ਬਿੱਟੂ ਜਲਾਲਾਬਾਦੀ, ਫਾਜਿ਼ਲਕਾ, 1 ਸਤੰਬਰ 2023
ਪੰਜਾਬ ਸਰਕਾਰ ਵੱਲੋਂ ਵਪਾਰੀਆਂ ਅਤੇ ਖਪਤਕਾਰਾਂ ਨੂੰ ‘ਮੇਰਾ ਬਿੱਲ’ ਐਪ ਬਾਰੇ ਜਾਗਰੂਕ ਅਤੇ ਹੋਰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਜਿਲ਼੍ਹੇ ਵਿਚ ਐਪ ਦੀ ਰਸਮੀ ਸ਼ੁਰੂਆਤ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਆਪਣੇ ਦਫ਼ਤਰ ਵਿਖੇੇ ਕੀਤੀ । ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਤੇ ਆਬਕਾਰੀ ਤੇ ਕਰ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਦੀ ਰਹਿਨੁਮਾਈ ਵਿਚ ਵਿਭਾਗ ਨੇ ਟੈਕਸ ਉਗਰਾਹੀ ਵਧਾਉਣ ਲਈ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਦੇ ਤਹਿਤ ‘ਮੇਰਾ ਬਿੱਲ’ ਐਪ ਤਿਆਰ ਕੀਤੀ ਹੈ । ਐਪ ਲਾਂਚ ਕਰਨ ਦਾ ਮਕਸਦ ਆਮ ਵਿਅਕਤੀ ਨੂੰ ਖ਼ਰੀਦ ਕਰਨ ਮੌਕੇ ਦੁਕਾਨਦਾਰਾਂ ਪਾਸੋਂ ਬਿੱਲ ਹਾਸਲ ਕਰਨ ਲਈ ਉਤਸ਼ਾਹਿਤ ਕਰਕੇ ਸਰਕਾਰੀ ਮਾਲੀਏ ਦੀ ਉਗਰਾਹੀ ਵਧਾਉਣਾ ਵੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਐਪ ਹਰ ਇਕ ਦੇ ਫੋਨ ਵਿਚ ਹੋਵੇ ਅਤੇ ਜਦੋਂ ਵੀ ਕੋਈ ਖਰੀਦਦਕਾਰੀ ਕਰੋ ਤਾਂ ਪੱਕਾ ਬਿੱਲ ਲੈ ਕੇ ਇਸ ਐਪ ਤੇ ਅਪਲੋਡ ਕਰਕੇ ਜਿੰਮੇਵਾਰੀ ਨਾਗਰਿਕ ਬਣਨ ਦੇ ਨਾਲ ਨਾਲ ਇਨਾਮ ਜਿੱਤਣ ਦਾ ਮੌਕਾ ਵੀ ਪਾਓ।ਉਨ੍ਹਾਂ ਨੇ ਦੱਸਿਆ ਕਿ ਇਹ ਇਨਾਮ ਵਸਤ/ਸੇਵਾ ਲਈ ਅਦਾ ਕੀਤੇ ਕਰ ਯੋਗ ਰਕਮ ਦੇ ਪੰਜ ਗੁਣਾਂ ਦੇ ਬਰਾਬਰ ਹੋਵੇਗਾ ਪਰ ਇਹ ਇਨਾਮ ਵੱਧ ਤੋਂ ਵੱਧ 10 ਹਜ਼ਾਰ ਰੁਪਏ ਤੱਕ ਦੇ ਮੁੱਲ ਦਾ ਹੋਵੇਗਾ। ਹਰੇਕ ਜ਼ਿਲ੍ਹੇ ਵਿਚ ਹਰ ਮਹੀਨੇ ਵੱਧ ਤੋਂ ਵੱਧ 10 ਇਨਾਮ ਦਿੱਤੇ ਜਾਣੇ ਹਨ ਅਤੇ ਯੋਗ ਬਿੱਲ ਦੀ ਰਕਮ ਘੱਟ ਤੋਂ ਘੱਟ 200 ਰੁਪਏ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਤੂਆਂ ਦੀ ਸੂਚੀ ਟੈਕਸੇਸ਼ਨ ਵਿਭਾਗ ਦੀ ਵੈੱਬਸਾਈਟ ਉੱਤੇ ਪਾਈ ਜਾਵੇਗੀ ਅਤੇ ਜੇਤੂਆਂ ਨੂੰ ਮੋਬਾਈਲ ਐਪ ਦੇ ਰਾਹੀਂ ਸੂਚਿਤ ਕੀਤਾ ਜਾਵੇਗਾ। ਹਰੇਕ ਮਹੀਨੇ ਸੂਬੇ ਵਿੱਚ 290 ਲੱਕੀ ਡਰਾਅ 7 ਤਰੀਕ ਨੂੰ ਕੱਢੇ ਜਾਣਗੇ । ਉਨ੍ਹਾਂ ਜਿ਼ਲ੍ਹਾ ਨਿਵਾਸੀਆਂ ਨੂੰ ਮੇਰਾ ਬਿੱਲ’ ਐਪ ਐਂਡਰਾਇਡ ਫ਼ੋਨ ਲਈ ਗੂਗਲ ਪਲੇਅ ਸਟੋਰ ਅਤੇ ਐਪਲ ਲਈ ਐਪ ਸਟੋਰ ਤੋਂ ਡਾਊਨਲੋਡ ਕਰਕੇ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ ।
ਉਨ੍ਹਾਂ ਹੋਰ ਦੱਸਿਆ ਕਿ ਪੈਟਰੋਲੀਅਮ ਉਤਪਾਦ (ਕੱਚਾ ਤੇਲ, ਪੈਟਰੋਲ, ਡੀਜ਼ਲ, ਹਵਾਬਾਜ਼ੀ ਟਰਬਾਈਨ ਈਂਧਨ ਅਤੇ ਕੁਦਰਤੀ ਗੈਸ) ਅਤੇ ਸ਼ਰਾਬ ਦੇ ਨਾਲ—ਨਾਲ ਬਿਜ਼ਨਸ—ਟੂ—ਬਿਜ਼ਨਸ ਦੇ ਲੈਣ—ਦੇਣ ਦੇ ਵਿਕਰੀ ਬਿੱਲ ਇਸ ਸਕੀਮ ਵਿਚ ਹਿੱਸਾ ਲੈਣ ਦੇ ਯੋਗ ਨਹੀਂ ਹੋਣਗੇ।
ਇਸ ਮੌਕੇ ਏਈਟੀਸੀ ਫਾਜਿ਼ਲਕਾ ਸ੍ਰੀ ਇੰਦਰਪਾਲ ਸਿੰਘ ਬਜਾਰ ਨੇ ਦੱਸਿਆ ਕਿ ਵੱਖ ਵੱਖ ਮਾਧਿਅਮ ਅਤੇ ਵਿੱਦਿਅਕ ਅਦਾਰਿਆਂ ਵਿਖੇ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾ ਕੇ ਇਸ ਸਕੀਮ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਸਕੀਮ ਜਰੀਏ ਸਰਕਾਰ ਦੀ ਟੈਕਸ ਉਗਜਹੀਪ ਵਧ ਸਕੇ ਅਤੇ ਸਰਕਾਰ ਦੇ ਰੈਵੀਨਿਊ ਵਿੱਚ ਇਜ਼ਾਫਾ ਹੋ ਸਕੇ । ਇਸ ਮੌਕੇ ਇੰਸਪੈਕਟਰ ਆਬਕਾਰੀ ਅਤੇ ਕਰ ਵਿਭਾਗ ਸ੍ਰੀ ਵਿਕਾਸ ਸਵਾਮੀ ਤੋਂ ਇਲਾਵਾ ਅਮਿਤ ਚਰਾਇਆ, ਹਰੀਸ਼ ਚੌਧਰੀ, ਜਗਦੀਸ਼ ਕੰਬੋਜ਼ ਤੇ ਵਿਭਾਗ ਦਾ ਸਟਾਫ ਹਾਜਰ ਸੀ।