ਹੜ੍ਹ ਦੀ ਮਾਰ ਹੇਠ ਆਏ ਲੋਕਾ ਲਈ ਸੀ.ਐਚ.ਓ ਨੀਰਜ ਕੌਰ ਬਣੀ ਸਿਹਤ ਦੂਤ

Advertisement
Spread information

ਬਿੱਟੂ ਜਲਾਲਾਬਾਦੀ, ਫਾਜਿ਼ਲਕਾ, 23 ਅਗਸਤ 2023


      ਪਹਾੜਾਂ ਤੇ ਹੋਈਆਂ ਮੋਹਲੇਧਾਰ ਬਾਰਿਸ਼ਾਂ ਕਾਰਨ ਨਦੀਆਂ ਵਿਚ ਆਏ ਹੜ੍ਹ ਦੀ ਮਾਰ ਹੇਠ ਆਏ ਫਾਜਿ਼ਲਕਾ ਦੇ ਪਿੰਡਾਂ ਵਿਚ ਰਾਹਤ ਪਹੁੰਚਾਉਣ ਵਿਚ ਹਰ ਕੋਈ ਜੀਅ ਜਾਨ ਨਾਲ ਲੱਗਿਆ ਹੋਇਆ ਹੈ, ਪਰ ਇਕ ਲੜਕੀ ਜੋ ਬਤੌਰ ਕਮਿਊਨਿਟੀ ਹੈਲਥ ਅਫ਼ਸਰ ਵਜੋਂ ਕਾਰਜ ਕਰ ਰਹੀ ਹੈ ਦਾ ਹੌਂਸਲਾਂ ਹੋਰਨਾ ਲਈ ਵੀ ਪ੍ਰੇਰਣਾ ਬਣ ਰਿਹਾ ਹੈ।                                           
      ਇਹ ਹੈ ਨੀਰਜ ਕੌਰ, ਜ਼ੋ ਕਿ ਝੌਕ ਡਿਪੂ ਲਾਣਾ ਦੇ ਹੈਲਥ ਵੇਲਨੈਸ ਸੈਂਟਰ ਤੇ ਬਤੌਰ ਕਮਿਊਨਿਟੀ ਹੈਲਥ ਅਫ਼ਸਰ (ਸੀਐਚਓ) ਤਾਇਨਾਤ ਹੈ ਪਰ ਜਦੋਂ ਤੋਂ ਹੜ੍ਹ ਦੇ ਹਲਾਤ ਬਣੇ ਤਾਂ ਵਿਭਾਗ ਵੱਲੋਂ ਡਿਊਟੀ ਲਗਾਏ ਜਾਣ ਤੇ ਇਹ ਆਪਣੇ ਸੈਂਟਰ ਅਧੀਨ ਪੈਂਦੇ ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਮੈਡੀਕਲ ਸਹੁਲਤ ਪਹੁੰਚਾਉਣ ਲਈ ਰਾਹਤ ਟੀਮਾਂ ਨਾਲ ਮਿਲ ਕੇ ਅੱਗੇ ਹੋ ਕੇ ਕੰਮ ਕਰ ਰਹੀ ਹੈ।
      ਨੀਰਜ ਕੌਰ ਨੇ ਜਿੱਥੇ ਹੜ੍ਹ ਦਾ ਪਾਣੀ ਆਉਣ ਤੋਂ ਪਹਿਲਾਂ ਬਾਰਡਰ ਦੇ ਪਿੰਡਾਂ ਵਿਚ ਅਗੇਤੇ ਤੌਰ ਤੇ ਲੋਕਾਂ ਤੱਕ ਦਵਾਈਆਂ ਅਤੇ ਹੋਰ ਸਿਹਤ ਸੰਭਾਲ ਸਬੰਧੀ ਜਾਣਕਾਰੀ ਪੁੱਜ਼ਦੀ ਕੀਤੀ ਉਥੇ ਪਿੱਛਲੇ ਤਿੰਨ ਦਿਨ ਤੋਂ ਉਹ ਲਗਾਤਾਰ ਐਨਡੀਆਰਐਫ ਦੀਆਂ ਕਿਸਤੀਆਂ ਨਾਲ ਆਪਣੀਆਂ ਦਵਾਈਆਂ ਲੈ ਕੇ ਹੜ੍ਹ ਦੇ ਪਾਣੀ ਵਿਚ ਚਾਰੇ ਪਾਸੇ ਤੋਂ ਘਿਰੇ ਸਰਹੱਦੀ ਪਿੰਡਾਂ ਵਿਚ ਜਾਂਦੀ ਹੈ ਅਤੇ ਉਥੇ ਲੋੜਵੰਦ ਲੋਕਾਂ ਨੂੰ ਦਵਾਈਆਂ ਦੇ ਕੇ ਆਉਂਦੀ ਹੈ।                                                             
