ਅਸ਼ੋਕ ਵਰਮਾ , ਬਠਿੰਡਾ 21 ਜੂਨ 2023
ਬਠਿੰਡਾ ਦੇ ਰੋਜ਼ ਗਾਰਡਨ ਨਜ਼ਦੀਕ ਅਰਜਨ ਦੀ ਸਟਾਲ ਸਿਆਸੀ ਲੀਡਰਾਂ ਵੱਲੋਂ ਆਪਣੀ ਸਿਆਸਤ ਚਮਕਾਉਣ ਲਈ ਪਮੁੱਖ ਟਿਕਾਣਾ ਬਣਦਾ ਜਾ ਰਿਹਾ ਹੈ। ਹਰ ਤਰਾਂ ਦੀ ਚੋਣਾਂ ਦੀ ਆਹਟ ਤੋਂ ਬਾਅਦ ਅਰਜਨ ਦੀ ਚਾਹ ਨੇਤਾਵਾਂ ਦੀ ਪਹਿਲੀ ਪਸੰਦ ਬਣਦੀ ਹੈ। ਅਸਲ ਵਿੱਚ ਅਰਜਨ ਜਾਂ ਉਸ ਦੀ ਦੁਕਾਨ ਚਲਾ ਰਹੇ ਦੋਵੇਂ ਪੁੱਤਰ ਕੋਈ ਵੱਡੇ ਸਿਆਸੀ ਮਹਾਂਰਥੀ ਜਾਂ ਸਿਆਸਤ ਦੇ ਜਾਣਕਾਰ ਨਹੀਂ ਬਲਕਿ ਉਨ੍ਹਾਂ ਦੀ ਦੁਕਾਨ ਅਜਿਹੀ ਥਾਂ ਤੇ ਸਥਿਤ ਹੈ ਜਿਥੋਂ ਦੀ ਲੰਘ ਕੇ ਸ਼ਹਿਰ ਦੇ ਆਮ ਲੋਕਾਂ ਤੋਂ ਇਲਾਵਾ ਪ੍ਰਮੁੱਖ ਸ਼ਖਸੀਅਤਾਂ ਰੋਜ਼ ਗਾਰਡਨ ਵਿਚ ਸੈਰ ਕਰਨ ਜਾਂਦੀਆਂ ਹਨ। ਇਹੋ ਕਾਰਨ ਹੈ ਕਿ ਅਕਸਰ ਸਿਆਸੀ ਨੇਤਾ ਚਾਹ ਦੀ ਇਸ ਦੁਕਾਨ ਤੇ ਬੈਠ ਕੇ ਲੋਕਾਂ ਦੀ ਸਿਆਸੀ ਨਬਜ਼ ਟੋਹਣ ਦੇ ਯਤਨ ਕਰਦੇ ਹਨ।
ਬਠਿੰਡਾ ਸੰਸਦੀ ਹਲਕੇ ਦੀ ਰੈਲੀ ਕਾਰਨ ਬੀਤੀ ਦੇਰ ਸ਼ਾਮ ਬਠਿੰਡਾ ਪੁੱਜੇ ਅਤੇ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਅੱਜ ਸਵੇਰੇ ਸ਼ਹਿਰ ਦੀ ਲੀਡਰਸ਼ਿਪ ਨਾਲ ਅਰਜਨ ਦੀ ਹੱਟੀ ਤੇ ਪੁੱਜੇ ਅਤੇ ਚਾਹ ਦਾ ਮਜ਼ਾ ਲਿਆ। ਇਸ ਮੌਕੇ ਉਨ੍ਹਾਂ ਸਵੇਰ ਦੀ ਸੈਰ ਕਰਨ ਲਈ ਨਿਕਲੇ ਸ਼ਹਿਰ ਵਾਸੀਆਂ ਨੂੰ ਮਿਲੇ। ਪੱਤਰਕਾਰਾਂ ਨੂੰ ਵੀ ਸੰਬੋਧਨ ਕਰਦਿਆਂ ਭਾਜਪਾ ਪ੍ਰਧਾਨ ਨੇ ਕੋਈ ਸਿਆਸੀ ਗੱਲ ਤਾਂ ਨਹੀਂ ਕੀਤੀ ਪਰ ਉਨ੍ਹਾਂ ਦੀ ਦਿਨ ਚੜ੍ਹਦਿਆਂ ਹੀ ਇਸ ਫੇਰੀ ਨੂੰ ਤਲਵੰਡੀ ਸਾਬੋ ਰੈਲੀ ਅਤੇ ਭਾਜਪਾ ਦੇ ਪੈਰ ਜਮਾਉਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਭਾਜਪਾ ਵੱਲੋ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਪਿੱਛੋਂ ਬਾਦਲਾਂ ਦਾ ਹਲਕੇ ਬਠਿੰਡਾ ‘ਚ ਆਪਣੇ ਦਮ ਖ਼ਮ ਤੇ ਇਹ ਪਲੇਠੀ ਸਿਆਸੀ ਰੈਲੀ ਕੀਤੀ ਜਾ ਰਹੀ ਹੈ।
ਦੁਕਾਨ ਦੇ ਮਾਲਕ ਅਰਜੁਨ ਰਾਮ ਦੇ ਪੁੱਤਰ ਮੂਲ ਚੰਦ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਤੋਂ ਕਈ ਵੱਡੇ ਸਿਆਸੀ ਨੇਤਾ ਚਾਹ ਪੀ ਚੁੱਕੇ ਹਨ ਜਿਨ੍ਹਾਂ ਵਿੱਚ, ਬਠਿੰਡਾ ਸ਼ਹਿਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ, ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ਾਮਲ ਹਨ। ਇਸ ਤੋਂ ਇਲਾਵਾ ਲੰਘੀਆਂ ਵਿਧਾਨ ਸਭਾ ਚੋਣਾਂ ਵੇਲ਼ੇ ਕਾਂਗਰਸ ਲਈ ਚੋਣ ਪ੍ਰਚਾਰ ਕਰਨ ਆਏ ਰਾਜਸਥਾਨ ਦੇ ਕਈ ਮੰਤਰੀਆਂ, ਵਿਧਾਇਕਾਂ ਅਤੇ ਸੀਨੀਅਰ ਲੀਡਰਾਂ ਨੇ ਨੇ ਵੀ ਅਰਜੁਨ ਟੀ ਸਟਾਲ ਤੇ ਬਣਦੀ ਚਾਹ ਦੀਆਂ ਚੁਸਕੀਆਂ ਲਈਆਂ ਸਨ।
ਇਸ ਤੋਂ ਸਪੱਸ਼ਟ ਹੈ ਕਿ ਸਿਆਸੀ ਲੀਡਰਾਂ ਵੱਲੋਂ ਜਨਤਕ ਥਾਵਾਂ ਤੇ ਬੈਠਕੇ ‘ਕਦੇ ਚਾਹ, ਕਦੇ ਗੋਲ-ਗੱਪਿਆਂ ਅਤੇ ਜਲੇਬੀਆਂ ਤਲਣ ਬਹਾਨੇ ਲੋਕਾਂ ਨਾਲ ਰਾਬਤਾ ਬਣਾਉਣਾ ਅਤੇ ਖ਼ੁਦ ਨੂੰ ਆਮ ਆਦਮੀ ਵਜੋਂ ਪੇਸ਼ ਕਰਨਾ ਇੱਕ ਤਰਾਂ ਨਾਲ ਫੈਸ਼ਨ ਜਿਹਾ ਬਣ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖਦੇ ਹਨ ਕਿ ਉਹ ਸੰਘਰਸ਼ੀ ਜੀਵਨ ’ਚ ਚਾਹ ਵੇਚਦੇ ਇਸ ਅਹੁਦੇ ਤੇ ਪੁੱਜੇ ਹਨ। ਪ੍ਰਧਾਨ ਮੰਤਰੀ ਦੀ ਤਰਜ਼ ਤੇ ਹੁਣ ਨੇਤਾਵਾਂ ਲਈ ਵੀ ਬਠਿੰਡਾ ਦੇ ਅਰਜਨ ਟੀ ਸਟਾਲ ਦੀ ‘ਚਾਹ ਵੀਆਈਪੀ’ ਬਣ ਗਈ ਹੈ। ਇਸ ਕਰਕੇ ਹੁਣ ਸ਼ਹਿਰ ਵਿਚ ਜਦੋਂ ਵੀ ਕੋਈ ਵੱਡਾ ਲੀਡਰ ਰਾਤ ਨੂੰ ਰੁਕਦਾ ਹੈ ਤਾਂ ਉਸ ਪਾਰਟੀ ਦੇ ਸਥਾਨਕ ਆਗੂ ਰੋਜ਼ ਗਾਰਡਨ ਵਰਗੀਆਂ ਲੋਕਾਂ ਦੇ ਇਕੱਠ ਵਾਲੀਆਂ ਥਾਵਾਂ ਤੇ ਲਿਜਾਣਾ ਨਹੀਂ ਭੁੱਲਦੇ ਹਨ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਕਿਸਾਨੀ ਸੰਘਰਸ਼ ਤੋਂ ਬਾਅਦ ਪੰਜਾਬ ਦੇ ਲੋਕਾਂ ’ਚ ਪੈਦਾ ਹੋਈ ਰਾਜਸੀ ਚੇਤਨਾ ਤੋਂ ਬਾਅਦ ਤਾਂ ਲੀਡਰ ਮਹਿਸੂਸ ਕਰਨ ਲੱਗੇ ਹਨ ਕਿ ਜੇਕਰ ਉਨ੍ਹਾਂ ਨੇ ਖੁਦ ਨੂੰ ਵੀਆਈਪੀ ਕਲਚਰ ਵਿੱਚੋਂ ਬਾਹਰ ਨਾਂ ਕੱਢਿਆ ਤਾਂ ਉਨ੍ਹਾਂ ਦੀ ‘ਸਿਆਸੀ ਚਾਹ’ ਵਿੱਚ ਮੱਖੀਆਂ ਡਿੱਗ ਸਕਦੀਆਂ ਹਨ।ਸਾਬਕਾ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸੱਤਾ ਸੰਭਾਲਣ ਤੋਂ ਬਾਅਦ ਖੁਦ ਨੂੰ ‘ਗਰੀਬੜਾ ਜਿਹਾ ਆਮ ਆਦਮੀ’ ਦਰਸਾਉਣ ਲਈ ਕੋਈ ਵੀ ਮੌਕਾ ਹੱਥੋਂ ਜਾਣ ਦਿੰਦੇ ਸਨ। ਮੁੱਖ ਮੰਤਰੀ ਹੁੰਦਿਆਂ ਚੰਨੀ ਨੇ ਆਮ ਆਦਮੀ ਵਜੋਂ ਸੜਕ ਤੇ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਸਨ।
