰਧੀ ਬਕਾਇਦਾ ਸੰਵਿਧਾਨਿਕ ਚੇਤਾਵਨੀ ਵੀ ਲਿਖੀ ਹੋਈ ਹੈ। ਇਸ ਦੇ ਨਾਲ ਹੀ ਇਨ੍ਹਾਂ ਪੁੜੀਆਂ ਨੂੰ ਛੱਡਣ ਲਈ ਇੱਕ ਟੋਲ ਫ੍ਰੀ ਨੰਬਰ ਵੀ ਦਿੱਤਾ ਗਿਆ ਹੈ। ਇਸ ਤੋਂ ਜ਼ਾਹਿਰ ਹੈ ਕਿ ਕੂਲ ਲਿੱਪ ਨਾਮ ਦਾ ਇਹ ਜਰਦਾ ਤਿਆਰ ਕਰਨ ਵਾਲੀਆਂ ਕੰਪਨੀਆਂ ਨੇ ਤਾਂ ਆਪਣਾ ਕਾਨੂੰਨੀ ਪੱਖ ਮਜਬੂਤ ਕਰ ਲਿਆ ਹੈ ਪਰ ਇਸ ਤੋਂ ਅਣਜਾਣ ਲੋਕ ਹੌਲੀ-ਹੌਲੀ ਆਪਣੀ ਜ਼ਿੰਦਗੀ ਲਈ ਇੱਕ ਨਵੀਂ ਕਿਸਮ ਦਾ ਖਤਰਾ ਸਹੇੜਨ ਤੋਂ ਰਤਾ ਵੀ ਡਰ ਨਹੀਂ ਰਹੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜਰਦੇ ਨਾਲ ਮੂੰਹ ਦਾ ਕੈਂਸਰ ਬਣਨ ਦਾ ਖਤਰਾ ਹੁੰਦਾ ਹੈ ਅਤੇ ਸਰੀਰ ਦੇ ਹੋਰ ਵੱਖ-ਵੱਖ ਭਾਗ ਭਿਆਨਕ ਬਿਮਾਰੀਆਂ ਦੀ ਲਪੇਟ ਵਿੱਚ ਆ ਸਕਦੇ ਹਨ|
ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਮੁਟਿਆਰ ਲੜਕੀ ਵੱਲੋਂ ਇਸ ਪੁੜੀ ਦੀ ਆਦੀ ਹੋਣ ਬਾਰੇ ਪਤਾ ਲੱਗਣ ਤੇ ਪਰਿਵਾਰ ਨੇ ਸਮਾਜ ਵਿੱਚ ਬਦਨਾਮੀ ਹੋਣ ਦੇ ਡਰੋਂ ਇਸ ਜਰਦੇ ਦਾ ਨਸ਼ਾ ਛੁਡਾਉਣ ਲਈ ਇੱਕ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਦੀ ਸ਼ਰਨ ਵੀ ਲਈ ਹੈ। ਬਠਿੰਡਾ ਜਿਲ੍ਹੇ ਦੇ ਇੱਕ ਪਿੰਡ ਦੀ ਲੜਕੀ ਦਸ-ਦਸ ਪੁੜੀਆਂ ਵਾਲੇ ਦੋ ਪੱਤੇ ਵਰਤਦੀ ਸੀ । ਪਤਾ ਲੱਗਣ ਤੇ ਪ੍ਰੀਵਾਰ ਉਸ ਦਾ ਪਹਿਲਾਂ ਬਠਿੰਡਾ ਤੋਂ ਇਲਾਜ ਕਰਵਾਉਣਾ ਚਾਹੁੰਦਾ ਸੀ ਸੀ ਪਰ ਮਗਰੋਂ ਭੇਦ ਖੁੱਲ੍ਹ ਜਾਣ ਤੋਂ ਡਰਦਿਆਂ ਲੁਧਿਆਣਾ ਦੇ ਇੱਕ ਹਸਪਤਾਲ ’ਚ ਇਹ ਨਸ਼ਾ ਛੱਡਣ ਦਾ ਯਤਨ ਕਰ ਰਹੀ ਹੈ। ਪਤਾ ਲੱਗਿਆ ਹੈ ਕਿ ਇਸ ਲੜਕੀ ਨੂੰ ਕਿਸੇ ਨੇ ਇਹ ਪੁੜੀ ਦਿੱਤੀ ਸੀ ਜੋ ਹੌਲੀ ਹੌਲੀ ਉਸਦੀ ਆਦਤ ਬਣ ਗਈ ਗੰਭੀਰ ਸਿੱਟੇ ਸਾਹਮਣੇ ਆਉਣ ਲੱਗੇ । ਇਹ ਕੁੱਝ ਮਿਸਾਲਾਂ ਹਨ ਅਤੇ ਹੌਲੀ-ਹੌਲੀ ਇਨ੍ਹਾਂ ਪੁੜੀਆਂ ਦੀ ਵਰਤੋਂ ਕਰਨ ਵਾਲਿਆਂ ਦਾ ਅੰਕੜਾ ਵੱਧਦਾ ਹੀ ਜਾ ਰਿਹਾ ਹੈ।