     ਨੀਰਜ ਕੌਰ ਮਹਾਤਮ ਨਗਰ, ਦੋਨਾ ਨਾਨਕਾ, ਤੇਜਾ ਰੁਹੇਲਾ, ਢਾਣੀ ਸੱਦਾ ਸਿੰਘ, ਝੰਗੜ ਭੈਣੀ, ਗੁਲਾਬਾ ਭੈਣੀ, ਢਾਣੀ ਰਾਮ ਸਿੰਘ ਵਿਚ ਆਪਣੀਆਂ ਦਵਾਈਆਂ ਨਾਲ ਕਿਸਤੀਆਂ ਰਾਹੀਂ ਪਹੁੰਚਦੀ ਹੈ ਅਤੇ ਹਰੇਕ ਪਿੰਡ ਵਿਚ 2 ਘੰਟੇ ਰੁਕ ਕੇ ਪਿੰਡ ਦੇ ਲੋਕਾਂ ਨੂੰ ਦਵਾਈਆਂ ਦਿੰਦੀ ਹੈ। ਇਸ ਤੋਂ ਪਹਿਲਾਂ ਇਸ ਨੇ ਮੋਬਾਇਲ ਟੀਮ ਵਿਚ ਵੀ ਡਿਊਟੀ ਦਿੱਤੀ ਸੀ ਅਤੇ ਐਂਬੂਲੈਂਸ ਰਾਹੀਂ ਪਿੰਡ ਪਿੰਡ ਜਾ ਕੇ ਹੜ੍ਹ ਤੋਂ ਪਹਿਲਾਂ ਹੀ ਆਮ ਵਰਤੋਂ ਦੀਆਂ ਦਵਾਈਆਂ ਲੋੜਵੰਦ ਲੋਕਾਂ ਨੂੰ ਦਿੱਤੀਆਂ ਸੀ।
    ਨੀਰਜ ਕੌਰ ਇਸ ਤੋਂ ਪਹਿਲਾਂ ਕੋਵਿਡ ਸਮੇਂ ਸੈਂਪਲਿੰਗ ਵਰਗੀ ਹਾਈ ਰਿਸਕ ਡਿਊਟੀ ਵੀ ਬਾਖੂਬੀ ਨਿਭਾਉਂਦੀ ਰਹੀ ਹੈ। ਜਿ਼ਲ੍ਹੇ ਦੇ ਸਿਵਲ ਸਰਜਨ ਡਾ: ਸਤੀਸ਼ ਗੋਇਲ ਨੇ ਨੀਰਜ ਕੌਰ ਦੀ ਨਿਵਾਸਰਥ ਸੇਵਾ ਦਾ ਸਲਾਘਾ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਕਰਮਚਾਰੀ ਹੋਰਨਾ ਲਈ ਪ੍ਰੇਰਣਾ ਬਣਦੇ ਹਨ। ਉਨ੍ਹਾਂ ਨੇ ਕਿਹਾ ਕਿ ਵਿਭਾਗ ਨੂੰ ਨੀਰਜ ਕੌਰ ਤੇ ਮਾਣ ਹੈ ਜ਼ੋ ਇਕ ਲੜਕੀ ਹੋਣ ਦੇ ਬਾਵਜੂਦ ਵੀ ਡੂੰਘੇ ਪਾਣੀ ਪਾਰ ਕਰਕੇ ਲੋਕਾਂ ਦੀ ਸੇਵਾ ਲਈ ਪਹੁੰਚ ਰਹੀ ਹੈ।

Advertisement
Advertisement
Advertisement
Advertisement
Advertisement
Advertisement
error: Content is protected !!