ਚੰਨੀ ਨੂੰ ਤਾਂ ਗਾਂ ਦੀ ਧਾਰ ਕੱਢਦਿਆਂ ਅਤੇ ਬੱਕਰੀ ਚੋਂਦਿਆਂ ਵੀ ਦੇਖਿਆ ਗਿਆ ਸੀ।ਲੁਧਿਆਣਾ ਦੇ ਗਿੱਲ ਚੌਕ ’ਚ ਤਾਂ ਤੱਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਹ ਸਮੇਂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਟੋ ਰਿਕਸ਼ਾ ਚਾਲਕਾਂ ਵਿਚਕਾਰ ਲੱਕੜ ਦੇ ਬੈਂਚ ਤੇ ਬੈਠਕੇ ਚਾਹ ਪੀਤੀ ਸੀ। ਚੰਨੀ ਨੇ ਪੇਂਡੂ ਲੋਕਾਂ ਦੀ ਤਰਜ ਤੇ ਚਾਹ ‘ਚ ਮੱਠੀ ਵੀ ਡੁਬੋ ਕੇ ਵੀ ਖਾਧੀ ਸੀ।ਤੱਤਕਾਲੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਲੋਕਾਂ ਨਾਲ ਅਕਸਰ ਚਾਹ ਦੀਆਂ ਚੁਸਕੀਆਂ ਲੈਂਦੇ ਰਹੇ ਹਨ। ਉਨ੍ਹਾਂ ਅਰਜੁਨ ਟੀ ਸਟਾਲ ਤੇ ਆਪਣੇ ਹੱਥੀਂ ਬਣਾਈ ਚਾਹ ਪੀਤੀ ਤੇ ਸਾਥੀਆਂ ਨੂੰ ਵੀ ਪੇਸ਼ ਕੀਤੀ ਸੀ।
ਮਾਝੇ ਦਾ ਇੱਕ ਵੱਡਾ ਸਿਆਸੀ ਲੀਡਰ ਜਨਤਕ ਤੌਰ ਤੇ ਚਾਹ ਪੀਣ ਲਈ ਫਰਮਾਇਸ਼ ਕਰਨਾ ਨਹੀਂ ਭੁੱਲਦਾ ਹੈ। ਦੋਆਬੇ ਦੇ ਦੋ ਲੀਡਰ ਚਾਹ ’ਚ ਮੱਠੀਆਂ ਅਤੇ ਮਟਰਾਂ ਦੇ ਸ਼ੌਕੀਨ ਦੱਸੇ ਜਾਂਦੇ ਹਨ। ਇੱਕ ਸਾਬਕਾ ਮੰਤਰੀ ਚਾਹ ਪੀਣ ਅਤੇ ਜੱਫੀ ਪਾਕੇ ਮਿਲਣ ਦਾ ਆਦੀ ਹੈ ਪਰ ਮੰਤਰੀ ਹੁੰਦਿਆਂ ਉਸ ਨੇ ਗੱਡੀ ਦੇ ਸ਼ੀਸ਼ੇ ਨੀਵੇਂ ਨਹੀਂ ਕੀਤੇ ਸਨ। ਉਂਝ ਪੰਜਾਬੀ ਸਮਾਜ ਵਿੱਚ ਚਾਹ ਦੀ ਪੇਸ਼ਕਸ਼ ਇੱਕ ਤਰਾਂ ਨਾਲ ਸਨਮਾਣ ਸਮਝਿਆ ਜਾਂਦਾ ਹੈ। ਲੀਡਰ ਮੰਨਦੇ ਹਨ ਕਿ ਭਾਵੇਂ ਚਾਹ ਪੀਣ ਨਾਲ ਤੇਜ਼ਾਬ ਸਮੇਤ ਕਈ ਅਲਾਮਤਾਂ ਦਾ ਖਤਰਾ ਵਧ ਜਾਂਦਾ ਹੈ ਪਰ ਸਿਆਸੀ ਮਜਬੂਰੀਆਂ ਕਾਰਨ ਲੋਕਾਂ ਨੂੰ ਨਰਾਜ਼ ਵੀ ਨਹੀਂ ਕੀਤਾ ਜਾ ਸਕਦਾ ਹੈ। ਉਹ ਜਨਤਕ ਪ੍ਰਤੀਨਿਧੀ ਹਨ ਇਸ ਲਈ ਲੋਕਾਂ ’ਚ ਬੈਠਕੇ ਚਾਹ ਛਕਣ ’ਚ ਕੋਈ ਬੁਰਾਈ ਨਹੀਂ ਹੈ।