ਬਿੱਟੂ ਜਲਾਲਾਬਾਦੀ, ਫਾਜਿ਼ਲਕਾ, 1 ਸਤੰਬਰ 2023
ਓੁਘੇ ਸਮਾਜ ਸੇਵੀ ਸ: ਐਸਪੀ ਓਬਰਾਏ ਆਪਣੀ ਸੰਸਥਾ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਫਾਜਿ਼ਲਕਾ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈਕੇ ਇੱਥੇ ਪੁੱਜੇ। ਇਸ ਮੌਕੇ ਫਾਜਿਲ਼ਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ, ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਅਤੇ ਐਸਐਸਪੀ ਸ: ਮਨਜੀਤ ਸਿੰਘ ਢੇਸੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਵੱਲੋਂ ਅੱਜ 190 ਕੁਇੰਟਲ ਹਰਾ ਚਾਰਾ, 500 ਤਰਪਾਲਾਂ ਅਤੇ 500 ਮੱਛਰਦਾਨੀਆਂ ਫਾਜਿ਼ਲਕਾ ਦੇ ਪ੍ਰਭਾਵਿਤ ਪਿੰਡਾਂ ਵਿਚ ਵੰਡਨ ਲਈ ਲਿਆਂਦੀਆਂ ਗਈਆਂ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜ਼ੇਕਰ ਜਰੂਰਤ ਪਈ ਤਾਂ ਉਹ ਹੋਰ ਸਮੱਗਰੀ ਵੀ ਲੈ ਕੇ ਆਉਣਗੇ।
ਇਸ ਮੌਕੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਇਸ ਤਰਾਂ ਦੇ ਸਮਾਜਿਕ ਉਪਰਾਲਿਆਂ ਨਾਲ ਅਸੀਂ ਕੁਦਰਤੀ ਆਫ਼ਤਾਂ ਦਾ ਬਿਹਤਰ ਤਰੀਕੇ ਨਾਲ ਸਾਹਮਣਾ ਕਰਨ ਦੇ ਯੋਗ ਹੁੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਭਾਗੀਦਾਰੀ ਨਾਲ ਕੋਈ ਵੀ ਮੁਸਿਕਲ ਕਾਰਜ ਸੌਖਾ ਹੋ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਵਾਰ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਦੇ ਨਾਲ ਨਾਲ ਅਨੇਕਾਂ ਲੋਕਾਂ ਨੇ ਨਿੱਜੀ ਪੱਧਰ ਤੇ ਵੀ ਇਕ ਦੂਜ਼ੇ ਦਾ ਮਦਦ ਕੀਤੀ ਹੈ ਜਿਸਦਾ ਉਹ ਧੰਨਵਾਦ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਲਗਾਤਾਰ ਅਤੇ ਵੱਡੇ ਪੱਧਰ ਤੇ ਲੋਕਾਂ ਨੂੰ ਮਦਦ ਪਹੁੰਚਾਈ ਗਈ ਹੈ ਅਤੇ ਪਿੱਛਲੇ ਦਿਨਾਂ ਵਿਚ ਵੱਡੀ ਮਾਤਰਾ ਵਿਚ ਹਰਾ ਚਾਰਾ, ਕੈਟਲ ਫੀਡ, ਰਾਸ਼ਟ ਕਿੱਟਾਂ, ਤਰਪਾਲਾਂ ਅਤੇ ਹੋੋਰ ਰਾਹਤ ਸਮੱਗਰੀ ਪੰਜਾਬ ਸਰਕਾਰ ਵੱਲੋਂ ਵੰਡੀ ਗਈ ਹੈ।
ਇਸ ਦੌਰਾਨ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਸ੍ਰੀ ਐਸਪੀ ਓਬਰਾਏ ਦੇ ਨਾਲ ਜਾ ਕੇ ਪਿੰਡ ਮੁਹਾਰ ਜਮਸੇਰ, ਮਹਾਤਮ ਨਗਰ ਆਦਿ ਪਿੰਡਾਂ ਵਿਚ ਇਹ ਰਾਹਤ ਸਮੱਗਰੀ ਦੀ ਲੋੜਵੰਦ ਲੋਕਾਂ ਵਿਚ ਵੰਡ ਕਰਵਾਈ। ਇਸ ਮੌਕੇ ਸ੍ਰੀ ਕਰਨ ਗਿਲਹੋਤਰਾ ਵੀ ਵਿਸੇਸ਼ ਤੌਰ ਤੇ ਉਨ੍ਹਾਂ ਦੇ ਨਾਲ ਹਾਜਰ ਸਨ।