ਚਿੰਤਾਜਨਕ ਵਰਤਾਰਾ: ਕੋਟਫੱਤਾ ਸੇਵਾ ਮੁਕਤ ਜਿਲ੍ਹਾ ਸਿੱਖਿਆ ਅਫਸਰ ਡਾਕਟਰ ਅਮਰਜੀਤ ਕੌਰ ਕੋਟਫੱਤਾ ਕਹਿਣਾ ਸੀ ਕਿ ਇਹ ਡੁੱਬ ਮਰਨ ਵਾਲੀ ਗੱਲ ਹੈ ਕਿ ਕੁੜੀਆਂ ਨਸ਼ਾ ਕਰਨ ਦੇ ਰਾਹ ਤੁਰ ਪਈਆਂ ਹਨ।ਉਨ੍ਹਾਂ ਨਸ਼ਿਆਂ ਦੇ ਹੋ ਰਹੇ ਪਸਾਰੇ ਨੂੰ ਦੇਖਦਿਆਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਸ ਦੁੱਖਦਾਈ ਰਸਤੇ ਤੇ ਚੱਲਣ ਦੀ ਥਾਂ ਰੋਲ ਮਾਡਲ ਬਣਕੇ ਦਿਖਾਉਣ ਦੀ ਅਪੀਲ ਵੀ ਕੀਤੀ ।ਉਨ੍ਹਾਂ ਕਿਹਾ ਕਿ ਘਰਾਂ ’ਚ ਜਦੋਂ ਪੁਰਸ਼ ਨਸ਼ਾ ਕਰਦੇ ਹਨ ਤਾਂ ਉਸਦਾ ਅਸਰ ਔਰਤਾਂ ਅਤੇ ਬੱਚਿਆਂ ਤੇ ਵੀ ਹੁੰਦਾ ਹੈ ਇਸ ਲਈ ਮਾਪੇ ਵੀ ਵਕਤ ਦੀ ਨਜ਼ਾਕਤ ਪਛਾਣਨ।
ਸਾਮਰਾਜੀ ਮੁਲਕ ਜਿੰਮੇਵਾਰ: ਝੁੰਬਾ ਨਸ਼ਿਆਂ ਵਰਗੀ ਭੈੜੀ ਸਮੱਸਿਆ ਦੇ ਨਾਲ ਲੜਾਈ ਲੜ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਝੂੰਬਾ ਦਾ ਕਹਿਣਾ ਸੀ ਕਿ ਅਸਲ ਵਿੱਚ ਇਹ ਸਾਮਰਾਜੀ ਮੁਲਕਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚੱਲ ਰਹੀ ਮੁਹਿੰਮ ਹੈ ਜਿਸ ਤਹਿਤ ਲੋਕਾਂ ਨੂੰ ਨਿੱਤ ਨਵੇਂ ਨਸ਼ੇ ਪਰੋਸੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਸਿਆਸੀ ਸੱਤਾ ਦੇ ਬਦਲਾਓ ਪਿੱਛੋਂ ਵੀ ਨਸ਼ਿਆਂ ਦੀ ਵਿੱਕਰੀ ਦੇ ਅੰਕੜੇ ਵਿੱਚ ਕੋਈ ਫ਼ਰਕ ਨਹੀਂ ਆਇਆ ਥੋੜ੍ਹੀ ਠੱਲ੍ਹ ਪਈ ਹੈ। ਉਨ੍ਹਾਂ ਕਿਹਾ ਕਿ ਛੋਟੇ ਤਸਕਰ ਜਰੂਰ ਫੜੇ ਗਏ ਹਨ ਪਰ ਨਸ਼ਾ ਤਸਕਰੀ ਨੂੰ ਸਰਪ੍ਰਸਤੀ ਦੇਣ ਵਾਲੇ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ ਹਨ । ਕਿਸਾਨ ਆਗੂ ਨੇ ਕਿਹਾ ਕਿ ਨਸ਼ਿਆਂ ਨੂੰ ਲਗਾਮ ਲਾਉਣ ਲਈ ਜੰਗ ਛੇੜਨੀ ਪਵੇਗੀ।