ਧਰਨਿਆਂ ਤੇ ਬੈਠੇ ਕਿਸਾਨਾਂ ਨੇ ਆਖਿਆ ਕਿ ਉਹ ਹੁਣ ਖਾਲੀ ਹੱਥ ਘਰਾਂ ਨੂੰ ਨਹੀਂ ਜਾਣਗੇ
ਅਸ਼ੋਕ ਵਰਮਾ ਬਠਿੰਡਾ,1 ਜੂਨ 2020
ਸਹਿਕਾਰੀ ਬੈਂਕ ਦੀ ਹਰਰਾਏਪੁਰ ਬਰਾਂਚ ਵੱਲੋਂ ਕੀਤੀ ਹੱਦ ਕਰਜਿਆਂ ’ਚ ਕਥਿਤ ਕਟੌਤੀ ਤੋਂ ਭੜਕੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਬੈਂਕ ਦਾ ਘਿਰਾਓ ਕਰਕੇ ਬੈਂਕ ਮੁਲਾਜਮਾਂ ਨੂੰ ਬੰਦੀ ਬਣਾ ਲਿਆ। ਖਬਰ ਲਿਖੇ ਜਾਣ ਤੱਕ ਕਿਸਾਨ ਟੱਸ ਤੋਂ ਮੱਸ ਨਹੀਂ ਹੋਏ ਸਨ। ਬਠਿੰਡਾ ਜਿਲ੍ਹੇ ’ਚ ਕਿਸਾਨਾਂ ਵੱਲੋਂ ਸਹਿਕਾਰੀ ਬੈਂਕ ਦੇ ਮੁਲਾਜਮਾਂ ਨੂੰ ਬੰਦੀ ਬਨਾਉਣ ਨਾਲ ਮਹੌਲ ਤਣਾਅ ਪੂਰਨ ਬਣ ਗਿਆ ਹੈ। ਅੱਜ ਸਹਿਕਾਰੀ ਸਭਾਵਾਂ ਯੂਨੀਅਨ ਅਤੇ ਪੰੰਜਾਬ ਖੇਤ ਮਜਦੂਰ ਯੂਨੀਅਨ ਦੇ ਆਗੂ ਕਾਕਾ ਸਿੰਘ ਨੇ ਵੀ ਕਿਸਾਨਾਂ ਦੇ ਧਰਨੇ ’ਚ ਸ਼ਮੂਲੀਅਤ ਕੀਤੀ ਅਤੇ ਮੰਗ ਦੀ ਹਮਾਇਤ ਕਰ ਦਿੱਤੀ। ਧਰਨਿਆਂ ਤੇ ਬੈਠੇ ਕਿਸਾਨਾਂ ਨੇ ਆਖਿਆ ਕਿ ਉਹ ਖਾਲੀ ਹੱਥ ਘਰਾਂ ਨੂੰ ਨਹੀਂ ਜਾਣਗੇ । ਵੇਰਵਿਆਂ ਅਨੁਸਾਰ ਮਾਮਲਾ ਕੁੱਝ ਇਸ ਤਰਾਂ ਹੈ ਕਿ ਕੋਆਪਰੇਟਿਵ ਬੈਂਕ ਬਰਾਂਚ ਹਰਰਾਏਪੁਰ(ਤਿੰਨਕੋਣੀ) ’ਚ ਲੰਘੀ 29ਮਈ ਨੂੰ ਜੀਦਾ ਸਹਿਕਾਰੀ ਸਭਾ ਦੇ ਮੈਂਬਰ ਕਰਜੇ ਲੈੰਣ ਵਾਸਤੇ ਬੈਂਕ ਵਿੱਚ ਪਹੁੰਚੇ ਸਨ ਜਿੰਨ੍ਹਾਂ ਨੇ ਸਭਾ ਦੇ ਸਕੱਤਰ ਤੋਂ 14ਹਜਾਰ ਪ੍ਰਤੀ ਏਕੜ ਦੇ ਹਿਸਾਬ ਚੈੱਕ ਭਰਵਾਏ ਸਨ। ਕਿਸਾਨਾਂ ਨੇ ਦੱਸਿਆ ਕਿ ਜਿੰਨ੍ਹਾਂ ਮੈਂਬਰਾਂ ਦੀ ਸਿਫਾਰਸ਼ ਸੀ ਉਨ੍ਹਾਂ ਨੂੰ 14 ਹਜਾਰ ਦੇ ਹਿਸਾਬ ਨਾਂਲ ਕਰਜਾ ਜਾਰੀ ਕੀਤਾ ਗਿਆ ਹੈ ਜਦੋਂਕਿ ਬਾਕੀਆਂ ਨੂੰ 13 ਹਜਾਰ ਰੁਪਏ ਪ੍ਰਤੀ ਏਕੜ ਦੇਣ ਦੀ ਗੱਲ ਆਖੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਤਿੰਨ ਘੰਟੇ ਬਿਠਾਕੇ ਰੱਖਿਆ ਗਿਆ ਜਿਸ ਕਰਕੇ ਉਨ੍ਹਾਂ ਨੂੰ ਜਲਾਲਤ ਝੱਲਣੀ ਪਈ ਹੈ। ਕਿਸਾਨਾਂ ਨੇ ਆਖਿਆ ਕਿ ਉਨ੍ਹਾਂ ਨੇ ਮੈਨੇਜਰ ਕੋਲ ਵਾਸਤਾ ਵੀ ਪਾਇਆ ਸੀ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਹੈ।ਕਿਸਾਨਾਂ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ 14 ਹਜਾਰ ਰੁਪਏ ਦੀ ਅਦਾਇਗੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਇਸ ਮੋਰਚੇ ਦਾ ਚੱਲਣਾ ਤੈਅ ਹੈ । ਓਧਰਸਹਿਕਾਰੀ ਸਭਾਵਾਂ ਯੂਨੀਅਨ ਵੱਲੋਂ ਕਿਸਾਨ ਮੋਰਚੇ ਨੂੰ ਦਿੱਤੀ ਹਮਾਇਤ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸਿੱਧੇ ਤੌਰ ਤੇ ਸੰਘਰਸ਼ ’ਚ ਕੁੱਦਣ ਨੇ ਬੈਂਕ ਪ੍ਰਬੰਧਕਾਂ ਨੂੰ ਕਸੂਤਾ ਫਸਾ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਬੈਂਕ ਅਧਿਕਾਰੀਆਂ ਨੇ ਮਸਲੇ ਦਾ ਹੱਲ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਿੰਨ੍ਹਾਂ ਦਾ ਕੋਈ ਸਿੱਟਾ ਨਹੀਂ ਨਿਕਲ ਸਕਿਆ ਹੈ
ਜਾਣ ਬੁੱਝ ਕੇ ਖੱਜਲ ਖੁਆਰੀ:
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਕੰਮ ਕਾਜ ਦੇ ਦਿਨਾਂ ’ਚ ਬੈਂਕ ਪ੍ਰਬੰਧਕ ਜਾਣ ਬੁੱਝ ਕੇ ਕਿਸਾਨਾਂ ਨੂੰ ਖੱਜਲ ਖੁਆਰ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਬੈਂਕ ਕਿਸਾਨਾਂ ਨੂੰ ਆੜ੍ਹਤੀਆਂ ਦੇ ਚੁੰਗਲ ’ਚ ਫਸਾਉਣ ਵਾਲੇ ਫੈਸਲੇ ਲੈ ਰਿਹਾ ਹੈ ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾਏਗਾ। ਉਨ੍ਹਾਂ ਦੱਸਿਆ ਕਿ ਹੋਰ ਜਿਲਿ੍ਹਆਂ ’ਚ 14 ਹਜਾਰ ਰੁਪਏ ਪ੍ਰਤੀ ਏਕੜ ਦਿੱਤਾ ਜਾ ਰਿਹਾ ਹੈ ਪਰ ਸਹਿਕਾਰੀ ਬੈਂਕ ਬਠਿੰਡਾ ਦਾ ਬਾਬਾ ਆਦਮ ਨਿਰਾਲਾ ਹੈ। ਉਨ੍ਹਾਂ ਕਿਸਾਨਾਂ ਨੂੰ 14 ਹਜਾਰ ਰੁਪਏ ਨਕਦ ਦੇਣ ਦੀ ਮੰਗ ਦੁਰਹਾਉਂਦਿਆਂ ਆਖਿਆ ਕਿ ਜੇਕਰ ਮੰਗ ਨਾਂ ਮੰਨੀ ਗਈ ਤਾਂ ਉਹ ਸੰਘਰਸ਼ ਤੇਜ ਕਰ ਦੇਣਗੇ।
ਬੈਂਕ ਬਣਦੀ ਰਾਸ਼ੀ ਅਦਾ ਕਰੇ:ਕੋਟਸ਼ਮੀਰ
ਸਹਿਕਾਰੀ ਸਭਾਵਾਂ ਯੂਨੀਅਨ ਦੀ ਸੂਬਾ ਕਮੇਟੀ ਦੇ ਮੈਂਬਰ ਜਸਕਰਨ ਸਿੰਘ ਕੋਟਸ਼ਮੀਰ ਅਤੇ ਜਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਗਹਿਰੀਭਾਗੀ ਦਾ ਕਹਿਣਾ ਸੀ ਕਿ ਸੰਕਟ ਦਾ ਵੇਲਾ ਹੋਣ ਕਰਕੇ ਅਜਿਹਾ ਕਰਨਾ ਹੀ ਨਹੀਂ ਬਣਦਾ ਹੈ। ਉਨ੍ਹਾਂ ਆਖਿਆ ਕਿ ਸਿਰਫ ਬਠਿੰਡਾ ਜਿਲ੍ਹੇ ’ਚ ਹੀ ਇਹ ਵਰਤਾਰਾ ਕਿਓਂ ਹੈ ਇਸ ਦੀ ਉੱਚ ਪੱਧਰੀ ਪੜਤਾਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੈਂਕ ਕਿਸਾਨਾਂ ਦੀ ਬਣਦੀ ਰਾਸ਼ੀ ਅਦਾ ਕਰੇ ਨਹੀਂ ਤਾਂ ਉਹ ਵੀ ਸੰਘਰਸ਼ ’ਚ ਕੁੱਦਣਗੇ।
ਸਮਝੌਤੇ ਮੁਤਾਬਕ ਅਦਾਇਗੀ:ਐਮਡੀ
