ਦਿੱਲੀ ਤੋਂ ਪਰਤੇ ਸਨ ਅਤੇ ਗ੍ਰਹਿ ਇਕਾਂਤਵਾਸ ਵਿਚ ਸਨ ਦੋਨੋਂ
ਜ਼ਿਲੇ ਵਿਚ ਐਕਟਿਵ ਕੇਸਾਂ ਦੀ ਗਿਣਤੀ 7 ਹੋਈ , 170 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ
ਅਸ਼ੋਕ ਵਰਮਾ ਬਠਿੰਡਾ, 1 ਜੂਨ 2020
ਬਠਿੰਡਾ ਜ਼ਿਲੇ ਅੱਜ ਦੋ ਹੋਰ ਕਰੋਨਾ ਕੇਸ ਸਾਹਮਣੇ ਆਏ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਉਨਾਂ ਨੇ ਦੱਸਿਆ ਕਿ ਅੱਜ ਸਾਹਮਣੇ ਆਏ ਦੋਨੋਂ ਮਾਮਲਿਆਂ ਵਿਚ ਸਬੰਧਤ ਵਿਅਕਤੀ ਪਿੱਛਲੇ ਦਿਨੀਂ ਦਿੱਲੀ ਤੋਂ ਪਰਤੇ ਸਨ। ਉਨਾਂ ਨੇ ਦੱਸਿਆ ਕਿ ਇਹ ਲੋਕ ਜ਼ਿਲੇ ਵਿਚ ਪਰਤਨ ਦੇ ਸਮੇਂ ਤੋਂ ਲੈ ਕੇ ਆਪਣੇ ਘਰ ਵਿਚ ਹੀ ਇਕਾਂਤਵਾਸ ਵਿਚ ਸਨ। ਉਨਾਂ ਨੇ ਦੱਸਿਆ ਕਿ ਇਹ ਦੋਨੋਂ ਪੁਰਸ਼ ਹਨ ਅਤੇ ਹੁਣ ਜ਼ਿਲੇ ਵਿਚ ਐਕਟਿਵ ਕੇਸਾਂ ਦੀ ਗਿਣਤੀ 7 ਹੋ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ 170 ਹੋਰ ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ। ਉਨਾਂ ਨੇ ਦੱਸਿਆ ਕਿ ਹੁਣ ਬੀਤੇ ਕੱਲ ਭੇਜੇ 19 ਸੈਂਪਲਾਂ ਦੀ ਰਿਪੋਰਟ ਹੀ ਬਕਾਇਆ ਰਹਿ ਗਈ ਹੈ।
ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਰੀਆਂ ਸਾਵਧਾਨੀਆਂ ਦਾ ਪਾਲਣ ਕਰਨ। ਉਨਾਂ ਨੇ ਤਾੜਨਾ ਕੀਤੀ ਕਿ ਜਿੰਨਾਂ ਲੋਕਾਂ ਨੂੰ ਦੂਜੇ ਪ੍ਰਦੇਸ਼ਾਂ ਜਾਂ ਵਿਦੇਸ਼ ਤੋਂ ਆਉਣ ਬਾਅਦ ਇਕਾਂਤਵਾਸ ਕੀਤਾ ਹੈ ਉਹ ਇਸਦਾ ਸਖ਼ਤੀ ਨਾਲ ਪਾਲਣ ਕਰਨ। ਉਨਾਂ ਨੇ ਕਿਹਾ ਕਿ ਜੇਕਰ ਕਿਸੇ ਨੇ ਇਕਾਂਤਵਾਸ ਤੋੜਿਆ ਤਾਂ ਅਜਿਹੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੰਮਕਾਜ ਦੇ ਸਥਾਨਾਂ, ਬਜਾਰਾਂ ਜਾਂ ਸਫਰ ਦੌਰਾਨ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਜਾਵੇ ਅਤੇ ਹਮੇਸਾਂ ਮਾਸਕ ਪਹਿਣ ਕੇ ਰੱਖਿਆ ਜਾਵੇ ਅਤੇ ਸਮਾਜਿਕ ਦੂਰੀ ਲਾਜ਼ਮੀ ਤੌਰ ਤੇ ਬਣਾ ਕੇ ਰੱਖੀ ਜਾਵੇ।