ਕੇਂਦਰੀ ਸਹਿਕਾਰੀ ਬੈਂਕ ਬਠਿੰਡਾ ਦੇ ਮੈਨੇਜਿੰੰਗ ਡਾਇਰੈਕਟਰ ਸ੍ਰੀ ਜਸਪਾਲ ਸਿੰਘ ਦਾ ਕਹਿਣਾ ਸੀ ਕਿ ਪਹਿਲਾਂ ਕੇਂਦਰੀ ਸਹਿਕਾਰੀ ਬੈਂਕ ਪੰਜਾਬ ਦੇ ਐਮਡੀ ਨਾਲ ਕਿਸਾਨਾਂ ਦਾ ਸਮਝੌਤਾ ਹੋਇਆ ਸੀ ਉਸ ਮੁਤਾਬਕ ਹੀ ਅਦਾਇਗੀ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਕੰਪਿਊਟਰ ਦੀ ਗਲ੍ਹਤੀ ਨਾਲ ਕੁੱਝ ਕਿਸਾਨਾਂ ਨੂੰ 14 ਹਜਾਰ ਰੁਪਏ ਜਾਰੀ ਹੋ ਗਏ ਸਨ ਜਿਸ ਨੂੰ ਮੁੱਦਾ ਬਣਾ ਕੇ ਕਿਸਾਨ ਧਰਨਾ ਲਾਈ ਬੈਠੇ ਹਨ।
ਜਿਲ੍ਹਾ ਮੈਨਜਰ ਨੂੰ ਮੌਕੇ ਤੇ ਭੇਜਿਆ:ਡੀਆਰ
ਸਹਿਕਾਰਤਾ ਵਿਭਾਗ ਦੇ ਡਿਪਟੀ ਰਜਿਸਟਰਾਰ ਸੁਨੀਲ ਕੁਮਾਰ ਦਾ ਕਹਿਣਾ ਸੀ ਕਿ ਅਸਲ ’ਚ ਬੈਂਕ ਕੋਲ ਏਨੇ ਫੰਡ ਨਹੀਂ ਜਿਸ ਕਰਕੇ ਸਾਰੇ ਕਿਸਾਨਾਂ ਨੂੰ 14 ਹਜਾਰ ਦੇਣਾ ਮੁਸ਼ਕਲ ਹੈ। ਉਨ੍ਹਾਂ ਆਖਿਆ ਕਿ ਜਿਲ੍ਹਾ ਮੈਨਜਰ ਨਿਪੁਨ ਕੁਮਾਰ ਨੂੰ ਮਸਲੇ ਦੇ ਹੱਲ ਲਈ ਭੇਜਿਆ ਹੈ।
ਘੱਟ ਵਿਆਜ ਕਰਕੇ ਬੈਂਕ ਕਿਸਾਨਾਂ ਦੀ ਪਸੰਦ
ਪਤਾ ਲੱਗਿਆ ਹੈ ਕਿ ਸਹਿਕਾਰੀ ਬੈਂਕਾਂ ਤੋਂ ਖੇਤੀ ਲਿਮਟ ਬਨਾਉਣ ਲਈ 11 ਫੀਸਦੀ ਦੀ ਦਰ ਨਾਲ ਵਿਆਜ ਲਗਦਾ ਹੈ। ਇਸ ਦੇ ਉਲਟ ਪੇਂਡੂ ਸਹਿਕਾਰੀ ਸਭਾਵਾਂ ਰਾਹੀਂ ਦਿੱਤੇ ਜਾਂਦੇ ਕਰਜੇ ਤੇ ਵਿਆਜ ਦੀ ਦਰ ਸਿਰਫ 7 ਪ੍ਰਤੀਸ਼ਤ ਹੈ। ਇਸ ਚੋਂ ਵੀ ‘ਗੁੱਡ ਪੇਅ ਮਾਸਟਰਾਂ’ ਨੂੰ 3 ਫੀਸਦੀ ਦੀ ਛੋਟ ਮਿਲ ਜਾਂਦੀ ਜਿਸ ਕਰਕੇ ਸਹਿਕਾਰੀ ਬੈਂਕ ਇਸ ਨੂੰ ਤਰਜੀਹ ਨਹੀਂ ਦਿੰਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਵਿਆਜ ਵਿਚਲਾ ਪਾੜਾ ਅਧਿਕਾਰੀਆਂ ਦੀ ਅੱਖ ਤਿਣ ਬਣਿਆ ਹੋਇਆ ਹੈ ਜਿਸ ਕਰਕੇ ਉਨ੍ਹਾਂ ਨੂੰ ਖੱਜਲ ਖੁਆਰ ਕੀਤਾ ਜਾਂਦਾ ਹੈ ਤਾਂ ਜੋ ਉਹ ਮਜਬੂਰ ਹੋਕੇ ਵੱਧ ਵਿਆਜ ਵਾਲੀ ਲਿਮਟ ਬਣਵਾ ਲੈਣ।